ਬਰੇਲੀ : ਵਿਆਹ ਨੂੰ ਅਕਸਰ ਦੋ ਪਰਿਵਾਰਾਂ ਤੇ ਰੂਹਾਂ ਦਾ ਮਿਲਾਪ ਮੰਨਿਆ ਜਾਂਦਾ ਹੈ। ਕਿਸੇ ਵੀ ਇਨਸਾਨ ਦੀ ਜਿੰਦਗੀ ਵਿੱਚ ਇਹ ਮੌਕਾ ਖਾਸ ਹੁੰਦਾ ਹੈ ਪਰ ਕਈ ਵਾਰ ਇਸ ਨਾਲ ਕੁਝ ਅਜਿਹੀਆਂ ਗੱਲਾਂ ਜੁੜ ਜਾਂਦੀਆਂ ਹਨ ਜੋ ਸਾਰੀ ਉਮਰ ਯਾਦ ਰਹਿੰਦੀਆਂ ਹਨ।
ਅਜਿਹਾ ਹੀ ਕੁਝ ਵਾਪਰਿਆ ਹੈ ਉੱਤਰ ਪ੍ਰਦੇਸ਼ ਦੇ ਸ਼ਹਿਰ ਬਰੇਲੀ ‘ਚ, ਜਿੱਥੇ ਲਾੜੇ ਵਲੋਂ ਵਿਆਹ ਕਰਵਾਉਣ ਤੋਂ ਟਾਲਮਟੋਲ ਕਰਨ ਤੋਂ ਬਾਅਦ ਲਾੜੀ ਵਲੋਂ ਉਸ ਦਾ ਪਿੱਛਾ ਕਰ ਕੇ ਤੇ ਵਾਪਸ ਲਿਆ ਮਿਥੇ ਗਏ ਸਮੇਂ ‘ਤੇ ਵਿਆਹ ਨੂੰ ਨੇਪਰੇ ਚਾੜਿਆ ਗਿਆ।
ਅਸਲ ਵਿੱਚ ਲੜਕੀ ਅਤੇ ਸੰਬੰਧਿਤ ਨੌਜਵਾਨ ਵਿਚਕਾਰ ਪਿਛਲੇ ਢਾਈ ਸਾਲਾਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਤੇ ਦੋਵਾਂ ਨੇ ਵਿਆਹ ਕਰਨ ਦਾ ਮਨ ਵੀ ਬਣਾ ਲਿਆ । ਦੋਵਾਂ ਦੀ ਸਹਿਮਤੀ ਨਾਲ ਵਿਆਹ ਦੀ ਤਰੀਕ ਵੀ ਤੈਅ ਹੋ ਗਈ। ਇਸ ਐਤਵਾਰ ਨੂੰ ਭੂਤੇਸ਼ਵਰ ਨਾਥ ਮੰਦਰ ‘ਚ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਵਿਆਹ ਕਰਵਾਉਣ ਦੀਆਂ ਸਾਰੀਆਂ ਤਿਆਰੀਆਂ ਵੀ ਕਰ ਲਈਆਂ ਗਈਆਂ ਸਨ। ਇਕ ਪਾਸੇ ਲੜਕੀ ਸੋਲ੍ਹਾਂ ਸਜਾ ਕੇ ਲਾੜੀ ਬਣ ਕੇ ਮੰਡਪ ‘ਚ ਲਾੜੇ ਦਾ ਇੰਤਜ਼ਾਰ ਕਰ ਰਹੀ ਸੀ ਪਰ ਇਸ ਦੌਰਾਨ ਮੁੰਡੇ ਨੇ ਕਿਸੇ ਗੱਲ ਨੂੰ ਲੈ ਕੇ ਆਪਣਾ ਮਨ ਬਦਲ ਲਿਆ ਅਤੇ ਲੜਕੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਇਸ ਬਾਰੇ ਪਤਾ ਲਾੜੀ ਨੂੰ ਪਤਾ ਲੱਗਾ ਤਾਂ ਲਾੜੀ ਨੇ ਉਸ ਨਾਲ ਗੱਲਬਾਤ ਕੀਤੀ। ਜਿਸ ਦੌਰਾਨ ਨੌਜਵਾਨ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਉਹ ਆਪਣੀ ਮਾਂ ਨੂੰ ਲੈਣ ਬਦਾਯੂੰ ਜਾ ਰਿਹਾ ਹੈ।
ਇਸ ਗੱਲ ਬਾਰੇ ਪਤਾ ਲਗਣ ‘ਤੇ ਲੜਕੀ ਨੂੰ ਵੀ ਸ਼ੱਕ ਹੋਇਆ ਕਿ ਉਹ ਵਿਆਹ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਸੁਣ ਕੇ ਉਸ ਨੇ ਮੁੰਡੇ ਦਾ ਪਿੱਛਾ ਕੀਤਾ ਤੇ ਬਰੇਲੀ ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੂਰ ਭਮੋਰਾ ਥਾਣੇ ਦੇ ਸਾਹਮਣੇ ਉਸ ਨੂੰ ਬੱਸ ਵਿੱਚ ਹੀ ਘੇਰ ਲਿਆ। ਕਰੀਬ 2 ਘੰਟੇ ਤੱਕ ਉਥੇ ਡਰਾਮਾ ਹੁੰਦਾ ਰਿਹਾ। ਇਹ ਸਭ ਦੇਖਣ ਲਈ ਉੱਥੇ ਲੋਕਾਂ ਦੀ ਵੀ ਭੀੜ ਇਕੱਠੀ ਹੋ ਗਈ, ਫਿਰ ਬਾਅਦ ‘ਚ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੋਈ, ਬਜ਼ੁਰਗਾਂ ਨੇ ਸਮਝੌਤਾ ਕਰ ਲਿਆ ਅਤੇ ਦੋਹਾਂ ਦਾ ਵਿਆਹ ਭਮੋਰਾ ਦੇ ਮੰਦਰ ‘ਚ ਹੀ ਹੋਇਆ।