‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਸੰਯੁਕਤ ਆਤਮਾ ਪੰਜਾਬ ਐਸੋਸੀਏਸ਼ਨ (ਸਾਪਾ) ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ 11 ਅਪ੍ਰੈਲ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਭਾਗ ਵਿੱਚ ਚਾਰ ਸੌ ਤੋਂ ਸਾਢੇ ਚਾਰ ਸੌ ਮੁਲਾਜ਼ਮ ਕੰਟਰੈਕਟ ਬੇਸਡ ਭਰਤੀ ਹੋਏ ਹਨ। ਖੇਤੀਬਾੜੀ ਵਿਭਾਗ ਵਿੱਚ 600 ਤੋਂ 700 ਤੱਕ ਅਸਾਮੀਆਂ ਖਾਲੀ ਪਈਆਂ ਹਨ ਜਿਸ ਵਿੱਚ ਸਾਨੂੰ ਸੌਖਾ ਹੀ ਭਰਤੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਅਤੇ ਨਾ ਹੀ Increment ਲੱਗਾ ਹੈ। ਉਨ੍ਹਾਂ ਨੇ ਸਾਲ 2018 ਤੋਂ ਆਪਣਾ ਬਣਦਾ ਬਕਾਇਆ ਦੇਣ ਦੀ ਵੀ ਗੱਲ ਕੀਤੀ ਹੈ।
ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਧਰਨੇ ਨੂੰ ਅੱਜ ਤੀਜਾ ਦਿਨ ਹੋ ਗਿਆ ਹੈ ਪਰ ਆਪ ਸਰਕਾਰ ਵੱਲੋਂ ਸਾਡੇ ਤੱਕ ਪਹੁੰਚ ਨਹੀਂ ਕੀਤੀ ਗਈ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਅੱਜ ਸ਼ਾਮ ਪੰਜ ਵਜੇ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ। ਉਨ੍ਹਾਂ ਨੇ ਧਰਨਾ ਉਦੋਂ ਹੀ ਖਤਮ ਕਰਨ ਦਾ ਦਾਅਵਾ ਕੀਤਾ ਜਦੋਂ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਅਸੀਂ ਸਿਰਫ਼ ਵਿਸ਼ਵਾਸ ਮਿਲਣ ਉੱਤੇ ਹੀ ਧਰਨਾ ਖਤਮ ਨਹੀਂ ਕਰਾਂਗੇ।
ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦੋ ਦਿਨ ਪਹਿਲਾਂ ਪ੍ਰਦਰਸ਼ਨਕਾਰੀਆਂ ਦੀ ਵਿੱਤ ਵਿਭਾਗ ਦੇ ਨਾਲ ਮੀਟਿੰਗ ਕਰਵਾਈ ਸੀ ਅਤੇ ਇਨ੍ਹਾਂ ਦੀਆਂ ਮੰਗਾਂ ਨੂੰ ਮਨਜ਼ੂਰ ਵੀ ਕਰ ਲਿਆ ਗਿਆ ਹੈ। ਗੁਰਵਿੰਦਰ ਸਿੰਘ ਨੇ ਕਿਹਾ ਕਿ ਹਰ ਸਾਲ ਮਾਰਚ-ਅਪ੍ਰੈਲ ਦੋ ਮਹੀਨਿਆਂ ਦੀ ਇਨ੍ਹਾਂ ਤਨਖਾਹ ਲੇਟ ਹੁੰਦੀ ਹੈ ਜੋ ਇਸ ਸਾਲ ਵੀ ਲੇਟ ਹੋਈ ਹੈ ਪਰ ਹਫ਼ਤੇ ਦੇ ਅੰਦਰ ਅੰਦਰ ਇਨ੍ਹਾਂ ਦੀ ਤਨਖਾਹ Increment ਲਾ ਕੇ ਦਿੱਤੀ ਜਾਵੇਗੀ।
ਇਨ੍ਹਾਂ ਦਾ ਸਾਲ 2018 ਤੋਂ ਲੈ ਕੇ ਪੁਰਾਣਾ ਕੁੱਝ ਏਰੀਅਲ ਹੈ, ਜੋ ਵਿੱਤ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਦਾ ਉਹ ਏਰੀਅਲ ਨਹੀਂ ਬਣਦਾ। ਅਸੀਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਇਸ ਮੰਗ ਨੂੰ ਅਸੀਂ ਦੁਬਾਰਾ ਵਿੱਤ ਵਿਭਾਗ ਕੋਲ ਭੇਜਾਂਗੇ ਪਰ ਇਹ ਆਪਣੀ ਗੱਲ ਉੱਤੇ ਅੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਹ ਵਿੱਤ ਵਿਭਾਗ ਕੋਲ ਖੁਦ ਰਾਜ਼ੀ ਹੋਏ ਸਨ ਕਿ ਇਨ੍ਹਾਂ ਦਾ ਕੋਈ ਏਰੀਅਲ ਨਹੀਂ ਬਣਦਾ ਹੈ ਪਰ ਹੁਣ ਇਨ੍ਹਾਂ ਨੇ ਖੁਦ ਹੀ ਤਰਕ ਬਣਾ ਲਿਆ ਹੈ ਕਿ ਇਨ੍ਹਾਂ ਦਾ ਏਰੀਅਲ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਦੀ ਪੱਕੇ ਮੁਲਾਜ਼ਮਾਂ ਵਾਲੀ ਮੰਗ ਵੀ ਵਿੱਤ ਵਿਭਾਗ ਨੂੰ ਭੇਜ ਰਹੇ ਹਾਂ।
ਗੁਰਵਿੰਦਰ ਸਿੰਘ ਨੇ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੂੰ ਵਾਪਸ ਡਿਊਟੀ ਉੱਤੇ ਆਉਣ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ ਨੂੰ ਸਿੱਧੀ ਬਿਜਾਈ ਬਾਰੇ ਜਾਗਰੂਕ ਕੀਤਾ ਜਾਵੇ, ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇ।
ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵੀ ਇਸ ਧਰਨੇ ਵਿੱਚ ਆਏ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਵਿਧਾਨ ਸਭਾ ਵਿੱਚ ਉਨ੍ਹਾਂ ਦੀ ਆਵਾਜ਼ ਚੁੱਕਣ ਦਾ ਵਿਸ਼ਵਾਸ ਦਿਵਾਇਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਵੀ ਇਹ ਮੁੱਦਾ ਲਿਆਉਣ ਦਾ ਦਾਅਵਾ ਕੀਤਾ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰ ਵੱਲੋਂ ਨਵੇਂ ਮੁਲਾਜ਼ਮ ਰੱਖੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਪਹਿਲਾਂ ਇਨ੍ਹਾਂ ਨੂੰ ਪੂਰਾ ਕਿਉਂ ਨਹੀਂ ਕੀਤਾ ਜਾ ਰਿਹਾ। ਇਨ੍ਹਾਂ ਨੂੰ ਤਨਖਾਹਾਂ, ਸਰਕਾਰੀ ਸਹੂਲਤਾਂ, ਡੀਏ ਨਹੀਂ ਦਿੱਤਾ ਜਾ ਰਿਹਾ। ਨਵਿਆਂ ਨੂੰ ਭਰਤੀ ਕਰਕੇ ਪੁਰਾਣਿਆਂ ਨੂੰ ਉਜਾੜਨ ਵਾਲੀ ਗੱਲ ਹੋ ਰਹੀ ਹੈ।
ਟੈੱਟ ਪਾਸ ਥੋੜੀਆਂ ਤਨਖਾਹਾਂ ਉੱਤੇ ਕੰਮ ਕਰ ਰਹੇ ਹਨ। ਕਾਂਸਟੇਬਲ ਦੀ ਭਰਤੀ ਦੀ ਸਾਰੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ, ਉਮੀਦਵਾਰ ਸਿਰਫ਼ ਮੈਡੀਕਲ ਕਰਵਾਉਣ ਦੀ ਉਡੀਕ ਵਿੱਚ ਹਨ। ਪੰਜ ਹਜ਼ਾਰ 400 ਕਾਂਸਟੇਬਲ ਹਨ ਜਿਸ ਵਿੱਚ 33 ਫ਼ੀਸਦ ਲੜਕੀਆਂ ਹਨ। ਪਟਵਾਰੀ, ਜੇਲ੍ਹ ਵਾਰਡਨ, ਕਲਰਕਾਂ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। 26 ਹਜ਼ਾਰ ਵਿੱਚ ਪਹਿਲਾਂ ਉਨ੍ਹਾਂ ਨੂੰ ਲਵੋ ਜੋ ਪਹਿਲਾਂ ਹੀ ਪੰਜਾਬ ਸਰਕਾਰ ਵਿੱਚ ਸੇਵਾ ਕਰ ਚੁੱਕੇ ਹਨ।
ਖਹਿਰਾ ਨੇ ਸਰਕਾਰ ਨੂੰ ਇਨ੍ਹਾਂ ਨੂੰ ਪੱਕਾ ਕਰਨ, ਤਨਖਾਹ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਸਾਡੀ ਸਰਕਾਰ ਨੇ ਇਨ੍ਹਾਂ ਨੂੰ ਪੱਕਾ ਨਹੀਂ ਕੀਤਾ, ਭਰਤੀ ਨਹੀਂ ਕੀਤਾ ਤਾਂ ਲੋਕਾਂ ਨੇ ਵੀ ਤਾਂ ਉਸ ਸਰਕਾਰ ਨੂੰ ਸੱਤਾ ਵਿੱਚੋਂ ਬਾਹਰ ਕੱਢ ਦਿੱਤਾ। ਹੁਣ ਇਹ ਹੀ ਇਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਕੇ ਪੁਰਾਣੀਆਂ ਗਲਤੀਆਂ ਨੂੰ ਦਰੁਸਤ ਕਰੇ।