‘ਦ ਖ਼ਾਲਸ ਬਿਊਰੋ ( ਫ਼ਾਜ਼ਿਲਕਾ ) :- ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਸੜਕ ‘ਤੇ ਟੌਲ ਪਲਾਜ਼ਾ ਉੱਪਰ ਚੱਲ ਰਹੇ ਧਰਨੇ ਵਿੱਚ ਇੱਕ ਕਿਸਾਨ ਬਲਦੇਵ ਰਾਜ ਦੀ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ, ਜਿਸ ਤੋਂ ਬਾਅਦ ਕਿਸਾਨਾਂ ਅਤੇ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਸੜਕ ‘ਤੇ ਰੱਖ ਕੇ ਧਰਨਾ ਜਾਰੀ ਰੱਖਿਆ ਹੈ। ਕਿਸਾਨਾਂ ਵੱਲੋਂ ਮੰਗ ਰੱਖੀ ਗਈ ਹੈ ਕਿ ਮ੍ਰਿਤਕ ਕਿਸਾਨ ਦੇ ਪਰਵਾਰ ਲਈ ਸਰਕਾਰੀ ਨੌਕਰੀ, ਕਰਜ਼ ਮਾਫ ਕਰਨ ਅਤੇ ਆਰਥਿਕ ਸਹਾਇਤਾ ਦੇਣ ਬਾਅਦ ਹੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਕਿਸਾਨ ਜਥੇਬੰਦੀ ਵੱਲੋਂ ਕਿਹਾ ਗਿਆ ਹੈ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਸਰਕਾਰੀ ਨੌਕਰੀ ਸਰਕਾਰੀ ਕਰਜ਼ਾ ਮੁਆਫ਼ ਕਰਨ ਤੋਂ ਇਲਾਵਾ ਸਰਕਾਰੀ ਸਹਾਇਤਾ ਦਾ ਐਲਾਨ ਕਰੇ।
ਇਸ ਤੇ ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਵਲਾ , SDM ਜਲਾਲਾਬਾਦ ਸੂਬਾ ਸਿੰਘ , ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਨੇ ਧਰਨੇ ਵਾਲੇ ਸਥਾਨ ਤੇ ਪੁੱਜਕੇ ਜਿੱਥੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਉੱਥੇ ਸਰਕਾਰ ਵੱਲੋਂ ਸਹਾਇਤਾ ਦਾ ਭਰੋਸਾ ਵੀ ਦਵਾਇਆ ਹੈ। ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾ ਲਿਆ ਜਾਵੇ।
ਕਿਸਾਨ ਧਰਨੇ ਦੀ ਅਗਵਾਈ ਕਰ ਰਹੇ ਗੁਰਵਿੰਦਰ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸਪੱਸ਼ਟ ਕੀਤਾ ਹੈ ਕਿ ਮੰਗਾਂ ਮੰਨੇ ਜਾਣ ਬਾਅਦ ਹੀ ਪੋਸਟ ਮਾਰਟਮ ਅਤੇ ਅੰਤਿਮ ਸਸਕਾਰ ਦੀ ਕਾਰਵਾਈ ਕੀਤੀ ਜਾਵੇਗੀ ।
ਵਿਧਾਇਕ ਰਮਿੰਦਰ ਸਿੰਘ ਆਂਵਲਾ SDM ਸੂਬਾ ਸਿੰਘ ਅਤੇ ਰਾਣਾ ਸੋਢੀ ਵੱਲੋਂ ਪੁੱਜੇ ਨਸੀਬ ਸੰਧੂ ਵੱਲੋਂ ਕਿਹਾ ਗਿਆ ਹੈ ਕਿ ਚੱਲ ਵੱਸੇ ਕਿਸਾਨ ਦੀ ਪੰਜਾਬ ਸਰਕਾਰ ਹਰ ਸੰਭਵ ਸਹਾਇਤਾ ਕਰੇਗੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵਰਦੇਵ ਸਿੰਘ ਨੋਨੀ ਮਾਨ , ਆਮ ਆਦਮੀ ਪਾਰਟੀ ਹਲਕਾ ਗੁਰੂਹਰਸਹਾਏ ਦੇ ਹਲਕਾ ਇੰਚਾਰਜ ਡਾ. ਮਲਕੀਤ ਥਿੰਦ, ਕਮਿਊਨਿਸਟ ਆਗੂ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਬਗੈਰ ਦੇਰੀ ਕੀਤੇ ਇਸ ਪਰਿਵਾਰ ਲਈ ਸਰਕਾਰੀ ਨੌਕਰੀ ਦੇਣ ਅਤੇ ਹੋਰ ਮੰਗਾਂ ਨੂੰ ਪ੍ਰਵਾਨ ਕਰਨ ਲਈ ਤੁਰੰਤ ਫ਼ੈਸਲਾ ਲਵੇ।