India

ਕੇਂਦਰ ਨੇ ਅਸਾਮ ਰਾਈ ਫ਼ਲ ਨੂੰ ਪਾਇਆ ਚੋਗਾ

‘ਦ ਖ਼ਾਲਸ ਬਿਊਰੋ : ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕੇਂਦਰ ਸਰਕਾਰ ਵੱਲੋਂ ਫੌਜ ਦੀ ਭਰਤੀ ਐਲਾਨੀ ਗਈ ਨਵੀਂ ਸਕੀਮ ‘ਅਗਨੀਪਥ’ ਨੂੰ ਲੈ ਕੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸ ਰੋਹ ਨੂੰ ਥੰਮਣ ਲਈ ਕੇਂਦਰ ਸਰਕਾਰ ਨੇ ਅੱਜ ਇੱਕ ਹੋਰ ਐਲਾਨ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਅੱਜ ਅਗਨੀਪਥ ਯੋਜਨਾ ਤਹਿਤ ਸ਼ਾਮਲ ‘ਅਗਨੀਵੀਰ’ ਨੌਜਵਾਨਾਂ ਲਈ ਸੀਆਰਪੀਐੱਫ ਅਤੇ ਅਸਾਮ ਰਾਈਫਲ ਵਿੱਚ 10 ਫ਼ੀਸਦ ਰਾਖਵਾਂਕਰਨ ਦੇਣ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਦੋਹਾਂ ਵਿੱਚ ਸ਼ਾਮਿਲ ਹੋਣ ਲਈ ਗ੍ਰਹਿ ਮੰਤਰਾਲੇ ਵੱਲੋਂ ਤਿੰਨ ਸਾਲ ਦੀ ਉਮਰ ਹੱਦ ਵਿਚ ਛੋਟ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ। ਅਗਨੀਵੀਰ ਦੇ ਪਹਿਲੇ ਬੈਚ ਵਿੱਚ ਇਹ ਛੋਟ ਪੰਜ ਸਾਲ ਤੱਕ ਦੀ ਹੋਵੇਗੀ।

ਇਸ ਯੋਜਨਾ ਦੇ ਵਿਰੋਧ ਵਿੱਚ ਦੇਸ਼ ਵਿੱਚ ਹੋ ਰਹੇ ਮੁਜ਼ਾਹਿਰਆਂ ਤੋਂ ਬਾਅਦ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਘਰ ਇੱਕ ਬੈਠਕ ਬੁਲਾਈ ਗਈ ਸੀ। ਇਸ ਬੈਠਕ ਵਿੱਚ ਤਿੰਨਾਂ ਫੌਜਾਂ ਦੇ ਮੁਖੀ ਮੌਜੂਦ ਸਨ।

ਸੁਪਰੀਮ ਕੋਰਟ ਵਿੱਚ ਵੀ ਪਟੀਸ਼ਨ ਦਰਜ ਕੀਤੀ ਗਈ ਹੈ ਜਿਸ ਦੇ ਮੁਤਾਬਕ ਅਗਨੀਪਥ ਦੇ ਵਿਰੋਧ ਵਿਚ ਹੋਏ ਹਿੰਸਕ ਪ੍ਰਦਰਸ਼ਨਾਂ ਦੀ ਜਾਂਚ ਲਈ ਇੱਕ ਐਸਆਈਟੀ ਗਠਨ ਕਰਨ ਦੀ ਮੰਗ ਕੀਤੀ ਗਈ ਹੈ। ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇੱਕ ਰਿਟਾਇਰਡ ਸੁਪਰੀਮ ਕੋਰਟ ਜੱਜ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਹੋਵੇ ਤਾਂ ਜੋ ਇਸ ਸਕੀਮ ਦਾ ਦੇਸ਼ ਦੀ ਸੁਰੱਖਿਆ, ਆਰਮੀ ‘ਤੇ ਪ੍ਰਭਾਵ ਨੂੰ ਸਮਝਿਆ ਜਾ ਸਕੇ।

ਭਾਰਤ ਦੇ ਕਈ ਸੂਬਿਆਂ ਵਿੱਚ ਜਾਰੀ ਇਹ ਰੋਸ ਮੁਜ਼ਾਹਰੇ ਹਿੰਸਕ ਹੋ ਗਏ ਹਨ। ਬਿਹਾਰ, ਤੇਲੰਗਾਨਾ ਤੋਂ ਉੱਤਰ ਪ੍ਰਦੇਸ਼ ਵਿਚ ਮੁਜ਼ਾ ਹਰਾਕਾਰੀਆਂ ਨੇ ਰੇਲ ਗੱਡੀਆਂ ਨੂੰ ਅੱਗ ਵੀ ਲਗਾ ਦਿੱਤੀ ਹੈ। ਬਹੁਤ ਸਾਰੀਆਂ ਥਾਵਾਂ ਉੱਤੇ ਨੌਜਵਾਨਾਂ ਦੀ ਭੜਕੀ ਭੀੜ ਨੇ ਸੜ੍ਹਕਾਂ ਜਾਮ ਕੀਤੀਆਂ ਹੋਈਆਂ ਹਨ ਅਤੇ ਜਨਤਕ ਜਾਇਦਾਦ ਦੀ ਭੰਨ-ਤੋੜ ਕੀਤੀ ਜਾ ਰਹੀ ਹੈ। ਜਲੰਧਰ ਵਿੱਚ ਪ੍ਰਦਰਸ਼ਨਕਾਰੀ ਨੌਜਵਾਨਾਂ ਨੇ ਪੀਏਪੀ ਚੌਂਕ ਜਾਮ ਕਰ ਦਿੱਤਾ ਜਿਸ ਕਰਕੇ ਵਾਹਨਾਂ ਦੀ ਲੰਬੀ ਕਤਾਰ ਲੱਗ ਗਈ। ਲੁਧਿਆਣਾ ਵਿੱਚ ਵੀ ਰੇਲਵੇ ਸਟੇਸ਼ਨ ‘ਤੇ ਭੰਨ ਤੋੜ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਬਲੀਆ ਵਿੱਚ ਪ੍ਰਸ਼ਾਸਨ ਨੇ ਅਗਲੇ ਦੋ ਮਹੀਨਿਆਂ ਲਈ ਧਾਰਾ 144 ਲਾਗੂ ਕਰ ਦਿੱਤੀ ਹੈ।

ਅਗਨੀਪੱਥ ਸਕੀਮ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਅੱਠ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਈਸਟ ਸੈਂਟਰਲ ਰੇਲਵੇ ਨੇ ਛੇ ਰੇਲਗੱਡੀਆਂ ਪੱਛਮੀ ਬੰਗਾਲ ਤੋਂ ਅਤੇ ਦੋ ਰੇਲਗੱਡੀਆਂ ਬਿਹਾਰ ਤੋਂ ਰੱਦ ਕੀਤੀਆਂ ਹਨ। ਦਾਨਾਪੁਰ ਰੇਲ ਡਿਵੀਜ਼ਨ ਦੇ ਡੀਆਰਐਮ ਪ੍ਰਭਾਤ ਕੁਮਾਰ ਮੁਤਾਬਕ ਬਿਹਾਰ ਵਿੱਚ ਰੋਸ ਪ੍ਰਦਰਸ਼ਨ ਤੋਂ ਬਾਅਦ ਤਕਰੀਬਨ ਦੋ ਸੌ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 50 ਡੱਬੇ ਅਤੇ 5 ਇੰਜਨ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਅਤੇ ਕਈ ਪਲੈਟਫਾਰਮ,ਕੰਪਿਊਟਰ ਅਤੇ ਹੋਰ ਮਸ਼ੀਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਪ੍ਰਦਰਸ਼ਨਕਾਰੀ ਨੌਜਵਾਨਾਂ ਨੇ ਅਗਨੀਪੱਥ ਸਕੀਮ ਦੇ ਖਿਲਾਫ਼ ਅੱਜ ਬਿਹਾਰ ਬੰਦ ਰੱਖਣ ਦੀ ਅਪੀਲ ਵੀ ਕੀਤੀ ਹੈ। ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ ਅਤੇ ਖੱਬੀਆਂ ਪਾਰਟੀਆਂ ਨੇ ਇਸ ਬੰਦ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਭਾਗਲਪੁਰ ਵਿੱਚ ਆਰਜੇਡੀ ਵਰਕਰਾਂ ਵੱਲੋਂ ਪੀਐਮ ਨਰਿੰਦਰ ਮੋਦੀ ਦਾ ਪੁਤਲਾ ਫੂਕਣ ਦੀ ਖ਼ਬਰ ਹੈ। ਬਿਹਾਰ ‘ਚ ਕੈਮੂਰ, ਨਵਾਦਾ, ਜਹਾਨਾਬਾਦ, ਮੁਜ਼ੱਫਰਪੁਰ, ਸਮਸਤੀਪੁਰ, ਆਰਾ, ਲਖੀਸਰਾਏ, ਛਪਰਾ ‘ਚ ਰੇਲ ਗੱਡੀਆਂ ਦੀ ਭੰਨਤੋੜ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

14 ਜੂਨ ਨੂੰ ਭਾਰਤ ਸਰਕਾਰ ਨੇ ਅਗਨੀਪੱਥ ਸਕੀਮ ਦਾ ਐਲ਼ਾਨ ਕੀਤਾ ਸੀ ਜਿਸ ਤਹਿਤ 10 ਲੱਖ ਨੌਜਵਾਨਾਂ ਨੂੰ ਫ਼ੌਜ ਵਿੱਚ ਚਾਰ ਸਾਲਾਂ ਲਈ ਠੇਕੇ ਉੱਤੇ ਭਰਤੀ ਕੀਤਾ ਜਾਣਾ ਹੈ। ਸਰਕਾਰ ਵੱਲੋਂ 30 ਹਜ਼ਾਰ ਮਹੀਨਾ ਤਨਖਾਹ ਮਿੱਥੀ ਗਈ ਹੈ ਜਦਕਿ ਪੈਨਸ਼ਨ ਆਦਿ ਦਾ ਕੋਈ ਲਾਭ ਨਹੀਂ ਮਿਲੇਗਾ।