ਬਿਉਰੋ ਰਿਪੋਰਟ: ਜੇਲ੍ਹ ਵਿੱਚ ਰਹਿੰਦਿਆਂ ਹੀ ਚੋਣ ਜਿੱਤਣ ਵਾਲੇ ਲੋਕ ਸਭਾ ਚੋਣਾਂ ਦੇ ਦੋ ਚਿਹਰਿਆਂ ਨੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਸਹੁੰ ਚੁੱਕੀ। ਇਨ੍ਹਾਂ ਵਿਚੋਂ ਇਕ ਨਾਂ ਜੰਮੂ-ਕਸ਼ਮੀਰ ਦੇ ਬਾਰਾਮੂਲਾ ਤੋਂ ਇੰਜੀਨੀਅਰ ਰਸ਼ੀਦ ਦਾ ਹੈ, ਜਦਕਿ ਦੂਜਾ ਨਾਂ ਖਡੂਰ ਸਾਹਿਬ ਤੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਹੈ। ਰਾਸ਼ਟਰੀ ਜਾਂਚ ਏਜੰਸੀ (NIA) ਰਾਸ਼ਿਦ ਖ਼ਿਲਾਫ਼ ਕਾਰਵਾਈ ਕਰ ਰਹੀ ਹੈ, ਜਦਕਿ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਤਹਿਤ ਕਾਰਵਾਈ ਕੀਤੀ ਗਈ ਹੈ।
ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ ਉਹ ਮਾਰਚ 2023 ਤੋਂ ਐਨਐਸਏ ਤਹਿਤ ਅਸਾਮ ਦੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਹਨ। NSA ਇੱਕ ਕਾਨੂੰਨ ਹੈ ਜੋ ਸਰਕਾਰ ਨੂੰ ਰਸਮੀ ਇਲਜ਼ਾਮਾਂ ਤੋਂ ਬਿਨਾਂ ਵਿਅਕਤੀਆਂ ਨੂੰ 12 ਮਹੀਨਿਆਂ ਤੱਕ ਨਜ਼ਰਬੰਦ ਕਰਨ ਦੀ ਇਜਾਜ਼ਤ ਦਿੰਦਾ ਹੈ। ਪਰ ਪੰਜਾਬ ਵਿੱਚ ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਅੰਮ੍ਰਿਤਪਾਲ ਸਿੰਘ ਦੀ ਐਨਐਸਏ ਦੀ
ਚੋਣਾਂ ਤੋਂ ਪਹਿਲਾਂ ਪਰਿਵਾਰ ਨੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਨੌਂ ਸਾਥੀਆਂ ਨੂੰ ਪੰਜਾਬ ਸ਼ਿਫਟ ਕਰਨ ਦੇ ਕਈ ਯਤਨ ਕੀਤੇ, ਜੋ ਅਸਫ਼ਲ ਰਹੇ। ਅਖ਼ੀਰ ਪਰਿਵਾਰ ਨੇ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਚੋਣਾਂ ਵਿੱਚ ਮੈਦਾਨ ਵਿੱਚ ਉਤਾਰਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਖਡੂਰ ਸਾਹਿਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਇਸ ਹੱਦ ਤੱਕ ਨਕਾਰ ਦਿੱਤਾ ਕਿ ਅੰਮ੍ਰਿਤਪਾਲ 1.97 ਲੱਖ ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਸਹੁੰ ਚੁੱਕਣ ਤੋਂ ਬਾਅਦ ਵੀ ਕਈ ਮੁਸ਼ਕਲਾਂ
ਅੰਮ੍ਰਿਤਪਾਲ ਲਈ ਸੰਵਿਧਾਨਕ ਸੰਸਦ ਮੈਂਬਰ ਬਣਨ ਦਾ ਪਹਿਲਾ ਕਦਮ ਸਹੁੰ ਚੁੱਕਣਾ ਸੀ, ਜੋ ਸ਼ੁੱਕਰਵਾਰ ਨੂੰ ਪੂਰਾ ਹੋ ਗਿਆ। ਚੋਣ ਜਿੱਤਣ ਦਾ ਮਤਲਬ ਹੈ ਕਿ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਅੰਮ੍ਰਿਤਪਾਲ ਨੂੰ ਸੰਸਦ ਮੈਂਬਰ ਵਜੋਂ ਸੰਵਿਧਾਨਕ ਫ਼ਤਵਾ ਹੈ।
ਜੇਲ੍ਹ ’ਚ ਸੰਸਦ ਮੈਂਬਰ ਨੂੰ ਹਰ ਕਦਮ ’ਤੇ ਲੈਣੀ ਪਵੇਗੀ ਇਜਾਜ਼ਤ
ਸੁਪਰੀਮ ਕੋਰਟ ਦੇ ਐਡਵੋਕੇਟ ਸੰਦੀਪ ਗੋਰਸੀ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਲਈ ਪੈਰੋਲ ਦਿੱਤੀ ਗਈ ਸੀ। ਪਰ ਜੇਲ੍ਹ ਵਿੱਚ ਰਹਿੰਦਿਆਂ ਐਮਪੀ ਬਣੇ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਵਿੱਚ ਪਹੁੰਚਣ ਲਈ ਹਰ ਕਦਮ ’ਤੇ ਵੱਖ-ਵੱਖ ਥਾਵਾਂ ਤੋਂ ਇਜਾਜ਼ਤ ਲੈਣੀ ਪਵੇਗੀ।
ਜੇ ਉਹ ਸੰਸਦ ਤੋਂ ਗੈਰਹਾਜ਼ਰ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਲਈ ਸਪੀਕਰ ਨੂੰ ਵੀ ਪੱਤਰ ਲਿਖਣਾ ਹੋਵੇਗਾ। ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਸੰਵਿਧਾਨ ਦੀ ਧਾਰਾ 101(4) ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਸੰਸਦ ਮੈਂਬਰ ਬਿਨਾਂ ਇਜਾਜ਼ਤ 60 ਦਿਨਾਂ ਤੋਂ ਵੱਧ ਸਮੇਂ ਤੱਕ ਸਾਰੀਆਂ ਬੈਠਕਾਂ ਤੋਂ ਗੈਰਹਾਜ਼ਰ ਰਹਿੰਦਾ ਹੈ, ਤਾਂ ਉਸਦੀ ਸੀਟ ਖਾਲੀ ਘੋਸ਼ਿਤ ਕਰ ਦਿੱਤੀ ਜਾਵੇਗੀ।
ਸੈਸ਼ਨ ਵਿੱਚ ਹਿੱਸਾ ਲੈਣ ਲਈ ਵੀ ਇਜਾਜ਼ਤ ਲੈਣੀ ਪਵੇਗੀ
ਸੰਸਦ ਦੇ ਸੈਸ਼ਨ ਵਿਚ ਸ਼ਾਮਲ ਹੋਣ ਜਾਂ ਸੰਸਦ ਵਿਚ ਵੋਟ ਪਾਉਣ ਲਈ ਇਕ ਸੰਸਦ ਮੈਂਬਰ ਨੂੰ ਅਦਾਲਤ ਵਿਚ ਪਹੁੰਚ ਕਰਨੀ ਪਵੇਗੀ। ਜੇ ਇਸ ਕਾਰਜਕਾਲ ਦੌਰਾਨ ਉਸ ਨੂੰ ਕਿਸੇ ਮਾਮਲੇ ਵਿੱਚ ਦੋ ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਹੋਈ ਤਾਂ ਉਹ ਅਯੋਗ ਕਰਾਰ ਦਿੱਤਾ ਜਾਵੇਗਾ। ਐਡਵੋਕੇਟ ਗੋਰਸੀ ਦਾ ਕਹਿਣਾ ਹੈ ਕਿ ਹੁਣ ਜਦੋਂ ਉਹ ਭਾਰੀ ਬਹੁਮਤ ਨਾਲ ਸੰਸਦ ਮੈਂਬਰ ਬਣੇ ਹਨ ਤਾਂ ਸਾਰਿਆਂ ਨੂੰ ਲੋਕਾਂ ਦੇ ਫ਼ਤਵੇ ਦਾ ਸਵਾਗਤ ਕਰਨਾ ਚਾਹੀਦਾ ਹੈ।
ਅੰਮ੍ਰਿਤਪਾਲ ਖ਼ਿਲਾਫ਼ 12 ਕੇਸ ਦਰਜ
ਜੇਕਰ ਸਰਕਾਰ ਚੋਣਾਂ ਦੇ ਨਤੀਜਿਆਂ ਨੂੰ ਦੇਖਦੇ ਹੋਏ ਤਿੰਨ ਮਹੀਨੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਐਨਐਸਏ ਹਟਾਉਣ ਦਾ ਫੈਸਲਾ ਲੈਂਦੀ ਹੈ ਤਾਂ ਵੀ ਅੰਮ੍ਰਿਤਪਾਲ ਸਿੰਘ ਨੂੰ ਅਦਾਲਤਾਂ ਵਿੱਚ ਫਸੇ ਰਹਿਣਾ ਪਵੇਗਾ। ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਅਜਨਾਲਾ ਥਾਣੇ ਵਿੱਚ ਨਾਜਾਇਜ਼ ਹਥਿਆਰਾਂ ਨਾਲ ਹਮਲਾ ਕਰਨ ਸਮੇਤ ਵੱਖ-ਵੱਖ ਥਾਣਿਆਂ ਵਿੱਚ 12 ਕੇਸ ਦਰਜ ਹਨ।
ਇੰਨਾ ਹੀ ਨਹੀਂ, ਉਨ੍ਹਾਂ ਦੇ ਖਿਲਾਫ ਆਸਾਮ ਦੇ ਥਾਣੇ ਵਿੱਚ ਵੀ ਮਾਮਲਾ ਦਰਜ ਹੈ। ਜਿਸ ‘ਚ ਪੁਲਿਸ ਨੇ ਤਲਾਸ਼ੀ ਦੌਰਾਨ ਡਿਬਰੂਗੜ੍ਹ ਜੇਲ ‘ਚੋਂ ਇਲੈਕਟ੍ਰਾਨਿਕ ਯੰਤਰ ਬਰਾਮਦ ਕੀਤੇ ਸਨ। ਜੇਕਰ ਅੰਮ੍ਰਿਤਪਾਲ ਐੱਨ.ਐੱਸ.ਏ. ਤੋਂ ਬਚ ਵੀ ਜਾਂਦੇ ਹਨ ਤਾਂ ਪੁਲਿਸ ਉਨ੍ਹਾਂ ਨੂੰ ਹਰ ਹਾਲਤ ‘ਚ ਹਿਰਾਸਤ ‘ਚ ਲੈਂਦੀ ਰਹੇਗੀ। ਹਰ ਮਾਮਲੇ ਵਿੱਚ ਉਨ੍ਹਾਂ ਨੂੰ ਜ਼ਮਾਨਤ ਲੈਣੀ ਪਵੇਗੀ। ਇਸ ਦੇ ਨਾਲ ਹੀ ਜੇਕਰ ਕਿਸੇ ਵੀ ਮਾਮਲੇ ਵਿੱਚ 2 ਸਾਲ ਤੋਂ ਵੱਧ ਸਜ਼ਾ ਹੁੰਦੀ ਹੈ ਤਾਂ ਅੰਮ੍ਰਿਤਪਾਲ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇਗੀ।