India

AIIMS ‘ਤੇ ਨਿਰਭਰ ਹੈ ਸੱਜਣ ਕੁਮਾਰ ਦੀ ਜ਼ਮਾਨਤ ਦਾ ਫੈਸਲਾ

ਚੰਡੀਗੜ੍ਹ- 1984 ਦੇ ਸਿੱਖ ਕਤਲੇਆਮ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕਾਂਗਰਸ ਦੇ ਸਾਬਕਾ ਆਗੂ ਸੱਜਣ ਕੁਮਾਰ ਦੀ ਜ਼ਮਾਨਤ–ਅਰਜ਼ੀ ਉੱਤੇ ਸੁਪਰੀਮ ਕੋਰਟ (SC) ਨੇ ਅੱਜ ਸੁਣਵਾਈ ਕੀਤੀ। ਸਰਬਉੱਚ ਅਦਾਲਤ ਨੇ ਡਾਕਟਰਾਂ ਦੇ ਏਮਜ਼ (AIIMS) ਬੋਰਡ ਨੂੰ ਸੱਜਣ ਕੁਮਾਰ ਦੀ ਜਾਂਚ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ 1984 ਦੇ ਸਿੱਖ ਕਤਲੇਆਮ ਮਾਮਲੇ ਵਿੱਚ ਸੁਣਵਾਈ ਦੌਰਾਨ ਕਿਹਾ ਕਿ ਦੋਸ਼ੀ ਸੱਜਣ ਕੁਮਾਰ ਵੀਰਵਾਰ ਨੂੰ ਏਮਜ਼ ਹਸਪਤਾਲ ਬੋਰਡ ਵਿਚ ਪੇਸ਼ ਹੋਣਗੇ। ਸੁਪਰੀਮ ਕੋਰਟ ਨੇ ਹਸਪਤਾਲ ਅਥਾਰਟੀ ਨੂੰ 7 ਦਿਨਾਂ ਵਿੱਚ ਇੱਕ ਵਿਸਥਾਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸੁਪਰੀਮ ਕੋਰਟ ਨੇ ਕਿਹਾ ਕਿ ਏਮਸ ਬੋਰਡ ਦੀ ਰਿਪੋਰਟ ਦੇ ਆਧਾਰ ’ਤੇ ਸੱਜਣ ਕੁਮਾਰ ਦੀ ਜ਼ਮਾਨਤ–ਅਰਜ਼ੀ ਉੱਤੇ ਕੋਈ ਫ਼ੈਸਲਾ ਸੁਣਾਇਆ ਜਾਵੇਗਾ। ਇਸ ਲਈ ਇਹ ਜਾਣਿਆ ਜਾਵੇਗਾ ਕਿ ਕੀ ਸੱਜਣ ਕੁਮਾਰ ਸੱਚਮੁਚ ਹੀ ਇੰਨਾ ਬੀਮਾਰ ਹੈ ਕਿ ਉਸ ਨੂੰ ਇਲਾਜ ਲਈ ਜਾਂ ਹੋਰ ਦੇਖਭਾਲ ਲਈ ਜ਼ਮਾਨਤ ਦੀ ਲੋੜ ਹੈ। ਚੀਫ਼ ਜਸਟਿਸ ਐਸ.ਏ. ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਜੇ ਏਮਜ਼ ਬੋਰਡ ਨੇ ਕੁਮਾਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਨਾ ਉਚਿਤ ਸਮਝਿਆ ਤਾਂ ਇਹ ਅਜਿਹਾ ਕਰ ਸਕਦਾ ਹੈ। ਸੱਜਣ ਕੁਮਾਰ ਦੀ ਜ਼ਮਾਨਤ ਹੁਣ ਏਮਸ ਦੇ ਡਾਕਟਰਾਂ ਦੀ ਜਾਂਚ ਉੱਤੇ ਨਿਰਭਰ ਹੈ। 73 ਸਾਲਾ ਸੱਜਣ ਕੁਮਾਰ 1984 ਦੇ ਸਿੱਖ ਕਤਲੇਆਮ ਨਾਲ ਸੰਬੰਧਿਤ ਇੱਕ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਸੁਪਰੀਮ ਕੋਰਟ ਨੇ ਹੀ ਸੱਜਣ ਕੁਮਾਰ ਨੂੰ 17 ਦਸੰਬਰ, 2018 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।