‘ਦ ਖ਼ਾਲਸ ਬਿਊਰੋ ( ਚੰਡੀਗੜ੍ਹ ) :- ਪੰਜਾਬ ‘ਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਅੱਜ 25 ਸਤੰਬਰ ਨੂੰ “ਪੰਜਾਬ ਬੰਦ” ਦਾ ਸੱਦਾ ਦਿੱਤਾ ਗਿਆ ਹੈ। ਜਿਸ ‘ਤੇ ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਅੱਜ ਸਵੇਰ ਤੋਂ ਹੀ ਸੜਕਾਂ ‘ਤੇ ਆਵਾਜਾਈ ਆਮ ਦੇ ਮੁਕਾਬਲੇ ਕਾਫੀ ਘੱਟ ਨਜ਼ਰ ਆ ਰਹੀ ਸੀ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਪੰਜਾਬ ਭਰ ‘ਚ ਲਗਭਗ 200 ਤੋਂ ਵੱਧ ਥਾਵਾਂ ‘ਤੇ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਖਿਲਾਫ ਰੋਸ ਜਤਾਉਣਗੀਆਂ। ਉਥੇ ਹੀ ਪੰਜਾਬ ‘ਚ ਕਈ ਥਾਵਾਂ ‘ਤੇ ਜ਼ਰੂਰੀ ਵਸਤੂਆਂ ਦੁੱਧ ਅਤੇ ਸਬਜ਼ੀਆਂ ਵੀ ਨਹੀਂ ਆਈਆਂ। ਦੁੱਧ ਕੰਪਨੀਆਂ ਨੇ ਸਪਲਾਈ ਬੰਦ ਰੱਖੀ ਹੈ।
ਮੁੱਖ ਮੰਤਰੀ ਦੀ ਕਿਸਾਨਾਂ ਨੂੰ ਅਪੀਲ
ਉਧਰ ਮੁੱਖਮੰਤਰੀ ਕੈਪਟਨ ਵੱਲੋਂ ਪੰਜਾਬ ਬੰਦ ਮੌਕੇ ਕਿਸਾਨਾਂ ਨੂੰ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਤੇ ਕੋਵਿਡ ਨੇਮਾਂ ਦਾ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਕੈਪਟਨ ਨੇ ਕਿਹਾ ਕਿ ਭਾਵੇਂ ਬਿੱਲਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਵਿੱਚ ਸੂਬਾ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਧਾਰਾ 144 ਦੀ ਉਲੰਘਣਾ ਲਈ ਕੋਈ FIR ਦਰਜ ਨਹੀਂ ਕੀਤੀ ਜਾਵੇਗੀ, ਪਰ ਬੰਦ ਦੌਰਾਨ ਅਮਨ-ਕਾਨੂੰਨ ਵਿੱਚ ਵਿਘਨ ਨਹੀਂ ਪੈਣਾ ਚਾਹੀਦਾ। ਮੁੱਖ ਮੰਤਰੀ ਨੇ ਸਾਵਧਾਨ ਕਰਦਿਆਂ ਕਿਹਾ ਕਿ ਸੂਬਾ ਪਹਿਲਾਂ ਹੀ ਕੋਵਿਡ ਕੇਸਾਂ ਵਿੱਚ ਲਗਾਤਾਰ ਵਾਧੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਹਤਿਆਤ ਵਰਤਣ ਦੇ ਨੇਮਾਂ ਦੀ ਕੋਈ ਵੀ ਉਲੰਘਣਾ ਸਥਿਤੀ ਨੂੰ ਬੇਕਾਬੂ ਕਰ ਸਕਦੀ ਹੈ।
ਕਿਸਾਨ ਜਥੇਬੰਦੀਆਂ ਦਾ ਫੈਸਲਾ
ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਵਿੱਢੇ ਸੰਘਰਸ਼ ਨੂੰ ਲੈ ਕੇ ਕਿਸਾਨ ਆਗੂ ਨੱਛਤਰ ਬੈਦਵਾਨ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਭਾਵੇਂ ਸਿਆਸੀ ਧਿਰਾਂ ਉਨਾਂ ਨੂੰ ਸਮਰਥਨ ਕਰ ਰਹੀਆਂ ਨੇ ਪਰ ਕਿਸਾਨ ਕਿਸੇ ਪਾਰਟੀ ਨੂੰ ਸਮਰਥਨ ਨਹੀਂ ਕਰਨਗੇ। ਇਸਦੇ ਨਾਲ ਹੀ ਉਨਾਂ ਕਿਹਾ ਕਿ ਉਨਾਂ ਦੇ ਧਰਨੇ ‘ਚ ਜੇ ਕੋਈ ਸਿਆਸੀ ਆਗੂ ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਪਾਰਟੀ ਤੋਂ ਵੱਖ ਹੇ ਕੇ ਸ਼ਾਮਿਲ ਹੋ ਸਕਦਾ ਹੈ। ਪਰ ਉਸਨੂੰ ਇਸ ਦੌਰਾਨ ਸਿਆਸਤ ਕਰਨ ਦੀ ਇਜ਼ਾਜ਼ਤ ਨਹੀਂ ਹੋਏਗੀ।
ਅਕਾਲੀ ਦਲ ਕਰੇਗਾ ਚੱਕਾ ਜਾਮ
ਕਿਸਾਨਾਂ ਵੱਲੋਂ ਜਿੱਥੇ ਲੜਾਈ ਹੁਣ ਆਰ-ਪਾਰ ਦੀ ਹੈ ਉਥੇ ਹੀ ਅਕਾਲੀ ਦਲ ਵੱਲੋਂ ਵੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦਿਆਂ ਚੱਕਾ ਜਾਮ ਦੀ ਤਿਆਰੀ ਹੈ। ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਅਕਾਲੀ ਦਲ ਸਵੇਰੇ 11 ਵਜੇ ਤੋਂ 2 ਵਜੇ ਤੱਕ ਪੰਜਾਬ ਭਰ ਚ ਹਰ ਆਗੂ ਆਪੋ-ਆਪਣੇ ਵਿਧਾਨਸਭਾ ਹਲਕੇ ਚ ਚੱਕਾ ਜਾਮ ਕਰੇਗਾ।
ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਵਿੱਢੀ ਲੜਾਈ ‘ਚ ਜਿਥੇ ਪੰਜਾਬ ਦੇ ਲੋਕ, ਸਿਆਸੀ ਆਗੂ ਕਿਸਾਨਾਂ ਦੇ ਹੱਕਾਂ ਲਈ ਅੱਗੇ ਆ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਕਿਸਾਨਾਂ ਨੂੰ ‘ਪੰਜਾਬ ਬੰਦ’ ਦਾ ਸਮਰਥਨ ਦੇ ਰਹੇ ਹਨ। ਅੱਜ ਵੱਖ-ਵੱਖ ਆਪਣੇ -ਆਪਣੇ ਹਲਕੇ ‘ਚ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਆਰ ਨੇਤ ਸਮੇਤ ਕਈ ਗਾਇਕ ਮਾਨਸਾ ‘ਚ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ।