International

ਅਫ਼ਗਾਨਿਸਤਾਨ ਦਾ ਵੱਡਾ ਐਲਾਨ, 400 ਤਾਲਿਬਾਨੀ ਕੈਦੀਆਂ ਨੂੰ ਕੀਤਾ ਜਾਵੇਗਾ ਰਿਹਾਅ

‘ਦ ਖ਼ਾਲਸ ਬਿਊਰੋ :- ਅਫ਼ਗਾਨਿਸਤਾਨ ਸਰਕਾਰ ਵੱਲੋਂ ਕੱਲ੍ਹ 9 ਅਗਸਤ ਨੂੰ ਹੋਈ ਦੀ ਬੈਠਕ ’ਚ ਸੈਂਕੜੇ ਡੈਲੀਗੇਟਾਂ ਨੇ 400 ਤਾਲਿਬਾਨੀਆਂ ਕੈਦਿਆਂ ਨੂੰ ਰਿਹਾਅ ਕਰਨ ’ਚ ਹਾਮੀ ਭਰੀ ਹੈ। ਜਿਸ ਨਾਲ ਅਫ਼ਗਾਨਿਸਤਾਨ ਦੀਆਂ ਆਪਸ ’ਚ ਲੜ ਰਹੀਆਂ ਜਥੇਬੰਦੀਆਂ ਵਿਚਾਲੇ ਛੇਤੀ ਵਾਰਤਾ ਸ਼ੁਰੂ ਹੋਣ ਦੇ ਆਸਾਰ ਲੱਗ ਰਹੇ ਹਨ।

ਇਸ ਸੰਬੰਧ ‘ਚ ਪਸ਼ਤੋ ਤੇ ਫਾਰਸੀ ’ਚ ਲਿਖੇ ਗਏ ਐਲਾਨਨਾਮੇ ’ਚ ਵਾਰਤਾ ਤੇ ਗੋਲੀਬੰਦੀ ਦੀ ਫੌਰੀ ਸ਼ੁਰੂਆਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਕਦਮ ਨਾਲ ਅਮਰੀਕਾ ਨੂੰ ਵੀ ਆਪਣੀਆਂ ਫ਼ੌਜਾਂ ਅਫ਼ਗਾਨਿਸਤਾਨ ਤੋਂ ਵਾਪਸ ਸੱਦਣ ਦਾ ਮੌਕਾ ਮਿਲ ਜਾਵੇਗਾ। ਹਾਲਾਂਕਿ ਕਾਬੁਲ ਦੀ ਸਿਆਸੀ ਲੀਡਰਸ਼ਿਪ ਤੇ ਤਾਲਿਬਾਨ ਵਿਚਕਾਰ ਗੱਲਬਾਤ ਦੀ ਅਜੇ ਕੋਈ ਤਰੀਕ ਤੈਅ ਨਹੀਂ ਹੋਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਅਗਲੇ ਹਫ਼ਤੇ ਦੇ ਸ਼ੁਰੂ ’ਚ ਇਹ ਕਤਰ ’ਚ ਆਰੰਭ ਹੋ ਸਕਦੀ ਹੈ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਡੈਲੀਗੇਟਾਂ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਤਾਲਿਬਾਨ ਨੂੰ ਲੜਾਈ ਰੋਕਣ ਦੀ ਅਪੀਲ ਕੀਤੀ ਹੈ। ਤਾਲਿਬਾਨ ਦੇ ਸਿਆਸੀ ਤਰਜਮਾਨ ਸੁਹੇਲ ਸ਼ਾਹੀਨ ਨੇ ਫ਼ੈਸਲੇ ਨੂੰ ਹਾਂ-ਪੱਖੀ ਕਦਮ ਦਸਦਿਆਂ ਕਿਹਾ ਕਿ ਕੈਦੀਆਂ ਦੀ ਰਿਹਾਈ ਦੇ ਨਾਲ ਹੀ ਇੱਕ ਹਫ਼ਤੇ ਅੰਦਰ ਵਾਰਤਾ ਸ਼ੁਰੂ ਹੋ ਸਕਦੀ ਹੈ।