Punjab

AGTF ਪੰਜਾਬ ਨੂੰ ਮਿਲੀ ਵੱਡੀ ਸਫਲਤਾ, ਰਾਜਪੁਰਾ ਕਤਲ ਕਾਂਡ ‘ਚ ਗੈਂਗਸਟਰ ਸੁਨੀਲ ਭੰਡਾਰੀ ਸਮੇਤ 5 ਗ੍ਰਿਫਤਾਰ

ਮੁਹਾਲੀ : ਪੰਜਾਬ ਦੇ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੂੰ ਵੱਡੀ ਸਫਲਤਾ ਮਿਲੀ ਹੈ। AGTF ਨੇ ਫ਼ਿਰੋਜ਼ਪੁਰ ਵਿਚ ਹਾਲ ਹੀ ਵਿਚ ਹੋਈਆਂ ਤਿੰਨ ਹੱਤਿਆਵਾਂ ਅਤੇ ਘਿਨਾਉਣੇ ਅਪਰਾਧਾਂ ਦੇ ਕਈ ਮਾਮਲਿਆਂ ਵਿਚ ਲੋੜੀਂਦੇ ਮਾਸਟਰਮਾਈਂਡ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਹੋਏ ਹਨ। ਇਹ ਜਾਣਕਾਰੀ ਖੁਦ ਡੀ.ਜੀ.ਪੀ. ਪੰਜਾਬ ਪੁਲਿਸ ਨੇ ਟਵੀਟ ਕਰਕੇ ਦਿੱਤੀ ਹੈ।

ਡੀ.ਜੀ.ਪੀ. ਗੌਰਵ ਯਾਦਵ ਨੇ ਲਿਖਿਆ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਫ਼ਿਰੋਜ਼ਪੁਰ ਵਿਚ ਹਾਲ ਹੀ ਵਿਚ ਹੋਈਆਂ ਤਿੰਨ ਹੱਤਿਆਵਾਂ ਸਮੇਤ ਘਿਨਾਉਣੇ ਅਪਰਾਧਾਂ ਦੇ ਕਈ ਮਾਮਲਿਆਂ ਵਿਚ ਲੋੜੀਂਦੇ ਮਾਸਟਰਮਾਈਂਡ ਸੁਨੀਲ ਭੰਡਾਰੀ ਉਰਫ਼ ਨਾਟਾ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨਾਟਾ 31 ਜੁਲਾਈ, 2024 ਨੂੰ ਦਿਨ-ਦਿਹਾੜੇ ਹੋਏ ਕਤਲ ਦਾ ਮਾਸਟਰਮਾਈਂਡ ਸੀ।

ਉਨ੍ਹਾਂ ਨੇ ਹੋਰ ਵੇਰਵੇ ਦਿੰਦੇ ਹੋਏ ਦੱਸਿਆ ਕਿ ਇਹ ਗਿਰੋਹ ਦੋ ਐਸ.ਯੂ.ਵੀ. ਕਾਰਾਂ ਵਿਚ ਘੁੰਮ ਰਿਹਾ ਸੀ, ਜਦੋਂ ਸਵੇਰੇ ਨੈਸ਼ਨਲ ਹਾਈਵੇ ਰਾਜਪੁਰਾ ਦੇ ਨੇੜੇ ਗੁਪਤਾ ਸੂਚਨਾ ਮਿਲਣ ਮਗਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਵਿਅਕਤੀਆਂ ਪਾਸੋਂ 40 ਜ਼ਿੰਦਾ ਕਾਰਤੂਸ ਅਤੇ ਦੋ ਵਾਹਨਾਂ ਦੇ ਨਾਲ 5 ਪਿਸਤੌਲ ਵੀ ਬਰਾਮਦ ਕੀਤੇ ਹਨ।