ਅੰਮ੍ਰਿਤਸਰ : ਅਜਨਾਲਾ ‘ਚ ਹਿੰਸਕ ਪ੍ਰਦਰਸ਼ਨ ਦੀ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੈਨਿਕ ਭਾਸਕਰ ਦੀ ਖ਼ਬਰ ਅਨੁਸਾਰ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਦੇ ਉਨ੍ਹਾਂ 10 ਸਾਥੀਆਂ ਦੀ ਸ਼ਨਾਖਤ ਹੋ ਗਈ ਹੈ, ਜੋ 24 ਘੰਟੇ ਉਸ ਨਾਲ ਹਥਿਆਰਾਂ ਨਾਲ ਲੈਸ ਰਹਿੰਦੇ ਹਨ।
ਉਨ੍ਹਾਂ ਦੇ ਲਾਇਸੈਂਸਾਂ ‘ਤੇ ਕਈ ਹਥਿਆਰ ਦਰਜ ਹਨ। ਪੁਲਿਸ ਨੇ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਹਥਿਆਰਾਂ ਦੇ ਵੇਰਵੇ ਮੰਗੇ ਹਨ। ਉਸ ਤੋਂ ਬਾਅਦ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸਾਰਿਆਂ ਕੋਲ ਸਵੈ-ਰੱਖਿਆ ਲਈ ਬਣਾਏ ਗਏ ਹਥਿਆਰ ਹਨ ਨਾ ਕਿ ਕਿਸੇ ਦੇ ਸੁਰੱਖਿਆ ਗਾਰਡ ਵਜੋਂ ਵਰਤਣ ਲਈ। ਹਦਾਇਤਾਂ ਦੀ ਪਾਲਣਾ ਕਰਦਿਆਂ ਡੀਸੀ ਫਰੀਦਕੋਟ ਨੇ ਗੁਰਬੇਜ ਸਿੰਘ ਵਾਸੀ ਪਿੰਡ ਗੋਂਦਰਾ ਜ਼ਿਲ੍ਹਾ ਫਰੀਦਕੋਟ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ਵਿੱਚ ਹੋਏ ਹੰਗਾਮੇ ਤੋਂ ਬਾਅਦ ਹੁਣ ਪੰਜਾਬ ਸਰਕਾਰ ਇਹਨਾਂ ਖਿਲਾਫ ਕਿਸੇ ਵੀ ਵੇਲੇ ਕਾਰਵਾਈ ਕਰਨ ਦੇ ਰੌਂਅ ‘ਚ ਆ ਗਈ ਲਗਦੀ ਹੈ।
ਸੀਨੀਅਰ ਅਧਿਕਾਰੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਦੇ 10 ਸਮਰਥਕਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਜਾ ਰਹੀ ਹੈ, ਪਰ ਸਬੰਧਤ ਰਾਜ ਨੂੰ ਪੱਤਰ ਲਿਖਿਆ ਗਿਆ ਹੈ ਕਿਉਂਕਿ ਇਨ੍ਹਾਂ ਵਿੱਚੋਂ ਇੱਕ ਸਾਥੀ ਦਾ ਲਾਇਸੈਂਸ ਜੰਮੂ-ਕਸ਼ਮੀਰ ਤੋਂ ਬਣਿਆ ਸੀ। ਦੂਜੇ ਪਾਸੇ ਪੰਜਾਬ ਵਿੱਚ ਬਣੇ 9 ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਪੰਜਾਬ ਪੁਲਿਸ ਇਹ ਸਾਰੀ ਕਾਰਵਾਈ ਗੁਪਤ ਤਰੀਕੇ ਨਾਲ ਕਰ ਰਹੀ ਹੈ ਤਾਂ ਜੋ ਅਜਨਾਲਾ ਕਾਂਡ ਵਰਗੀ ਹਿੰਸਕ ਘਟਨਾ ਦੁਬਾਰਾ ਨਾ ਵਾਪਰੇ।
20 ਮਾਰਚ ਤੋਂ ਬਾਅਦ ਕਾਰਵਾਈ ਕੀਤੀ ਜਾ ਸਕਦੀ ਹੈ
ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ 9 ਸਮਰਥਕਾਂ ਖਿਲਾਫ ਕਾਰਵਾਈ ਪੂਰੀ ਕਰ ਲਈ ਹੈ ਪਰ ਕਾਰਵਾਈ 20 ਮਾਰਚ ਤੋਂ ਬਾਅਦ ਹੋ ਸਕਦੀ ਹੈ। ਦਰਅਸਲ, ਪੰਜਾਬ ਸਰਕਾਰ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਜੀ-20 ਕਾਨਫਰੰਸ ਤੱਕ ਕੋਈ ਸਖ਼ਤ ਕਾਰਵਾਈ ਨਹੀਂ ਕਰਨਾ ਚਾਹੁੰਦੀ।
9 ਸਾਥੀਆਂ ਖਿਲਾਫ ਕਾਰਵਾਈ
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ 9 ਸਾਥੀ ਹਰਜੀਤ ਸਿੰਘ ਅੰਮ੍ਰਿਤਸਰ, ਬਲਜਿੰਦਰ ਸਿੰਘ ਅੰਮ੍ਰਿਤਸਰ, ਰਾਮ ਸਿੰਘ ਬਰਾੜ ਕੋਟਕਪੂਰਾ, ਗੁਰਮੀਤ ਸਿੰਘ ਮੋਗਾ, ਅਵਤਾਰ ਸਿੰਘ ਸੰਗਰੂਰ, ਵਰਿੰਦਰ ਸਿੰਘ ਤਰਨਤਾਰਨ, ਹਰਪ੍ਰੀਤ ਦੇਵਗਨ ਪਟਿਆਲਾ ਅਤੇ ਗੁਰਬੇਜ ਸਿੰਘ ਫਰੀਦਕੋਟ ਖਿਲਾਫ ਕਾਰਵਾਈ ਕੀਤੀ ਗਈ ਹੈ। ਜਦਕਿ ਤਲਵਿੰਦਰ ਸਿੰਘ ਤਰਨਤਾਰਨ ਦਾ ਲਾਇਸੈਂਸ ਜੰਮੂ-ਕਸ਼ਮੀਰ ਤੋਂ ਬਣਿਆ ਹੋਣ ਕਾਰਨ ਉਸ ਨੂੰ ਸਮੀਖਿਆ ਲਈ ਸਬੰਧਤ ਸੂਬੇ ਨੂੰ ਭੇਜਿਆ ਗਿਆ ਹੈ।
ਅਜਨਾਲਾ ਵਿੱਚ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਸਿੱਖ ਨੌਜਵਾਨ ਤੂਫਾਨ ਸਿੰਘ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਵੱਡੀ ਗਿਣਤੀ ਵਿੱਚ ਥਾਣੇ ਦੇ ਬਾਹਰ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ । ਮੌਕਾ ਵੇਖ ਕੇ ਪੁਲਿਸ ਨੇ ਹਮਾਇਤੀਆਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ । ਜਿਸ ਤੋਂ ਬਾਅਦ ਮਾਹੌਲ ਤਣਾਅ ਪੂਰਨ ਹੋ ਗਿਆ ।