India

ਠਾਣੇ ਤੋਂ ਬਾਅਦ ਅਕੋਲਾ ‘ਚ ਸਕੂਲੀ ਵਿਦਿਆਰਥਣਾਂ ਨਾਲ ਛੇੜਛਾੜ ਦਾ ਮਾਮਲਾ ਆਇਆ ਸਾਹਮਣੇ, ਪੁਲਿਸ ਨੇ ਅਧਿਆਪਕ ਨੂੰ ਕੀਤਾ ਗ੍ਰਿਫਤਾਰ

ਮਹਾਰਾਸ਼ਟਰ : ਕੋਲਕਾਤਾ ਅਤੇ ਬਦਲਾਪੁਰ ਵਿਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਹੁਣ ਮਹਾਰਾਸ਼ਟਰ ਦੇ ਕਜੀਖੇਡ ਵਿਚ ਜ਼ਿਲ੍ਹਾ ਪ੍ਰੀਸ਼ਦ ਸਕੂਲ ਦੇ ਅਧਿਆਪਕ ਪ੍ਰਮੋਦ ਮਨੋਹਰ ਸਦਰ ਵੱਲੋਂ 6 ਸਕੂਲੀ ਲੜਕੀਆਂ ਨਾਲ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਜੀਖੇਡ ਦੇ ਜ਼ਿਲ੍ਹਾ ਪ੍ਰੀਸ਼ਦ ਸਕੂਲ ਦੇ ਅਧਿਆਪਕ ਪ੍ਰਮੋਦ ਮਨੋਹਰ ‘ਤੇ ਸਕੂਲ ਦੀਆਂ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ।

ਮੁਲਜ਼ਮ ਅਧਿਆਪਕ ਨੇ ਅੱਠਵੀਂ ਜਮਾਤ ਵਿੱਚ ਪੜ੍ਹਦੀਆਂ ਛੇ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕੀਤਾ। ਅਧਿਆਪਕ ਉਨ੍ਹਾਂ ਨੂੰ ਅਸ਼ਲੀਲ ਵੀਡੀਓ ਦਿਖਾਉਂਦੇ ਸਨ ਅਤੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਹਦੇ ਸਨ। ਐਸ ਪੀ ਅਕੋਲਾ ਬਚਨ ਸਿੰਘ ਨੇ ਦੱਸਿਆ ਕਿ ਅਕੋਲਾ ਪੁਲਿਸ ਨੂੰ ਇਸਦੀ ਸ਼ਿਕਾਇਤ ਪ੍ਰਾਪਤ ਹੋਈ ਤੇ ਮੁਲਜ਼ਮ ਅਧਿਆਪਕ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਤੇ ਪੀੜਤ ਲੜਕੀਆਂ ਦੇ ਬਿਆਨ ਦਰਜ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਭਾਰਤੀ ਨਿਆਏ ਸੰਹਿਤਾ ਦੀ ਧਾਰਾ 74 ਅਤੇ 75 ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਬਦਲਾਪੁਰ ‘ਚ ਮੰਗਲਵਾਰ ਨੂੰ ਇਕ ਪ੍ਰਾਈਵੇਟ ਸਕੂਲ ‘ਚ 3 ਅਤੇ 4 ਸਾਲ ਦੀਆਂ ਦੋ ਕੇਜੀ ਲੜਕੀਆਂ ਦੇ ਯੌਨ ਸ਼ੋਸ਼ਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹੋਏ। ਹਜ਼ਾਰਾਂ ਦੀ ਭੀੜ ਇੱਥੇ ਲੋਕਲ ਟਰੇਨ ਦੇ ਰੇਲਵੇ ਟਰੈਕ ‘ਤੇ ਉਤਰ ਗਈ।

20 ਅਗਸਤ ਨੂੰ, ਭੀੜ ਨੇ ਪਹਿਲਾਂ ਸਕੂਲ ਵਿੱਚ ਭੰਨਤੋੜ ਕੀਤੀ ਅਤੇ ਫਿਰ ਬਦਲਾਪੁਰ ਸਟੇਸ਼ਨ ‘ਤੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪ੍ਰਦਰਸ਼ਨ ਕੀਤਾ। 10 ਘੰਟੇ ਤੋਂ ਵੱਧ ਸਮੇਂ ਤੱਕ ਲੋਕਲ ਟਰੇਨਾਂ ਦੀ ਆਵਾਜਾਈ ਠੱਪ ਰਹੀ। ਸ਼ਾਮ ਨੂੰ ਪੁਲਿਸ ਨੇ ਲਾਠੀਚਾਰਜ ਕਰਕੇ ਰੇਲਵੇ ਟਰੈਕ ਖਾਲੀ ਕਰਵਾ ਦਿੱਤਾ।

ਕੈਬਨਿਟ ਮੰਤਰੀ ਗਿਰੀਸ਼ ਮਹਾਜਨ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਬਦਲਾਪੁਰ ਸਟੇਸ਼ਨ ਪੁੱਜੇ, ਪਰ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਇਸ ਤੋਂ ਬਾਅਦ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਐਸਆਈਟੀ ਦੇ ਗਠਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸਰਕਾਰ ਨੇ ਫਾਸਟ ਟਰੈਕ ਅਦਾਲਤ ਵਿੱਚ ਕੇਸ ਚਲਾਉਣ ਦੀ ਗੱਲ ਕਹੀ।