The Khalas Tv Blog Punjab ਖੇਤੀ ਕਾਨੂੰਨ ਮਾਮਲਾ :- ਲੰਮੀ ਲੜਾਈ ਲਈ ਤਿਆਰ ਰਹਿਣ ਕਿਸਾਨ – ਸਰਵਣ ਸਿੰਘ ਪੰਧੇਰ
Punjab

ਖੇਤੀ ਕਾਨੂੰਨ ਮਾਮਲਾ :- ਲੰਮੀ ਲੜਾਈ ਲਈ ਤਿਆਰ ਰਹਿਣ ਕਿਸਾਨ – ਸਰਵਣ ਸਿੰਘ ਪੰਧੇਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਸਾਡਾ ਰੇਲ ਰੋਕੋ ਅੰਦੋਲਨ 54ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅਸੀਂ 7 ਸਤੰਬਰ ਤੋਂ ਜੇਲ੍ਹ ਭਰੋ ਮੋਰਚਾ ਵੀ ਲਗਾਤਾਰ ਚਲਾ ਰਹੇ ਹਾਂ। ਕਿਸਾਨੀ ਸੰਘਰਸ਼ ਨੂੰ ਤਿੰਨ ਮਹੀਨੇ ਹੋ ਗਏ ਹਨ। ਅੱਜ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਸਾਨੂੰ ਸਾਰਿਆਂ ਨੂੰ ਅਹਿਦ ਕਰਨਾ ਚਾਹੀਦਾ ਹੈ ਕਿ ਅਸੀਂ ਲੁੱਟ ਰਹਿਤ ਸਮਾਜ, ਲੁੱਟ ਰਹਿਤ ਰਾਜ ਪ੍ਰਬੰਧ ਜਾਰੀ ਕਰਨ ਤੱਕ ਆਪਣਾ ਸੰਘਰਸ਼ ਜਾਰੀ ਰੱਖੀਏ।

ਕੋਰੋਨਾ ਦੀ ਆੜ ‘ਚ ਕੇਂਦਰ ਸਰਕਾਰ ਨੇ ਤਿੰਨ ਕਾਲੇ ਖੇਤੀ ਕਾਨੂੰਨ ਲੈ ਕੇ ਆਂਦੇ ਸੀ, ਇਸ ਲਈ ਸਾਨੂੰ ਲੰਮੀ ਲੜਾਈ ਲੜਨੀ ਹੋਵੇਗੀ। ਖੇਤੀ ਮਸਲੇ ਦੀ ਹਾਕਮਾਂ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ, ਇਹ ਆਸ ਲੋਕਾਂ ਤੋਂ ਰੱਖਣੀ ਚਾਹੀਦੀ ਹੈ। ਭਾਰਤ ਦੇ ਕਿਸਾਨ ਅਤੇ ਮਜ਼ਦੂਰਾਂ ਦੇ ਦਬਾਅ ਹੇਠ ਹੀ ਫੈਸਲਾ ਹੋਵੇਗਾ। ਇਸ ਮਸਲੇ ਦਾ ਹੱਲ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਦੇ ਸਿਰ ‘ਤੇ ਹੈ। ਸੋ, ਸਾਰੇ ਲੰਮੀ ਲੜਾਈ ਲਈ ਤਿਆਰ ਰਹੋ ਕਿਉਂਕਿ ਇਹ ਸੰਘਰਸ਼ ਲੰਮਾ ਚੱਲੇਗਾ। ਕੇਂਦਰ ਸਰਕਾਰ ਮਸਲੇ ਨੂੰ ਲਮਕਾਉਣਾ ਚਾਹੁੰਦੀ ਹੈ, ਪਰ ਅਸੀਂ ਕੇਂਦਰ ਦੇ ਦਬਾਅ ਹੇਠ ਆ ਕੇ ਕੋਈ ਫੈਸਲਾ ਨਹੀਂ ਕਰਾਂਗੇ’।

ਪੰਧੇਰ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ।  40-50 ਕਰੋੜ ਰੁਪਏ ਸਰਕਾਰ ਲਈ ਕੋਈ ਵੱਡੀ ਰਕਮ ਨਹੀਂ ਹੈ। ਉਹ ਪੰਜਾਬ ‘ਚ ਖਾਦਾਂ-ਦਵਾਈਆਂ ਪਹੁੰਚਾਏ ਅਤੇ ਜਿਹੜਾ ਵਪਾਰੀਆਂ ਦਾ ਮਾਲ ਫਸਿਆ ਹੈ, ਉਹ ਵੀ ਬਾਹਰ ਭੇਜਣ ‘ਚ ਮਦਦ ਕਰੇ’।

Exit mobile version