‘ਦ ਖ਼ਾਲਸ ਬਿਊਰੋ:- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਆਰਡੀਨੈਂਸਾਂ ਖਿਲਾਫ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ‘ਤੇ 29 ਅਗਸਤ ਤੱਕ ਨਾਕਾਬੰਦੀ ਧਰਨੇ ਪਿੰਡ-ਪਿੰਡ ਜਾਰੀ ਹਨ। ਅੱਜ ਸੰਗਰੂਰ ਵਿੱਚ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਕਿਸਾਨਾਂ ਨੇ ਟਰੱਕਟਰ ਰੈਲੀ ਕੱਢਦਿਆਂ ਢੋਲਕੀਆਂ ਅਤੇ ਛੈਣੇ ਬਜਾ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵੱਲੋਂ ਇਸ ਵਾਰ ਸ਼ੋਸਲ ਡਿੰਸਟੈਸਿੰਗ ਦਾ ਧਿਆਨ ਜਰੂਰ ਰੱਖਿਆ ਗਿਆ।
ਕਿਸਾਨਾਂ ਦਾ ਕਹਿਣਾ ਕਿ ਜੇਕਰ ਕਿਤੇ ਇਹ ਤਿੰਨ ਖੇਤੀ ਆਰਡੀਨੈਂਸ ਲਾਗੂ ਹੋ ਗਏ ਤਾਂ ਅਸੀ ਬਰਬਾਦ ਹੋ ਜਾਵਾਂਗੇ। ਉਹਨਾਂ ਕਿਹਾ ਕਿ ਜਿਨ੍ਹਾਂ ਚਿਰ ਸਾਡਾ ਇਹ ਮੋਰਚਾ ਲਾਗੂ ਰਹੇਗਾ, ਅਸੀਂ ਉਨ੍ਹਾਂ ਚਿਰ ਕਿਸੇ ਅਕਾਲੀ ਜਾਂ ਬੀ.ਜੇ.ਪੀ ਦੇ ਕਿਸੇ ਵੀ ਲੀਡਰਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਵਾਂਗੇ। ਧਰਨੇ ‘ਤੇ ਬੈਠੇ ਕਿਸਾਨਾਂ ਨੇ ਸਰਕਾਰ ਨੂੰ ਪਰਾਲੀ ਸਾੜਨ ਦੀ ਵੀ ਚਿਤਾਵਨੀ ਦਿੱਤੀ ਹੈ, ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਪਰਾਲੀ ਵੀ ਫੂਕਾਂਗੇ, ਤੁਸੀਂ ਲਾ ਦਿਓ ਜਿਹੜਾ ਸਾਨੂੰ ਫਾਹੇ ਲਾਉਣਾ।
ਜਿਲ੍ਹਾ ਬਠਿੰਡਾ ਦੇ ਮੌੜ ਮੰਡੀ ‘ਚ ਪੈਂਦੇ ਪਿੰਡ ਘੁੰਮਣ ਕਲਾਂ ‘ਚ ਖੇਤੀ ਆਰਡੀਨੈਂਸਾਂ ਖਿਲਾਫ ਧਰਨੇ ‘ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਜਦੋਂ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਪਹੁੰਚੇ ਤਾਂ ਕਿਸਾਨਾਂ ਨੇ ਉਹਨਾਂ ਦੀ ਇੱਕ ਨਹੀਂ ਸੁਣੀ। ਹਾਲਾਂਕਿ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਮੈਂ ਕਿਸਾਨ ਹੋਣ ਦੇ ਨਾਤੇ ਤੁਹਾਡੇ ਕੋਲ ਆਇਆ ਹਾਂ, ਕੋਈ ਸਿਆਸੀ ਲੀਡਰ ਬਣਕੇ ਨਹੀਂ ਆਇਆ। ਪਰ ਕਿਸਾਨ ਆਪਣੇ ਜਿੱਦ ‘ਤੇ ਅੜੇ ਰਹੇ। ਜਗਦੇਵ ਸਿੰਘ ਕਮਾਲੂ ਜਿਵੇਂ ਹੀ ਧਰਨੇ ‘ਤੇ ਪਹੁੰਚੇ, ਉਸੇ ਤਰ੍ਹਾਂ ਬਿਨਾਂ ਬੋਲੇ ਵਾਪਿਸ ਚਲੇ ਗਏ।
ਹਾਲਾਕਿ ਪੰਜਾਬ ਵਿੱਚ ਰੈਲੀਆਂ ਅਤੇ ਪ੍ਰਦਰਸ਼ਨ ਕਰਨ ‘ਤੇ ਪਾਬੰਦੀ ਲਗਾਈ ਹੋਈ ਹੈ ਫਿਰ ਵੀ ਕਿਸੇ ਨਾ ਕਿਸੇ ਜਥੇਬੰਦੀ ਵੱਲੋਂ ਰੋਜ਼ਾਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ।