India Punjab

ਕੱਲ੍ਹ ਪੰਜਾਬ ਆਉਣਗੇ ਖੇਤੀਬਾੜੀ ਮੰਤਰੀ, ਰਾਘਵ ਚੱਢਾ ਨੇ ਐਮਪੀ ਫੰਡ ਕੀਤਾ ਜਾਰੀ

ਪੰਜਾਬ ਵਿੱਚ ਲਗਾਤਾਰ ਬਾਰਿਸ਼ ਅਤੇ ਹੜ੍ਹਾਂ ਨੇ 23 ਜ਼ਿਲ੍ਹਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਮੌਸਮ ਵਿਭਾਗ ਨੇ ਅੱਜ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚਿਤਾਵਨੀ ਨਾਲ ਯੈਲੋ ਅਲਰਟ ਜਾਰੀ ਕੀਤਾ ਹੈ। ਬਿਆਸ ਅਤੇ ਸਤਲੁਜ ਦਰਿਆਵਾਂ ਦੇ ਸੰਗਮ ਵਾਲੇ ਹਰੀਕੇ ਹੈੱਡਵਰਕਸ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਬੀਤੀ ਰਾਤ 10 ਵਜੇ 3 ਲੱਖ ਕਿਊਸਿਕ ਪਾਣੀ ਡਾਊਨਸਟ੍ਰੀਮ ਛੱਡਣ ਨਾਲ ਹਾਈ ਫਲੱਡ ਐਲਾਨਿਆ ਗਿਆ, ਜੋ ਸਾਰੀ ਰਾਤ ਜਾਰੀ ਰਿਹਾ। ਅੱਜ ਸਵੇਰੇ 7 ਵਜੇ ਅੱਪਸਟ੍ਰੀਮ ਵਿੱਚ 3 ਲੱਖ 35 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਸੀ, ਜਿਸ ਵਿੱਚੋਂ 3 ਲੱਖ 18 ਹਜ਼ਾਰ ਕਿਊਸਿਕ ਡਾਊਨਸਟ੍ਰੀਮ ਛੱਡਿਆ ਜਾ ਰਿਹਾ ਹੈ। ਇਸ ਨਾਲ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਕਈ ਪਿੰਡ ਪ੍ਰਭਾਵਿਤ ਹੋਣਗੇ।

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀਰਵਾਰ ਨੂੰ ਪੰਜਾਬ ਦਾ ਦੌਰਾ ਕਰਨਗੇ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਉਹ ਰਾਜਪਾਲ ਨਾਲ ਸੂਬੇ ਦੀ ਸਥਿਤੀ ’ਤੇ ਚਰਚਾ ਕਰ ਚੁੱਕੇ ਹਨ।

ਬੁਤਾਲਾ ਡਰੇਨ ਨੇ ਦਰਿਆ ਦਾ ਰੂਪ ਧਾਰ ਲਿਆ ਹੈ, ਜਿਸ ਕਾਰਨ ਨੌਰੰਗਪੁਰ, ਜੋਧੇ, ਗਾਜੀਵਾਲ ਅਤੇ ਬਲਸਰਾਏ ਪਿੰਡਾਂ ਦੀਆਂ ਫਸਲਾਂ ਤਬਾਹ ਹੋ ਗਈਆਂ। ਪਿੰਡ ਵਾਸੀਆਂ ਅਨੁਸਾਰ, ਇਹ ਬਾਰਿਸ਼ ਆਫ਼ਤ ਬਣ ਗਈ ਹੈ, ਜਿਸ ਨਾਲ ਫਸਲਾਂ ਖਰਾਬ ਹੋਈਆਂ ਅਤੇ ਘਰ ਢਹਿ ਰਹੇ ਹਨ।

ਸੰਸਦ ਮੈਂਬਰ ਰਾਘਵ ਚੱਢਾ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਐਮ.ਪੀ. ਐਲ.ਏ.ਡੀ.ਐਸ. ਫੰਡ ਵਿੱਚੋਂ 3.25 ਕਰੋੜ ਰੁਪਏ ਜਾਰੀ ਕੀਤੇ, ਜਿਨ੍ਹਾਂ ਵਿੱਚੋਂ 2.75 ਕਰੋੜ ਗੁਰਦਾਸਪੁਰ ਵਿੱਚ ਸੁਰੱਖਿਆ ਬੰਨ੍ਹਾਂ ਦੀ ਮਜਬੂਤੀ ਅਤੇ 50 ਲੱਖ ਅੰਮ੍ਰਿਤਸਰ ਵਿੱਚ ਰਾਹਤ ਕਾਰਜਾਂ ਲਈ ਹਨ। ਉਨ੍ਹਾਂ ਨੇ ਕਿਹਾ ਕਿ ਹਰ ਰੁਪਿਆ ਪੰਜਾਬ ਦੀ ਸੇਵਾ ਲਈ ਵਰਤਿਆ ਜਾਵੇਗਾ ਅਤੇ ਉਹ ਸੰਸਦ ਵਿੱਚ ਕੇਂਦਰ ਸਰਕਾਰ ਤੋਂ ਵੱਧ ਸਹਾਇਤਾ ਦੀ ਮੰਗ ਕਰਨਗੇ।

ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਫਗਾਨਿਸਤਾਨ ਲਈ ਹਮਦਰਦੀ ਪ੍ਰਗਟ ਕੀਤੀ, ਪਰ ਪੰਜਾਬ ਦੀ ਅਣਦੇਖੀ ਦੁਖਦਾਈ ਹੈ।

17 ਅਗਸਤ ਤੋਂ 1,500 ਪਿੰਡ ਅਤੇ 3 ਲੱਖ ਲੋਕ ਪ੍ਰਭਾਵਿਤ ਹਨ। ਰਾਹਤ ਕਾਰਜ ਜਾਰੀ ਹਨ, ਜਿਸ ਵਿੱਚ NDRF, ਭਾਰਤੀ ਸੈਨਾ ਅਤੇ ਸਥਾਨਕ ਪ੍ਰਸ਼ਾਸਨ ਸ਼ਾਮਲ ਹੈ। ਪੰਜਾਬ ਸਰਕਾਰ ਨੇ ਸਕੂਲ 3 ਸਤੰਬਰ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ 60,000 ਕਰੋੜ ਦੀ ਸਹਾਇਤਾ ਦੀ ਮੰਗ ਕੀਤੀ ਹੈ।