ਦੇਸ਼ ਦੇ ਖਿਡਾਰੀ ਵਿਦੇਸ਼ਾਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ ਪਰ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ। ਅਜਿਹਾ ਹੀ ਤਾਜਾ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਖੰਨਾ (Khanna) ਦੇ ਨੌਜਵਾਨ ਅਮਰੀਕਾ (America) ਵਿੱਚ ਪੈਰਾ ਵਰਲਡ ਕਰਾਟੇ ਚੈਂਪੀਅਨਸ਼ਿਪ ਜਿੱਤ ਕੇ ਸ਼ਹਿਰ ਪਰਤਿਆ ਪਰ ਉਸ ਦੇ ਸਨਮਾਨ ਨਹੀਂ ਕੀਤਾ ਗਿਆ। ਤਰੁਣ ਸ਼ਰਮਾ ਨੇ ਅੰਤਰਰਾਸ਼ਟਰੀ ਪੈਰਾ ਕਰਾਟੇ ਚੈਂਪੀਅਨਸ਼ਿਪ ਜਿੱਤੀ ਹੈ ਪਰ ਉਸ ਨੂੰ ਸਰਕਾਰ ਨੇ ਕੋਈ ਸਰਕਾਰੀ ਸਨਮਾਨ ਨਹੀਂ ਦਿੱਤਾ। ਜਿਸ ਤੋਂ ਬਾਅਦ ਖਿਡਾਰੀ ਤਰੁਣ ਸ਼ਰਮਾ ਨੇ ਪੰਜਾਬ ਸਰਕਾਰ ਖਿਲਾਫ ਗੁੱਸਾ ਜ਼ਾਹਿਰ ਕੀਤਾ ਹੈ।
ਅਮਰੀਕਾ ‘ਚ ਜਿੱਤ ਦਾ ਝੰਡਾ ਲਹਿਰਾਉਣ ਵਾਲੇ ਤਰੁਣ ਨੂੰ ਆਸ ਸੀ ਕਿ ਸ਼ਹਿਰ ਪੁੱਜਣ ‘ਤੇ ਉਸ ਦਾ ਸਨਮਾਨ ਕੀਤਾ ਜਾਵੇਗਾ। ਪਰ ਜਦੋਂ ਤਰੁਣ ਬੱਸ ਸਟੈਂਡ ‘ਤੇ ਉਤਰਿਆ ਤਾਂ ਉਸ ਨੂੰ ਕੋਈ ਸਨਮਾਨ ਨਹੀਂ ਮਿਲਿਆ। ਤਰੁਣ ਦੇ ਕੁਝ ਦੋਸਤ ਹੀ ਉਸ ਨੂੰ ਲੈਣ ਆਏ ਸਨ।
ਤਰੁਣ ਸ਼ਰਮਾ ਨੇ ਦੱਸਿਆ ਕਿ ਉਹ ਪੈਰਾ ਕਰਾਟੇ ਖਿਡਾਰੀ ਹੈ। ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹ ਆਪਣੇ ਪਿਤਾ ਨਾਲ ਸਬਜ਼ੀ ਦੀ ਦੁਕਾਨ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਹੁਣ ਉਹ ਖੁਦ ਰੇਹੜੀ ਲਗਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ। ਉਸ ਨੇ ਕਈ ਵਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਉਹ ਲੰਬੇ ਸਮੇਂ ਤੋਂ ਸਰਕਾਰ ਕੋਲ ਨੌਕਰੀ ਲਈ ਤਰਲੇ ਕਰ ਰਿਹਾ ਹੈ। ਉਸ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਦਦ ਨਹੀਂ ਮਿਲੀ। ਆਪਣੇ ਖੇਡ ਜਨੂੰਨ ਨੂੰ ਪੂਰਾ ਕਰਨ ਲਈ ਤਰੁਣ ਨੇ ਆਪਣਾ ਘਰ ਵੀ ਗਿਰਵੀ ਰੱਖ ਲਿਆ ਹੈ। ਉਸ ਉੱਤੇ 12 ਲੱਖ ਰੁਪਏ ਦਾ ਕਰਜ਼ਾ ਹੈ। ਇਸ ਵਾਰ ਵੀ ਉਹ ਆਪਣੀ ਆਰਥਿਕ ਮਦਦ ਨਾਲ ਖੇਡਣ ਅਮਰੀਕਾ ਗਿਆ ਸੀ। ਇੰਨੀ ਗਰੀਬੀ ਸੀ ਕਿ ਖੰਨਾ ਦਿੱਲੀ ਤੋਂ ਬੱਸ ਰਾਹੀਂ ਪਰਤਿਆ।
ਤਰੁਣ ਨੇ ਕਿਹਾ ਕਿ ਉਸ ਨੇ ਪਿਛਲੇ ਸਾਲ ਵੀ ਦੂਜੀ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਤਰਫੋਂ ਹਿੱਸਾ ਲੈਣ ਲਈ ਮਲੇਸ਼ੀਆ ਗਿਆ ਸੀ। ਇਸ ਚੈਂਪੀਅਨਸ਼ਿਪ ਵਿੱਚ 43 ਦੇਸ਼ਾਂ ਦੇ ਖਿਡਾਰੀ ਪੁੱਜੇ ਸਨ। ਭਾਰਤ ਦੇ ਦੋ ਹੀ ਖਿਡਾਰੀ ਸਨ, ਇੱਕ ਤਰੁਣ ਸ਼ਰਮਾ ਅਤੇ ਦੂਜਾ ਦਿੱਲੀ ਦਾ ਸੀ। ਤਰੁਣ ਨੇ ਕਿਹਾ ਕਿ ਉਸ ਨੇ ਆਪਣੀ ਮਲੇਸ਼ੀਆ ਵਿੱਚਕਾਂਸੀ ਦਾ ਤਗਮਾ ਜਿੱਤਿਆ ਸੀ ਉਸ ਨੂੰ ਉਸ ਸਮੇਂ ਵੀ ਕੋਈ ਮਾਨ ਸਨਮਾਨ ਨਹੀਂ ਮਿਲਿਆ ਸੀ।
ਇਹ ਵੀ ਪੜ੍ਹੋ – ਕਿਸਾਨ ਦਾ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਜਾਰੀ, ਕੇਂਦਰੀ ਲੀਡਰ ਦਾ ਬਾਘਾ ਪੁਰਾਣਾ ‘ਚ ਕੀਤਾ ਵਿਰੋਧ