Punjab

ਸੜਕਾਂ ‘ਤੇ ਉੱਤਰਿਆ ਪ੍ਰਸ਼ਾਸਨ ਵੱਲੋਂ ਉਜਾੜੇ ਗਏ ਲੋਕਾਂ ਦਾ ਗੁੱਸਾ, ਆਹ ਸ਼ਹਿਰ ਕਰ ਦਿੱਤਾ ਜਾਮ

ਜਲੰਧਰ : ਜਲੰਧਰ ਸ਼ਹਿਰ ਦੀ ਲਤੀਫਪੁਰਾ ਬਸਤੀ ਵਿੱਚ ਘਰਾਂ ਦੇ ਢਹਿ ਢੇਰੀ ਹੋਣ ਤੋਂ ਬਾਅਦ ਉਥੋਂ ਦੇ ਵਸਨੀਕਾਂ ਨੇ ਅੱਜ ਸੜਕਾਂ ‘ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਅੱਜ ਜਲੰਧਰ ਨੈਸ਼ਨਲ ਹਾਈਵੇਅ ਤੇ ਰੇਲਵੇ ਲਾਈਨ ਨੂੰ 4 ਘੰਟਿਆਂ ਤੱਕ ਜਾਮ ਰਖਿਆ ਗਿਆ ਹੈ। ਇਸ ਮੌਕੇ ਕਿਸਾਨ ਜਥੇਬੰਦੀਆਂ ਵੀ ਉਜਾੜੇ ਗਏ ਲੋਕਾਂ ਦੇ ਹੱਕ ਵਿੱਚ ਉੱਤਰ ਆਈਆਂ ਹਨ।

ਧਰਨਾਕਾਰੀਆਂ ਦੀ ਮੰਗ ਹੈ ਕਿ ਸਰਕਾਰ ਉਹਨਾਂ ਨੂੰ ਉਥੇ ਹੀ ਘਰ ਬਣਾ ਕੇ ਦੇਵੇ ,ਜਿਥੇ ਉਹਨਾਂ ਦੇ ਪਹਿਲਾਂ ਹੀ ਬਣੇ ਹੋਏ ਸੀ ਕਿਉਂਕਿ ਉਹਨਾਂ ਦੀਆਂ ਭਾਵਨਾਵਾਂ ਉਸ ਜਗਾ ਨਾਲ ਜੁੜੀਆਂ ਹੋਈਆਂ ਹਨ।  ਹਾਲਾਂਕਿ ਸਰਕਾਰ ਨੇ ਉਜਾੜੇ ਗਏ ਲੋਕਾਂ ਨੂੰ ਫਲੈਟ ਦੇਣ ਦੀ ਗੱਲ ਕਹੀ ਸੀ ਪਰ ਲੋਕਾਂ ਨੇ ਸਾਫ ਮਨਾ ਕਰ ਦਿੱਤਾ ਸੀ ।

ਜ਼ੀਰਾ ਮੋਰਚੇ ਦੀ ਪਲ ਪਲ ਦੀ update ਦੇਣ ਵਾਲੇ  ਟਵਿੱਟਰ ਨੇ ਵੀ ਆਪਣੇ ਟਵੀਟ ਰਾਹੀਂ ਇਸ ਖ਼ਬਰ ਨੂੰ ਸਾਰਿਆਂ ਨਾਲ ਸਾਂਝਾਂ ਕੀਤਾ ਹੈ।

ਇਸ ਵਿਰੋਧ ਪ੍ਰਦਰਸ਼ਨ ਕਾਰਨ ਆਵਾਜਾਈ ਬਿਲਕੁਲ ਹੀ ਠੱਪ ਹੋ ਗਈ ਹੈ ਤੇ ਜਾਮ ਲੱਗਣ ਕਾਰਨ ਵਾਹਨਾਂ ਦੀਆਂ ਵੱਡੀਆਂ ਕਤਾਰਾਂ ਲੱਗ ਗਈਆਂ ਹਨ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਜਾਮ ਨੂੰ ਖੁਲਵਾਉਣ ਲਈ ਗੱਡੀਆਂ  ਤੇ ਵਾਹਨਾਂ ਨੂੰ ਹੋਰ ਰਸਤੇ ਰਾਹੀਂ ਲੰਘਾਇਆ ਜਾ ਰਿਹਾ ਹੈ ਤੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹਨ।

ਇਸੇ ਤਰਾਂ ਰੇਲਵੇ ਟਰੈਕ ਜਾਮ ਕਰਨ ਤੋਂ ਬਾਅਦ ਰੇਲ ਆਵਾਜਾਈ ਤੇ ਵੀ ਅਸਰ ਪਿਆ ਹੈ ਕਿਉਂਕਿ ਪ੍ਰਦਰਸ਼ਨਕਾਰੀਆਂ ਵੱਲੋਂ ਰੇਲਵੇ ਲਾਈਨ ਨੂੰ ਵੀ ਪੂਰੀ ਤਰਾਂ ਨਾਲ ਜਾਮ ਕਰ ਦਿੱਤਾ ਗਿਆ ਹੈ । ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਨਵਾਂ ਸਾਲ ਤੇ ਹੋਰ ਤਿਉਹਾਰ ਇਹਨਾਂ ਲੋਕਾਂ ਨੇ ਸੜਕਾਂ ਤੇ ਗੁਜਾਰੇ ਹਨ ਪਰ ਸਰਕਾਰ ਅੰਨੀ ਬੋਲੀ ਬਣ ਕੇ ਬੈਠੀ ਹੋਈ ਹੈ ਤੇ ਇਹਨਾਂ ਲਈ ਕੁੱਝ ਵੀ ਨਹੀਂ ਕਰ ਰਹੀ।

ਆਗੂਆਂ ਦਾ ਇਹ ਵੀ ਕਹਿਣਾ ਸੀ ਕਿ ਇੰਪਰੂਵਮੈਂਟ ਟਰਸਟ ਨੇ ਧੱਕੇ ਨਾਲ ਹੀ ਇਹ ਘਰ ਢਾਹੇ ਹਨ ਕਿਉਂਕਿ ਉਹਨਾਂ ਕੋਲ ਢਾਹੇ ਗਏ ਘਰਾਂ ਦਾ ਕੋਈ ਵੇਰਵਾ ਨਹੀਂ ਹੈ। ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਇਹ ਕਾਰਵਾਈ ਹੋਈ ਹੈ ਤਾਂ ਜੋ ਭੂਮੀ ਮਾਫੀਆ ਨੂੰ ਇਹ ਜ਼ਮੀਨ ਖਾਲੀ ਕਰ ਕੇ ਦਿੱਤੀ ਜਾਵੇ ਪਰ ਹੁਣ ਇਹਨਾਂ ਲੋਕਾਂ ਦੀ ਮਦਦ ਲਈ ਜਥੇਬੰਦੀਆਂ ਖੜੀਆਂ ਹਨ ਤੇ ਜਦੋਂ ਤੱਕ ਇਨਸਾਫ ਨਹੀਂ ਹੋ ਜਾਂਦਾ,ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ।