’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦਸੰਬਰ ਮਹੀਨੇ ਦੇ ਪਾਲ਼ੇ ਵਿੱਚ ਦਿੱਲੀ ਦੀਆਂ ਸਰਹੱਦਾਂ ’ਤੇ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਚੁਫ਼ੇਰਿਓਂ ਸਮਰਥਨ ਮਿਲ ਰਿਹਾ ਹੈ। ਅੱਜ 30 ਕੌਮਾਂਤਰੀ ਖਿਡਾਰੀਆਂ ਨੇ ਆਪਣੇ ਪੁਰਸਕਾਰ ਵਾਪਿਸ ਕਰਨ ਲਈ ਰਾਸ਼ਟਰਪਤੀ ਭਵਨ ਚਾਲੇ ਪਾਏ, ਹਾਲਾਂਕਿ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ ਗਿਆ। ਖਿਡਾਰੀਆਂ ਤੋਂ ਇਲਾਵਾ ਸਾਬਕਾ ਤੇ ਮੌਜੂਦਾ ਪੁਲਿਸ ਮੁਲਾਜ਼ਮਾਂ, ਕਲਾਕਾਰਾਂ, ਲੇਖਕਾਂ, ਸਮਾਜ ਸੇਵੀਆਂ, ਆਦਿ ਵੱਲੋਂ ਵੀ ਕਿਸਾਨਾਂ ਦੀ ਹਮਾਇਤ ਵਿੱਚ ਪੁਰਸਕਾਰ ਵਾਪਿਸ ਕਰਨ ਦਾ ਐਲਾਨ ਕੀਤਾ ਗਿਆ ਹੈ।
ਸਾਹਿਤ ਅਤੇ ਮਨੋਰੰਜਨ ਜਗਤ ਦੀਆਂ ਮਸ਼ਹੂਰ ਹਸਤੀਆਂ ਦੇ ਨਾਲ, ਐਥਲੀਟ ਵੀ ਕਿਸਾਨਾਂ ਦੇ ਨਾਲ ਖੜੇ ਹਨ। ਕਿਸਾਨਾਂ ਦੇ ਸਮਰਥਨ ਵਿੱਚ ਅੱਜ 30 ਖਿਡਾਰੀ ਆਪੋ-ਆਪਣੇ ਪੁਰਸਕਾਰ ਵਾਪਿਸ ਕਰਨ ਲਈ ਰਾਸ਼ਟਰਪਤੀ ਭਵਨ ਲਈ ਰਵਾਨਾ ਹੋਏ। ਪਰ ਦਿੱਲੀ ਪੁਲਿਸ ਨੇ ਰਾਸ਼ਟਰਪਤੀ ਭਵਨ ਜਾ ਰਹੇ ਖਿਡਾਰੀਆਂ ਨੂੰ ਰਸਤੇ ਵਿੱਚ ਹੀ ਰੋਕ ਲਿਆ। ਇਸ ਤੋਂ ਰੋਸ ਵਿੱਚ ਆਏ ਖਿਡਾਰੀ ਉੱਥੇ ਹੀ ਧਰਨਾ ਲਾ ਕੇ ਬੈਠ ਗਏ।
Delhi Police stop sportspersons who were marching towards Rashtrapati Bhavan to return their awards to the President in protest against the new farm laws. Wrestler Kartar Singh says, “30 sportspersons from Punjab and some others want to return their award”. pic.twitter.com/tnzMLKs35J
— ANI (@ANI) December 7, 2020
ਇਨ੍ਹਾਂ ਖਿਡਾਰੀਆਂ ਨੇ ਰਾਸ਼ਟਰੀ ਅਤੇ ਰਾਜ ਪੱਧਰੀ ਪੁਰਸਕਾਰ ਜਿੱਤੇ ਹਨ ਅਤੇ ਇਹ ਸਾਰੇ ਰਾਸ਼ਟਰਪਤੀ ਨੂੰ ਮਿਲ ਕੇ ਨਵੇਂ ਖੇਤੀਬਾੜੀ ਕਾਨੂੰਨ ਦੇ ਵਿਰੁੱਧ ਆਪਣਾ ਸਨਮਾਨ ਵਾਪਿਸ ਕਰਨਾ ਚਾਹੁੰਦੇ ਸਨ। ਇਨ੍ਹਾਂ ਵਿੱਚੋਂ ਇੱਕ ਪਹਿਲਵਾਨ ਕਰਤਾਰ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਕੁਝ ਹੋਰ ਥਾਵਾਂ ਤੋਂ ਖਿਡਾਰੀ ਆਪਣੇ ਪੁਰਸਕਾਰ ਵਾਪਿਸ ਕਰਨਾ ਚਾਹੁੰਦੇ ਹਨ।
ਪੁਰਸਕਾਰ ਵਾਪਿਸ ਕਰਨ ਲਈ ਰਾਸ਼ਟਰਪਤੀ ਭਵਨ ਜਾ ਰਹੇ ਖਿਡਾਰੀਆਂ ਨੇ ਕਿਹਾ ਕਿ ਜੇ ਸਾਡਾ ਅੰਨਦਾਤਾ ਹੀ ਸੜਕਾਂ ‘ਤੇ ਰੁਲੇਗਾ ਤਾਂ ਫਿਰ ਉਨ੍ਹਾਂ ਨੇ ਅਜਿਹੇ ਸਨਮਾਨ ਕੀ ਕਰਨੇ ਹਨ। ਇਸ ਲਈ ਜਦ ਤੱਕ ਕੇਂਦਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਹ ਇਹ ਸਨਮਾਨ ਆਪਣੇ ਕੋਲ ਨਹੀਂ ਰੱਖਣਗੇ।
ਇਹ ਹਨ ਪੁਰਸਕਾਰ ਵਾਪਿਸ ਕਰਨ ਵਾਲੇ 30 ਖਿਡਾਰੀ
ਪੁਰਸਕਾਰ ਵਾਪਿਸੀ ਦੀ ਸੂਚੀ ਵਿੱਚ ਸਤਨਾਮ ਸਿੰਘ ਭਮਰਾ, ਪਰਗਟ ਸਿੰਘ, ਕਰਤਾਰ ਸਿੰਘ ਪਹਿਲਵਾਨ, ਬ੍ਰਿਗੇਡੀਅਰ ਹਰਚਰਨ ਸਿੰਘ, ਦਵਿੰਦਰ ਸਿੰਘ ਗਰਚਾ, ਸੁਰਿੰਦਰ ਸੋਢੀ, ਗੁਨਦੀਪ ਕੁਮਾਰ, ਸੁਸ਼ੀਲ ਕੋਹਲੀ, ਮੁਖਬੈਨ ਸਿੰਘ, ਕਰਨਲ ਬਲਬੀਰ ਸਿੰਘ, ਗੁਰਮੇਲ ਸਿੰਘ, ਗੋਲਡਨ ਗਰਲ ਰਾਜਬੀਰ ਕੌਰ, ਜਗਦੀਸ਼ ਸਿੰਘ, ਬਲਦੇਵ ਸਿੰਘ, ਅਜੀਤ ਸਿੰਘ, ਹਰਮੀਕ ਸਿੰਘ, ਅਜੀਤਪਾਲ ਸਿੰਘ, ਚੰਚਲ ਰੰਧਾਵਾ, ਸੱਜਣ ਸਿੰਘ ਚੀਮਾ, ਹਰਦੀਪ ਸਿੰਘ, ਅਜੈਬ ਸਿੰਘ, ਸ਼ਾਮ ਲਾਲ, ਹਰਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਮਨ ਸ਼ਰਮਾ, ਪ੍ਰੇਮ ਚੰਦ ਡੋਗਰਾ, ਬਲਵਿੰਦਰ ਸਿੰਘ ਤੇ ਸਰੋਜ ਬਾਲਾ ਵਰਗੇ ਕਈ ਖਿਡਾਰੀਆਂ ਦੇ ਨਾਮ ਸ਼ਾਮਲ ਹਨ।
ਹਾਕੀ ਖਿਡਾਰਨ ਸੰਦੀਪ ਕੌਰ ਵੱਲੋਂ ਵੀ ਆਪਣੇ ਮੈਡਲ ਵਾਪਿਸ ਦੇਣ ਦਾ ਐਲਾਨ
ਹਾਕੀ ਖਿਡਾਰਨ ਸੰਦੀਪ ਕੌਰ ਵਲੋਂ ਵੀ ਕਿਸਾਨਾਂ ਦੀ ਹਮਾਇਤ ‘ਚ ਆਪਣੇ ਮੈਡਲ ਵਾਪਿਸ ਦੇਣ ਦਾ ਐਲਾਨ ਕੀਤਾ ਗਿਆ ਹੈ। ਸੰਦੀਪ ਕੌਰ ਨੇ ਸਾਲ 1994 ‘ਚ ਏਸ਼ੀਆ ਕੱਪ ‘ਚ ਭਾਗ ਲਿਆ ਸੀ। 1998 ਦੀਆਂ ਏਸ਼ੀਅਨ ਖੇਡਾਂ ‘ਚ ਉਨ੍ਹਾਂ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ 1998 ‘ਚ ਵਰਲਡ ਕੱਪ ਹਾਕੀ ਦੀ ਟੀਮ ਦੀ ਕਪਤਾਨੀ ਕੀਤੀ। ਇਸ ਤੋਂ ਇਲਾਵਾ ਵਰਲਡ ਕੱਪ ‘ਚ ਹਾਕੀ ਦੀ ਟੀਮ ਦੇ ਕੈਪਟਨ ਵਜੋਂ ਵੀ ਨੁਮਾਇੰਦਗੀ ਕੀਤੀ।
ਸੰਦੀਪ ਕੌਰ ਨੇ 5 ਅੰਤਰਰਾਸ਼ਟਰੀ ਮੈਡਲ, 20 ਰਾਸ਼ਟਰੀ ਮੈਡਲ ਪ੍ਰਾਪਤ ਕੀਤੇ ਹਨ ਅਤੇ ਅੱਜ-ਕੱਲ੍ਹ ਉਹ ਬਤੌਰ ਮੁੱਖ ਸੁਪਰਡੈਂਟ ਪਟਿਆਲਾ ਰੇਲਵੇ ਸਟੇਸ਼ਨ ‘ਤੇ ਤਾਇਨਾਤ ਹਨ। ਸੰਦੀਪ ਕੌਰ ਦਾ ਪਿਛੋਕੜ ਕਿਸਾਨੀ ਪਰਿਵਾਰ ਨਾਲ ਸਬੰਧਿਤ ਹੈ ਅਤੇ ਉਨ੍ਹਾਂ ਦੇ ਦਾਦਾ ਜੀ ਸ਼ਿੰਗਾਰਾ ਸਿੰਘ ਫਰੀਡਮ ਫਾਈਟਰ ਤੇ ਤਾਮਰ ਪੱਤਰ ਵੀ ਹਾਸਿਲ ਕਰ ਚੁੱਕੇ ਹਨ। ਸੰਦੀਪ ਕੌਰ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ ਅਤੇ ਉਨ੍ਹਾਂ ਮੋਦੀ ਸਰਕਾਰ ਨੂੰ ਜਲਦ ਤੋਂ ਜਲਦ ਇਨ੍ਹਾਂ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਅਪੀਲ ਕੀਤੀ ਹੈ।
ਘੁੰਮਣ ਭਰਾਵਾਂ ਨੇ ਮੋੜੇ ਰਾਸ਼ਟਰਪਤੀ ਪੁਲਿਸ ਮੈਡਲ
ਸੰਘਰਸ਼ਸ਼ੀਲ ਕਿਸਾਨਾਂ ਦੀ ਹਮਾਇਤ ਕਰਦਿਆਂ ਪੰਜਾਬ ਪੁਲਿਸ ਵਿਚੋਂ ਏਆਈਜੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਘੁੰਮਣ ਭਰਾਵਾਂ ਨੇ ਵੀ ਪੁਲਿਸ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਹਾਸਲ ਕੀਤੇ ‘ਰਾਸ਼ਟਰਪਤੀ ਪੁਲਿਸ ਮੈਡਲ’ ਮੋੜ ਦਿੱਤੇ ਹਨ। ਘੁੰਮਣ ਭਰਾ ਪੰਜਾਬ ਪੁਲਿਸ ‘ਚ ਐਸਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ।
ਇਨ੍ਹਾਂ ਵਿਚੋਂ ਪ੍ਰਸਿੱਧ ਬਾਕਸਰ ਰਹੇ ਦਵਿੰਦਰ ਸਿੰਘ ਘੁੰਮਣ ਨੂੰ ਰਾਸ਼ਟਰਪਤੀ ਪੁਲਿਸ ਮੈਡਲ 2006 ਵਿੱਚ ਹਾਸਲ ਹੋਇਆ ਸੀ ਜਦਕਿ ਉਨ੍ਹਾਂ ਦੇ ਛੋਟੇ ਭਰਾ ਅਮਰਜੀਤ ਸਿੰਘ ਘੁੰਮਣ ਨੇ ਇਹ ਮੈਡਲ 2012 ਵਿੱਚ ਹਾਸਲ ਕੀਤਾ ਸੀ। ਦੋਵਾਂ ਭਰਾਵਾਂ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਇਹ ਰਾਸ਼ਟਰਪਤੀ ਪੁਲਿਸ ਮੈਡਲ ਵਾਪਿਸ ਕਰਦਿਆਂ, ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਖੇਤੀ ਕਾਨੂੰਨ ਵਾਪਿਸ ਕਰਨ ਦੀ ਅਪੀਲ ਕੀਤੀ ਹੈ।
ਸਾਬਕਾ ਪੁਲਿਸ ਮੁਲਾਜ਼ਮ ਵੱਲੋਂ ਦੋ ਰਾਸ਼ਟਰਪਤੀ ਮੈਡਲ ਵਾਪਿਸ
ਬਠਿੰਡਾ ਦੀ ਹੋਮਲੈਂਡ ਕਲੋਨੀ ਵਾਸੀ ਅਤੇ ਮਾਨਸਾ ਜ਼ਿਲ੍ਹੇ ’ਚ ਲੰਬਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਸੇਵਾਮੁਕਤ ਪੁਲਿਸ ਇੰਸਪੈਕਟਰ ਹਰਪਾਲ ਸਿੰਘ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਦੋ ਰਾਸ਼ਟਰਪਤੀ ਮੈਡਲ ਕੇਂਦਰ ਸਰਕਾਰ ਨੂੰ ਵਾਪਿਸ ਕਰ ਦਿੱਤੇ ਹਨ।
ਸੇਵਾਮੁਕਤ ਅਧਿਕਾਰੀ ਨੇ ਦੋਵਾਂ ਮੈਡਲਾਂ ਨੂੰ ਕੋਰੀਅਰ ਰਾਹੀਂ ਕੇਂਦਰ ਕੋਲ ਭੇਜਿਆ ਹੈ। ਦੋਵਾਂ ਮੈਡਲਾਂ ਚੋਂ ਇੱਕ ਵਿਸ਼ਿਸ਼ਟ ਸੇਵਾ ਮੈਡਲ ਨਾਲ ਉਨ੍ਹਾਂ ਨੂੰ ਤਤਕਾਲੀ ਰਾਸ਼ਟਰਪਤੀ ਪ੍ਰਣਵ ਮੁਖਰਜੀ ਵੱਲੋਂ ਸਨਮਾਨਿਆ ਗਿਆ ਸੀ। ਇਸ ਤੋਂ ਇਲਾਵਾ 15 ਅਗਸਤ 2002 ਨੂੰ ਤਤਕਾਲੀ ਰਾਸ਼ਟਰਪਤੀ ਡਾ. ਅਬਦੁਲ ਕਲਾਮ ਨੇ ਵੀ ਉਨ੍ਹਾਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਸੀ।
ਬਾਦਲ ਅਤੇ ਢੀਂਡਸਾ ਨੇ ਵੀ ਮੋੜੇ ਵੱਡੇ ਸਨਮਾਨ
ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੇ ਸਮਰਥਨ ਵਿੱਚ ਆਪਣਾ ਪਦਮ ਵਿਭੂਸ਼ਣ ਪੁਰਸਕਾਰ ਵਾਪਿਸ ਕਰ ਦਿੱਤਾ ਸੀ। ਉਨ੍ਹਾਂ ਤੋਂ ਇਲਾਵਾ ਪਾਰਟੀ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਇਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਆਪਣਾ ਪਦਮ ਭੂਸ਼ਣ ਪੁਰਸਕਾਰ ਵਾਪਿਸ ਕਰਨ ਦਾ ਐਲਾਨ ਕੀਤਾ ਹੈ।
ਲੇਖਕ ਸੁਰਜੀਤ ਪਾਤਰ ਨੇ ਵੀ ਮੋੜਿਆ ਪਦਮ ਸ਼੍ਰੀ ਪੁਰਸਕਾਰ
ਪੰਜਾਬੀ ਦੇ ਉਘੇ ਲੇਖਕ ਅਤੇ ਕਵੀ ਸੁਰਜੀਤ ਪਾਤਰ ਨੇ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਸਮਰਥਨ ਵਿੱਚ ਪਦਮ ਸ਼੍ਰੀ ਪੁਰਸਕਾਰ ਮੋੜਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਦਮ ਸ਼੍ਰੀ ਪੁਰਸਕਾਰ ਮਿਲਣ ਵੇੇਲੇ ਦੋ ਸਤਰਾਂ ਲਿਖੀਆਂ ਸਨ ਜੋ ਇਹ ਸਨਮਾਨ ਵਾਪਿਸ ਕਰਨ ਵੇਲੇ ਉਨ੍ਹਾਂ ਨੂੰ ਮੁੜ ਚੇਤੇ ਆ ਗਈਆਂ ਹਨ।
ਅੰਮੜੀ ਮੈਨੂੰ ਆਖਣ ਲੱਗੀ: ਤੂੰ ਧਰਤੀ ਦਾ ਗੀਤ ਰਹੇਂਗਾ
ਪਦਮ ਸ਼੍ਰੀ ਵੀ ਹੋ ਕੇ ਪਾਤਰ ਤੂੰ ਮੇਰਾ ਸੁਰਜੀਤ ਰਹੇਂਗਾ।
ਉਨ੍ਹਾਂ ਤੋਂ ਇਲਾਵਾ ਪੰਜਾਬ ਦੇ ਮਸ਼ਹੂਰ ਲੇਖਕ ਯਾਦਵਿੰਦਰ ਸੰਧੂ ਨੇ ਵੀ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਾਪਿਸ ਕਰਨ ਦਾ ਐਲਾਨ ਕੀਤਾ ਹੈ। ਯਾਦਵਿੰਦਰ ਸੰਧੂ ਨੂੰ 2019 ਵਿੱਚ ਨਾਵਲ ‘ਵਕਤ ਬੀਤਿਆ ਨਹੀਂ’ ਲਈ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ, ਪਰ ਕਿਸਾਨਾਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ਦੇ ਵਤੀਰੇ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ।
ਪੰਮੀ ਬਾਈ ਨੇ ਮੋੜਿਆ ਸੰਗੀਤ ਨਾਟਕ ਅਕੈਡਮੀ ਪੁਰਸਕਾਰ
ਪੰਜਾਬੀ ਦੇ ਉੱਘੇ ਗਾਇਕ ਪੰਮੀ ਬਾਈ ਵੀ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਪਹੁੰਚੇ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਭਾਰਤ ਸਰਕਾਰ ਵੱਲੋਂ ਮਿਲੇ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਵਾਪਿਸ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕ ਵਿੱਚ ਅਤੇ ਸਰਕਾਰ ਨਾਲ ਰੋਸੇ ਵਜੋਂ ਉਹ ਆਪਣਾ ਪੁਰਸਕਾਰ ਵਾਪਿਸ ਕਰ ਰਹੇ ਹਨ।
ਹਰਭਜਨ ਮਾਨ ਨੇ ਵੀ ਠੁਕਰਾਇਕ ਭਾਸ਼ਾ ਵਿਭਾਗ ਦਾ ਸਨਮਾਨ
ਕਿਸਾਨਾਂ ਦੇ ਅੰਦੋਲਨ ਵਿੱਚ ਵਧ ਚੜਕੇ ਗਾਇਕ ਹਿੱਸਾ ਲੈ ਰਹੇ ਹਨ। ਇਸ ਕੜੀ ਵਿੱਚ ਹਰਭਜਨ ਮਾਨ ਵੀ ਕਿਸਾਨਾਂ ਦੇ ਅੰਦੋਲਨ ਵਿੱਚ ਪਹੁੰਚੇ ਜਿਸ ਤੋਂ ਬਾਅਦ ਉਸ ਨੇ ਐਲਾਨ ਕੀਤਾ ਕਿ ਉਹ ਪੰਜਾਬ ਸਰਕਾਰ ਵੱਲੋਂ ਐਲਾਨਿਆ ਸ਼੍ਰੋਮਣੀ ਪੰਜਾਬ ਸਨਮਾਨ ਨਹੀਂ ਲੈਣਗੇ।
ਦੱਸ ਦੇਈਏ ਪੰਜਾਬ ਭਾਸ਼ਾ ਵਿਭਾਗ ਵੱਲੋਂ ਤਿੰਨ ਨਵੰਬਰ ਨੂੰ ਹਰਭਜਨ ਮਾਨ ਦੇ ਨਾਂ ਦਾ ਐਲਾਨ ਕੀਤਾ ਗਿਆ ਸੀ। ਭਾਸ਼ਾ ਵਿਭਾਗ ਕਲਾ ਅਤੇ ਸਾਹਿਤ ਨਾਲ ਜੁੜੀਆ ਹਸਤੀਆਂ ਨੂੰ ਪੁਰਸਕਾਰ ਦਿੰਦਾ ਹੈ। ਇਸ ਵਾਰ ਹਰਭਜਨ ਮਾਨ ਨੂੰ ਚੁਣਿਆ ਗਿਆ ਸੀ।
ਕਿਸਾਨਾਂ ਨੂੰ ਮਿਲਿਆ ਪੱਤਰਕਾਰਾਂ ਦਾ ਸਾਥ
ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਅਤੇ ਹੋਰ ਮੀਡੀਆ ਸੰਗਠਨ, ਸੀਨੀਅਰ ਪੱਤਰਕਾਰ, ਸਾਂਝਾ ਮੁਲਾਜ਼ਮ ਮੰਚ, ਪੰਜਾਬ ਅਤੇ ਯੂਟੀ ਕਰਮਚਾਰੀ, ਪੰਜਾਬੀ ਪੱਤਰਕਾਰ ਅਤੇ ਲੇਖਕ ਮੰਚ, ਭਾਰਤੀ ਪੱਤਰਕਾਰ ਯੂਨੀਅਨ, ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ, ਇੰਡੀਅਨ ਐਕਸਪ੍ਰੈਸ ਕਰਮਚਾਰੀ ਯੂਨੀਅਨ, ਯੂ ਐਨ ਆਈ ਚੰਡੀਗੜ੍ਹ ਕਰਮਚਾਰੀ ਯੂਨੀਅਨ, ਬੁੱਧੀਜੀਵੀ ਅਤੇ ਖੇਤਰ ਦੇ ਲੇਖਕ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਭਾਰਤ ਬੰਦ ਦਾ ਸਮਰਥਨ ਕਰਨਗੇ ਅਤੇ ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਪਾਉਣਗੇ।
ਇਸ ਲਈ ਕੋਵਿਡ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦਿਆਂ, ਵਿਰੋਧ ਪ੍ਰਦਰਸ਼ਨ ਮੰਗਲਵਾਰ 8 ਦਸੰਬਰ ਨੂੰ ਸੈਕਟਰ 17 ਪਲਾਜ਼ਾ ਵਿਖੇ ਦੁਪਹਿਰ 1 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅੰਨਦਾਤਿਆਂ ਦੇ ਸਮਰਥਨ ਵਿੱਚ ਸ਼ਾਂਤਮਈ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ।
ਮਲੇਰਕੋਟਲਾ ਪ੍ਰੈਸ ਕਲੱਬ ਵੱਲੋਂ ਬੀਜੇਪੀ ਦਾ ਬਾਈਕਾਟ
ਮਲੇਰਕੋਟਲਾ ਪ੍ਰੈਸ ਕਲੱਬ ਵੱਲੋਂ ਕਿਸਾਨਾਂ ਦੇ ਹੱਕ ‘ਚ ਵੱਡਾ ਫੈਸਲਾ ਲਿਆ ਗਿਆ ਹੈ। ਮਲੇਰਕੋਟਲਾ ਪ੍ਰੈਸ ਕਲੱਬ ਦੇ ਪ੍ਰਧਾਨ ਮਹਿਬੂਬ ਅਨਵਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਦੋਂ ਤੱਕ ਬੀਜੇਪੀ ਸਰਕਾਰ ਦਿੱਲੀ ਧਰਨੇ ’ਚ ਬੈਠੇ ਕਿਸਾਨਾਂ ਦੀ ਗੱਲ ਨਹੀਂ ਸੁਣਦੀ ਉਦੋਂ ਤੱਕ ਬੀਜੇਪੀ ਦੇ ਸਾਰੇ ਪ੍ਰੋਗਰਾਮਾਂ ਦਾ ਬਾਈਕਾਟ ਕੀਤਾ ਜਾਵੇਗਾ।
Comments are closed.