‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਆਕਸੀਜਨ, ਟੈਂਕਰਾਂ, ਕਰੋਨਾ ਵੈਕਸੀਨ ਅਤੇ ਜ਼ਰੂਰੀ ਦਵਾਈਆਂ ਦੀ ਲੋੜੀਂਦੀ ਸਪਲਾਈ ਲਈ ਕੇਂਦਰ ਸਰਕਾਰ ਉੱਤੇ ਦਬਾਅ ਬਣਾਉਣ ਦੀ ਤਾਕੀਦ ਕੀਤੀ ਹੈ ਤਾਂ ਜੋ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਸੂਬੇ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕੀਤਾ ਜਾ ਸਕੇ।
ਕੈਪਟਨ ਨੇ ਸੰਸਦ ਮੈਂਬਰਾਂ ਨੂੰ ਕੀ ਕਿਹਾ
- ਕੈਪਟਨ ਨੇ ਸੰਸਦ ਮੈਂਬਰਾਂ ਨੂੰ ਸੂਬੇ ਦੇ ਆਕਸੀਜਨ ਕੋਟੇ ਨੂੰ ਵਧਾਉਣ ਅਤੇ ਰੋਜ਼ਾਨਾ ਪੂਰਾ 195 ਮੀਟਰਿਕ ਟਨ ਅਲਾਟ ਕੋਟਾ ਚੁੱਕਣ ਲਈ ਪਹਿਲ ਦੇ ਆਧਾਰ ‘ਤੇ ਵਾਧੂ ਟੈਂਕਰਾਂ ਨੂੰ ਭੇਜਣ ਲਈ ਭਾਰਤ ਸਰਕਾਰ ਨੂੰ ਪ੍ਰੇਰਿਤ ਕਰਨ ਦੀ ਗੱਲ ਆਖੀ ਹੈ।
- ਕੈਪਟਨ ਨੇ ਕਿਹਾ ਕਿ ਕੋਵਿਡ ਖਿਲਾਫ ਜੰਗ ਵਿੱਚ ਜ਼ਰੂਰੀ ਲੋੜੀਂਦੀ ਸਪਲਾਈ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ।
- ਕੇਂਦਰ ਸਰਕਾਰ ਭਾਜਪਾ ਸਾਸ਼ਿਤ ਗੁਆਂਢੀ ਸੂਬੇ ਹਰਿਆਣਾ ਨੂੰ ਪੰਜਾਬ ਨਾਲੋਂ ਵੱਧ ਆਕਸੀਜਨ ਕੋਟਾ ਅਤੇ ਹੋਰ ਟੈਂਕਰ ਦੇ ਰਹੀ ਹੈ।
- ਕੈਪਟਨ ਨੇ ਕਿਹਾ ਕਿ ਆਕਸੀਜਨ, ਟੈਂਕਰਾਂ, ਵੈਕਸੀਨ ਅਤੇ ਦਵਾਈਆਂ ਦੀ ਘਾਟ ਤੋਂ ਇਲਾਵਾ ਸੂਬਾ ਵੈਂਟੀਲੇਟਰ ਫਰੰਟ ਉੱਤੇ ਵੀ ਜੂਝ ਰਿਹਾ ਹੈ ਕਿਉਂਕਿ ਭਾਰਤ ਸਰਕਾਰ ਵੱਲੋਂ ਪ੍ਰਾਪਤ 809 ਵੈਂਟੀਲੇਟਰਾਂ ਵਿੱਚੋਂ 108 ਨੂੰ ਸਥਾਪਤ ਕਰਨ ਲਈ ਕੋਈ ਵੀ ਬੀ.ਈ.ਐਲ. ਇੰਜਨੀਅਰ ਨਹੀਂ ਹੈ।
- ਕੈਪਟਨ ਨੇ ਕਿਹਾ ਕਿ ਸੂਬੇ ਵੱਲੋਂ ਕਈ ਵਾਰ ਕੇਂਦਰ ਸਰਕਾਰ ਨੂੰ ਸੂਬੇ ਵਿੱਚ ਆਕਸੀਜਨ ਸਿਲੰਡਰ ਅਤੇ ਕਰੋਨਾ ਵੈਕਸੀਨ ਦੀ ਸਪਲਾਈ ਕਰਨ ਦੀ ਬੇਨਤੀ ਕੀਤੀ ਗਈ ਹੈ ਪਰ ਇਸਦੇ ਬਾਵਜੂਦ ਵੀ ਸੂਬਾ ਲੋੜੀਂਦੀ ਆਕਸੀਜਨ ਦੀ ਘਾਟ ਨਾਲ ਜੂਝ ਰਿਹਾ ਹੈ।
- ਸੂਬੇ ਨੂੰ ਆਪਣੀਆਂ ਮੌਜੂਦਾ ਲੋੜਾਂ ਪੂਰੀਆਂ ਕਰਨ ਲਈ 195 ਮੀਟਰਿਕ ਟਨ ਦਾ ਕੋਟਾ ਕਾਫੀ ਨਹੀਂ ਹੈ।
- ਟੈਂਕਰਾਂ ਦੀ ਘਾਟ ਕਾਰਨ ਇਸ ਕੋਟੇ ਵਾਲੀ ਆਕਸੀਜਨ ਦੀ ਵੀ ਪੂਰੀ ਤਰ੍ਹਾਂ ਲਿਫਟਿੰਗ ਨਹੀਂ ਕੀਤੀ ਜਾ ਸਕੀ।
- ਸੂਬੇ ਦਾ ਇਸ ਸਮੇਂ ਨੇੜਲੇ ਸਰੋਤਾਂ (ਦੇਹਰਾਦੂਨ, ਪਾਣੀਪਤ, ਰੁੜਕੀ) ਵੱਲ 120 ਮੀਟਰਿਕ ਟਨ ਦਾ ਬੈਕਲਾਗ ਪਿਆ ਹੈ।
- ਮੌਜੂਦਾ ਸਥਿਤੀ ਬਹੁਤ ਗੰਭੀਰ ਹੈ ਅਤੇ ਪੰਜਾਬ ਇਸ ਸਮੇਂ 12 ਘੰਟਿਆਂ ਦੇ ਆਕਸੀਜਨ ਸਪਲਾਈ ਚੱਕਰ ਦਾ ਪ੍ਰਬੰਧ ਕਰ ਰਿਹਾ ਹੈ।
- ਸੂਬਾ ਸਰਕਾਰ ਕਰੋਨਾ ਵੈਕਸੀਨ ਦੀ ਉਪਲੱਬਧਤਾ ਨੂੰ ਤੇਜ਼ ਕਰਨ ਲਈ ਕੇਂਦਰ ਸਰਕਾਰ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੋਵਾਂ ਨਾਲ ਲਗਾਤਾਰ ਰਾਬਤਾ ਬਣਾ ਰਹੀ ਹੈ।
ਸੂਬੇ ਨੇ 650 ਸ਼ੀਸ਼ੀਆਂ ਦੀ ਮੰਗ ਕੀਤੀ ਸੀ ਪਰ ਸ਼ੁਰੂਆਤੀ ਪੜਾਅ ਵਿੱਚ ਸਿਰਫ 200 ਹੀ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਵੰਡ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਕੀਤੀ ਗਈ ਹੈ।
- ਕੈਪਟਨ ਨੇ ਕਿਹਾ ਕਿ ਰੈਮਡੈਸੀਵਰ ਦੀ ਸਪਲਾਈ ਬਹੁਤ ਘੱਟ ਹੈ ਕਿਉਂਕਿ ਸੂਬੇ ਨੂੰ ਅਲਾਟ ਕੀਤੀਆਂ 50,000 ਸ਼ੀਸ਼ੀਆਂ ਦੀ ਸਪਲਾਈ ਬਹੁਤ ਹੌਲੀ ਹੈ।
ਸੰਸਦ ਮੈਂਬਰਾਂ ਨੇ ਕੀ ਵਾਅਦਾ ਕੀਤਾ
ਦੋਵੇਂ ਸਦਨਾਂ ਦੇ ਸੰਸਦ ਮੈਂਬਰਾਂ ਨੇ ਇਸ ਮਾਮਲੇ ਉੱਤੇ ਗੰਭੀਰਤਾ ਜ਼ਾਹਿਰ ਕਰਦਿਆਂ ਵਾਅਦਾ ਕੀਤਾ ਕਿ ਉਨ੍ਹਾਂ ਦੇ ਐਮ.ਪੀ.ਲੈੱਡ ਫੰਡ ਦੀ ਵਰਤੋਂ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਉਤਪਾਦਨ ਪਲਾਂਟ ਸਥਾਪਤ ਕਰਨ ਲਈ ਕੀਤੀ ਜਾਵੇਗੀ ਤਾਂ ਜੋ ਪੰਜਾਬ ਵਿੱਚ ਇਲਾਜ ਲਈ ਗੁਆਂਢੀ ਸੂਬਿਆਂ ਤੋਂ ਮਰੀਜ਼ਾਂ ਦੇ ਆਉਣ ਕਾਰਨ ਸੂਬੇ ਵਿੱਚ ਮਰੀਜ਼ਾਂ ਦੇ ਵੱਧ ਭਾਰ ਪੈਣ ਦੀ ਸਥਿਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਪੂਰਤੀ ਕੀਤੀ ਜਾ ਸਕੇ। ਟੀਕਾਕਰਨ ਦੇ ਸਬੰਧ ਵਿੱਚ ਸੰਸਦ ਮੈਂਬਰਾਂ ਨੇ ਭਾਰਤ ਸਰਕਾਰ ਵੱਲੋਂ ਵਾਰ-ਵਾਰ ਟੀਕਿਆਂ ਦੀ ਸਪਲਾਈ ਵਿੱਚ ਦੇਰੀ ਅਤੇ ਘੱਟ ਸਪਲਾਈ ਕਰਨ ‘ਤੇ ਚਿੰਤਾ ਪ੍ਰਗਟਾਈ ਹੈ।