ਹਰਿਆਣਾ ਦੇ ਚਰਖੀਦਾਦਰੀ ਵਿੱਚ ਇੱਕ ਮੱਝ ਦੀ ਮੌਤ ਤੋਂ ਬਾਅਦ ਮਾਲਕ ਨੇ ਉਸ ਦਾ ਭੋਗ ਪਾਇਆ। ਮੱਝ ਦੇ ਭੋਗ ਸਮਾਗਮ ਉੱਤੇ ਪੂਰੇ ਪਿੰਡ ਨੂੰ ਸੱਦਿਆ। ਇਸ ਵਿੱਚ ਦੇਸੀ ਘਿਓ ਤੋਂ ਬਣਿਆ ਸੁਆਦਲਾ ਭੋਜਨ ਵਰਤਾਇਆ ਗਿਆ। ਪਰਿਵਾਰ ਨੇ ਦੱਸਿਆ ਕਿ ਸਾਡੀਆਂ ਤਿੰਨ ਪੀੜ੍ਹੀਆਂ ਨੇ ਇਸ ਮੱਝ ਦਾ ਦੁੱਧ ਪੀਤਾ ਹੈ। ਇਸ ਦੇ ਆਉਣ ਤੋਂ ਬਾਅਦ ਪਰਿਵਾਰ ਅਮੀਰ ਹੋ ਗਿਆ। ਅਸੀਂ ਭੋਗ ਰਾਹੀਂ ਇਸ ਦਾ ਕਰਜ਼ਾ ਚੁਕਾਉਣ ਦੀ ਕੋਸ਼ਿਸ਼ ਕੀਤੀ।
ਪਿੰਡ ਚਰਖੀ ਦੇ ਪਸ਼ੂ ਪਾਲਕ ਸੁਖਬੀਰ ਨੇ ਦੱਸਿਆ ਕਿ ਉਸ ਦੇ ਪਿਤਾ ਰਿਸਾਲ ਸਿੰਘ ਦੇ ਘਰ ਇੱਕ ਮੱਝ ਨੇ ਜਨਮ ਲਿਆ ਸੀ। ਹੁਣ 29 ਸਾਲ ਬਾਅਦ ਮੱਝ ਦੀ ਮੌਤ ਹੋ ਗਈ ਹੈ। ਮੱਝ ਪਰਿਵਾਰ ਲਈ ਖ਼ੁਸ਼ਕਿਸਮਤ ਸਾਬਤ ਹੋਈ। ਸਾਰੇ ਉਸ ਨੂੰ ਪਰਿਵਾਰ ਦਾ ਮੈਂਬਰ ਸਮਝਦੇ ਸਨ। ਇਸ ਲਈ ਉਸ ਦੇ ਕਿਰਿਆ-ਕਰਮ ਦੀਆਂ ਅੰਤਿਮ ਰਸਮਾਂ ਵੀ ਨਿਭਾਈਆਂ ਗਈਆਂ।
ਸੁਖਬੀਰ ਨੇ ਕਿਹਾ ਕਿ ਇਸ ਮੱਝ ਦਾ ਸਾਡੀਆਂ ਪੀੜ੍ਹੀਆਂ ਦੇ ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਨੇ ਦੁੱਧ ਪੀਤਾ। ਇਸ ਤੋਂ ਇਲਾਵਾ ਅਸੀਂ ਇਸ ਕਾਰਨ ਪੈਸੇ ਵੀ ਕਮਾਏ, ਜਿਸ ਵਿੱਚ ਦੁੱਧ ਦੇ ਨਾਲ-ਨਾਲ ਇਸ ਤੋਂ ਪੈਦਾ ਹੋਈ ਕੱਟੀ ਨੂੰ ਤਿਆਰ ਕਰਕੇ ਅੱਗੇ ਵੇਚਣ ਵਿੱਚ ਮੁਨਾਫ਼ਾ ਹੋਇਆ।
ਸੁਖਬੀਰ ਨੇ ਦੱਸਿਆ ਕਿ ਉਹ ਇਸ ਮੱਝ ਨੂੰ ਲਾਡਲੀ ਕਹਿ ਕੇ ਬੁਲਾਉਂਦੇ ਸਨ। ਇਸ ਨੇ 24 ਵਾਰ ਕੱਟੀ ਜੰਮ ਦੇ ਕੇ ਰਿਕਾਰਡ ਬਣਾਇਆ ਹੈ। ਇਹ ਕੱਟੀਆਂ ਅੱਜ ਵੀ ਚਰਖੀ ਪਿੰਡ ਦੇ ਪਸ਼ੂ ਪਾਲਕਾਂ ਕੋਲ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਚੰਗਾ ਦੁੱਧ ਵੀ ਮਿਲ ਰਿਹਾ ਹੈ।
ਇਸ ਦਾਅਵਤ ਪ੍ਰੋਗਰਾਮ ਵਿੱਚ ਐਂਟਰੀ ’ਤੇ ਮੱਝ ਦੀ ਹਾਰ ਵਾਲੀ ਫ਼ੋਟੋ ਵੀ ਰੱਖੀ ਗਈ, ਜਿਸ ਵਿੱਚ ਲੋਕਾਂ ਨੇ ਆ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਪ੍ਰੋਗਰਾਮ ਵਿੱਚ ਪਿੰਡ ਵਾਲਿਆਂ ਅਤੇ ਰਿਸ਼ਤੇਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਜਿਨ੍ਹਾਂ ਨੇ ਪਸ਼ੂ ਪਾਲਕ ਸੁਖਬੀਰ ਦੇ ਮੱਝਾਂ ਪ੍ਰਤੀ ਪਿਆਰ ਦੀ ਭਰਪੂਰ ਸ਼ਲਾਘਾ ਕੀਤੀ।
ਸੁਖਬੀਰ ਵੱਲੋਂ ਆਯੋਜਿਤ ਮੱਝਾਂ ਦੇ ਸੰਸਕਾਰ ਦੀ ਦਾਵਤ ਵਿੱਚ ਕਈ ਸੁਆਦੀ ਪਕਵਾਨ ਰੱਖੇ ਗਏ ਸਨ, ਜਿਸ ਵਿੱਚ ਜਲੇਬੀ, ਗੁਲਾਬ ਜਾਮੁਨ, ਲੱਡੂ, ਗੋਲਗੱਪਾ, ਪੂੜੀ-ਸਬਜ਼ੀ, ਸਲਾਦ ਅਤੇ ਰਾਇਤਾ ਵੀ ਸ਼ਾਮਲ ਸੀ। ਅੰਤਿਮ ਸੰਸਕਾਰ ਦੌਰਾਨ ਦੇਸੀ ਘਿਓ ਵਿੱਚ ਲੱਡੂ, ਜਲੇਬੀ, ਗੁਲਾਬ-ਜਾਮੁਨ ਵਰਗੀਆਂ ਵਸਤੂਆਂ ਤਿਆਰ ਕੀਤੀਆਂ ਗਈਆਂ। ਕਿਸਾਨ ਨੇ ਦੱਸਿਆ ਕਿ ਇਸ ਸੰਸਕਾਰ ਦੀ ਦਾਵਤ ਦੌਰਾਨ ਇਸ ਪ੍ਰੋਗਰਾਮ ਵਿੱਚ ਚਾਰ ਸੌ ਲੋਕਾਂ ਨੇ ਸ਼ਮੂਲੀਅਤ ਕੀਤੀ।