‘ਦ ਖ਼ਾਲਸ ਬਿਊਰੋ:- ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਖੇਤੀ ਕਾਨੂੰਨਾਂ ’ਤੇ ਚਰਚਾ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਪੰਜਾਬ ਵਿਧਾਨ ਸਭਾ ਪਹੁੰਚੇ। ਵਿਧਾਨ ਸਭਾ ਜਾਣ ਤੋਂ ਪਹਿਲਾਂ ਉਨ੍ਹਾਂ ਵਿਧਾਇਕ ਪਰਗਟ ਸਿੰਘ ਨਾਲ ਮੀਟਿੰਗ ਕੀਤੀ। ਸੈਸ਼ਨ ਦੌਰਾਨ ਸਿੱਧੂ, ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲੇ, ਜਦਕਿ ਉਨ੍ਹਾਂ ਹੋਰਨਾਂ ਵਿਧਾਇਕਾਂ ਨਾਲ ਮੁਲਾਕਾਤ ਕੀਤੀ।
ਨਵਜੋਤ ਸਿੰਘ ਸਿੱਧੂ ਜਦੋਂ ਮੰਤਰੀਆਂ ਦੇ ਰਸਤੇ ਤੋਂ ਅੰਦਰ ਦਾਖ਼ਲ ਹੋ ਰਹੇ ਸਨ ਤਾਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਸਿੱਧੂ ਨੂੰ ਮੰਤਰੀਆਂ ਦੇ ਗੇਟ ਤੋਂ ਅੰਦਰ ਨਹੀਂ ਜਾਣ ਦਿੱਤਾ ਗਿਆ। ਫਿਰ ਬਾਅਦ ਵਿੱਚ ਸਿੱਧੂ ਨੂੰ ਵਿਧਾਨਸਭਾ ਦੇ ਦੂਜੇ ਗੇਟ ਤੋਂ ਜਿੱਥੋਂ ਵਿਧਾਇਕ ਅੰਦਰ ਦਾਖ਼ਲ ਹੁੰਦੇ ਹਨ, ਉੱਥੋਂ ਦਾਖ਼ਲ ਹੋਣ ਲਈ ਕਿਹਾ ਗਿਆ। ਵਿਧਾਨਸਭਾ ਦੇ ਅੰਦਰ ਸਿੱਧੂ ਨੂੰ ਪਹਿਲੀ ਲਾਈਨ ਵਿੱਚ ਸੀਟ ਨਹੀਂ ਦਿੱਤੀ ਗਈ, ਸਿੱਧੂ ਨੂੰ ਦੂਜੇ ਕਾਂਗਰਸੀ ਵਿਧਾਇਕਾਂ ਨਾਲ ਪਿੱਛੇ ਸੀਟ ਦਿੱਤੀ ਗਈ ਸੀ।
2019 ਦੀਆਂ ਲੋਕਸਭਾ ਚੋਣਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਵੱਡੇ ਪੱਧਰ ‘ਤੇ ਸਿਆਸੀ ਮਤਭੇਦ ਸਾਹਮਣੇ ਆਏ ਸਨ। ਡੇਢ ਮਹੀਨੇ ਬਾਅਦ ਸਿੱਧੂ ਨੇ ਵਿਭਾਗ ਵਿੱਚ ਹੋਏ ਫੇਰਬਦਲ ਤੋਂ ਬਾਅਦ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤੀ ਸੀ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵਿਧਾਨਸਭਾ ਦੇ ਕਿਸੇ ਵੀ ਸੈਸ਼ਨ ਵਿੱਚ ਨਜ਼ਰ ਨਹੀਂ ਆਏ ਸਨ। ਡੇਢ ਸਾਲ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਜਦੋਂ ਵਿਧਾਨਸਭਾ ਪਹੁੰਚੇ ਤਾਂ ਉਨ੍ਹਾਂ ਦਾ ਅੰਦਰ ਜਾਣ ਦਾ ਰਸਤਾ ਵੀ ਬਦਲ ਗਿਆ ਅਤੇ ਸੀਟ ਵੀ ਬਦਲ ਦਿੱਤੀ ਗਈ।