Khabran da Prime Time Punjab

ਜੇ ਲ੍ਹ ਤੋਂ ਬਾਹਰ ਆਏ ਮਜੀਠੀਆ ਕਿਸ ਲਈ ਸਿਆਸੀ ਖ਼ ਤਰਾ,ਸੁਖਬੀਰ ਜਾਂ ਵਿਰੋਧੀਆਂ ਲਈ ?

5 ਮਹੀਨੇ ਬਾਅਦ ਡ ਰੱਗ ਦੇ ਇਲ ਜ਼ਾਮ ਵਿੱਚ ਬਿਕਰਮ ਮਜੀਠੀਆ ਜੇਲ੍ਹ ਤੋਂ ਬਾਹਰ ਆਏ

‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਬਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਹੁਣ ਉਹ ਸਵਾਲ ਪਿੱਛੇ ਰਹਿ ਗਏ ਹਨ ਕਿ ਡ ਰੱਗ ਮਾਮਲੇ ਵਿੱਚ ਉਨ੍ਹਾਂ ਨੂੰ ਕਿਸ ਨੇ ਫਸਾਇਆ ? ਮਜੀਠੀਆ ਹੁਣ ਉਨ੍ਹਾਂ ਖਿਲਾਫ਼ ਕੀ ਕਰਨਗੇ ? ਕਿਉਂਕਿ ਅਕਾਲੀ ਦਲ ਨਾ ਤਾਂ ਇਸ ਵੇਲੇ ਵਜ਼ਾਰਤ ਵਿੱਚ ਹੈ ਨਾ ਹੀ ਬੀਜੇਪੀ ਨਾਲ ਕੇਂਦਰ ‘ਚ ਪਾਵਰ ਸ਼ੇਅਰਿੰਗ ਦੇ ਜ਼ਰੀਏ ਉਹ ਆਪਣੇ ਸਿਆਸੀ ਦੁਸ਼ਮਣਾਂ ਨੂੰ ਨਿਪਟਾ ਸਕਦੀ ਹੈ। ਉਹ ਗੱਲ ਵਖਰੀ ਹੈ ਕਿ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਆਪਣੇ ਸਿਆਸੀ ਦੁਸ਼ਮਣਾਂ ਨੂੰ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਚਿ ਤਾਵਨੀ ਜ਼ਰੂਰ ਦੇ ਦਿੱਤੀ ਪਰ ਇਸ ਵੇਲੇ ਮਜੀਠੀਆ ਸੁਖਬੀਰ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਕਿ ਉਹ ਅਕਾਲੀ ਦਲ ਵਿੱਚ ਆਪਣੀ ਹੋਂਦ ਕਿਵੇਂ ਮੁੜ ਤੋਂ ਕਾਇਮ ਕਰਨ ?

ਇਸ ਤੋਂ ਇਲਾਵਾ ਦੂਜੀ ਪਾਰਟੀ ਦੇ ਵਿਰੋਧੀਆਂ ਦੇ ਨਾਲ ਪਾਰਟੀ ਦੀ ਅੰਦਰੂਨੀ ਬਗਾਵਤ ਨੂੰ ਕਿਵੇ ਸ਼ਾਂਤ ਕਰਨ, ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਇਸ ਰਣਨੀਤੀ ਵਿੱਚ ਸੁਖਬੀਰ ਬਾਦਲ ਬਿਕਰਮ ਸਿੰਘ ਮਜੀਠੀਆ ਨੂੰ ਕਿਸ ਰੋਲ ਵਿੱਚ ਵੇਖਣਾ ਪਸੰਦ ਕਰਦੇ ਨੇ, ਇਹ ਇੱਕ ਵੱਡਾ ਸਵਾਲ ਹੈ ? ਕਿਉਂਕਿ ਉੱਚੇ ਲੰਮੇ ਮਜੀਠੀਆ ਦਾ ਸਿਰਫ਼ ਕੱਦ ਹੀ ਲੰਮਾ ਨਹੀਂ ਹੈ ਬਲਕਿ ਪਾਰਟੀ ਵਿੱਚ ਵੀ ਉਨ੍ਹਾਂ ਦਾ ਰੁਤਬਾ ਵੱਡਾ ਹੈ। ਅਕਾਲੀ ਦਲ ਵਿੱਚ ਇਸ ਵੇਲੇ ਉਹ ਦੂਜੇ ਨੰਬਰ ‘ਤੇ ਹਨ। ਸੁਖਬੀਰ ਵੀ ਇਹ ਜਾਣਦੇ ਨੇ ਅਤੇ ਪਾਰਟੀ ਦੇ ਆਗੂ ਵੀ ਇਸ ਤੋਂ ਅੰਜਾਣ ਨਹੀਂ ਹਨ। ਇਸੇ ਲਈ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਭੈਣ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਉਨ੍ਹਾਂ ਦੇ ਭਰਾ ਵਿੱਚ ਵਿਰੋਧੀਆਂ ਨੂੰ ਨਜਿੱਠਣ ਦੀ ਕਾਬਲੀਅਤ ਹੈ ਅਤੇ ਉਹ ਪਾਰਟੀ ਵਿੱਚ ਜਾਨ ਫੂਕ ਦੇਣਗੇ ਪਰ ਸਵਾਲ ਇਹ ਹੈ ਕਿ ਮਜੀਠੀਆ ਦਾ ਪਾਰਟੀ ਵਿੱਚ ਰੋਲ ਕੀ ਰਹੇਗਾ ?

ਕੀ ਸੁਖਬੀਰ ਉਨ੍ਹਾਂ ਨੂੰ ਅੱਗੇ ਕਰਨਗੇ ? ਜੇਕਰ ਕਰਦੇ ਨੇ ਤਾਂ ਕੀ ਪਾਰਟੀ ਪ੍ਰਧਾਨ ਦੇ ਰੂਪ ਵਿੱਚ ਮਜੀਠੀਆ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਨਜ਼ਰ ਆਉਣਗੇ ? ਜਾਂ ਫਿਰ ਵਿਰੋਧੀਆਂ ਖਿਲਾਫ਼ ਮੋਰਚੇ ਬੰਦੀ ਅਤੇ ਪਾਰਟੀ ਵਿੱਚ ਬਗਾਵਤ ਨੂੰ ਠੰਡਾ ਕਰਨ ਲਈ ਦੇ ਲਈ ਸੁਖਬੀਰ ਉਨ੍ਹਾਂ ਨੂੰ ਕੋਈ ਅਹਿਮ ਜ਼ਿੰਮੇਵਾਰੀ ਸੌਂਪ ਸਕਦੇ ਨੇ। ਦੋਵਾਂ ਕਿਰਦਾਰਾਂ ਵਿੱਚ ਮਜੀਠੀਆ ਸੁਖਬੀਰ ਲਈ ਵੱਡਾ ਖ਼ਤਰਾ ਬਣ ਸਕਦੇ ਹਨ।

ਮਜੀਠੀਆ ਸੁਖਬੀਰ ਲਈ ਖ਼ਤਰਾ !

ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਸਾਹਮਣੇ ਵੀ ਵੱਡੀਆਂ ਚੁਣੌਤੀਆਂ ਨੇ ਕਿ ਉਹ ਆਪਣੀ ਸਿਆਸਤ ਨੂੰ ਨਾ ਸਿਰਫ ਨਵੇਂ ਸਿਰੇ ਤੋਂ ਸ਼ੁਰੂ ਕਰਨ ਬਲਕਿ ਆਉਣ ਵਾਲੇ ਮਹੀਨੀਆਂ ਵਿੱਚ ਪਾਰਟੀ ਵਿੱਚ ਸਭ ਤੋਂ ਵੱਡੀ ਕੁਰਸੀ ਹਾਸਲ ਕਰਨ. ਉਹ ਫਿਰ ਪ੍ਰਧਾਨਗੀ ਦੀ ਕੁਰਸੀ ਵੀ ਹੋ ਸਕਦੀ ਹੈ। ਅਕਾਲੀ ਦਲ ਇਸ ਵੇਲੇ ਜਿਸ ਤਰ੍ਹਾਂ ਦੇ ਹਾਲਾਤਾਂ ਤੋਂ ਗੁਜ਼ਰ ਰਿਹਾ ਹੈ , ਇਸ ਤੋਂ ਚੰਗਾ ਮੌਕਾ ਮਜੀਠੀਆ ਨੂੰ ਨਹੀਂ ਮਿਲ ਸਕਦਾ ਹੈ। ਪਾਰਟੀ ਦੇ ਨੌਜਵਾਨ ਆਗੂਆਂ ਵਿੱਚ ਮਜੀਠੀਆ ਦਾ ਪਹਿਲਾਂ ਹੀ ਮਜਬੂਤ ਅਧਾਰ ਹੈ। ਪਾਰਟੀ ਨੂੰ ਇੱਕਜੁਟ ਕਰਨ ਦੀ ਕਲਾਂ ਉਨ੍ਹਾਂ ਵਿੱਚ ਮੌਜੂਦ ਹੈ। ਵਿਰੋਧੀਆਂ ਦੇ ਸਾਹਮਣੇ ਡੱਟ ਕੇ ਖੜੇ ਹੋਣ ਦੀ ਬਿਕਰਮ ਸਿੰਘ ਮਜੀਠੀਆ ਵਿੱਚ ਕਾਬਲੀਅਤ ਹੈ।

ਹੁਣ ਸਵਾਲ ਇਹ ਹੈ ਕਿ ਸੁਖਬੀਰ ਕੀ ਆਪਣੇ ਖਿਲਾਫ਼ ਬਗਾਵਤ ਨੂੰ ਸ਼ਾਂਤ ਕਰਨ ਦੇ ਲਈ ਮਜੀਠੀਆ ਨੂੰ ਆਉਣ ਵਾਲੇ ਦਿਨਾਂ ਵਿੱਚ ਪ੍ਰਧਾਨਗੀ ਅਹੁਦੇ ਦੀ ਕੁਰਸੀ ਸੌਂਪ ਸਕਦੇ ਨੇ ? ਇਸ ਵਿੱਚ ਸੁਖਬੀਰ ਸਾਹਮਣੇ 2 ਖ਼ਤਰੇ ਨੇ। ਪਹਿਲਾਂ ਬਾਦਲ ਪਰਿਵਾਰ ਦੀ ਪਾਰਟੀ ‘ਤੇ ਪਕੜ ਢਿੱਲੀ ਹੋ ਸਕਦੀ ਹੈ। ਦੂਜਾ ਜੇਕਰ ਪ੍ਰਧਾਨਗੀ ਦੀ ਕੁਰਸੀ ‘ਤੇ ਰਹਿੰਦੇ ਹੋਏ ਮਜੀਠੀਆ ਆਪਣੀ ਕਾਬਲੀਅਤ ਸਾਬਿਤ ਕਰ ਦਿੰਦੇ ਨੇ ਤਾਂ ਫਿਰ ਉਹ ਪਿੱਛੇ ਮੁੜ ਕੇ ਨਹੀਂ ਵੇਖਣਗੇ। ਸਿਆਸਤ ਦਾ ਇਹ ਤਕਾਜ਼ਾ ਹਰ ਪਰਿਵਾਰ ਦੇਸ਼ ਅਤੇ ਸੂਬੇ ਵਿੱਚ ਲਾਗੂ ਹੁੰਦਾ ਹੈ। ਸੁਖਬੀਰ ਵੀ ਮਜੀਠੀਆ ਦੀ ਸਿਆਸੀ ਤਾਕਤ ਤੋਂ ਜਾਣੂ ਨੇ। ਅੱਠ ਸਾਲ ਪਹਿਲਾਂ ਸੁਖਬੀਰ ਬਾਦਲ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਵਿੱਚ ਵੱਡਾ ਇਸ਼ਾਰਾ ਕਰਦੇ ਹੋਏ ਕਿਹਾ ਕਿ ਵਿਰੋਧੀ ਕਹਿੰਦੇ ਨੇ ਪੰਜਾਬ ਦੀ ਸਿਆਸਤ ਵਿੱਚ ਮਜੀਠੀਆ ਖਾਨਦਾਰ ਦਾ ਦਬਦਬਾ ਵੱਧ ਰਿਹਾ ਹੈ। ਸਿਆਸੀ ਗਲਿਆਰਿਆਂ ਵਿੱਚ ਵੀ ਇਹ ਚਰਚਾ ਸ਼ੁਰੂ ਤੋਂ ਸੁਣੀ ਗਈ ਹੈ ਕਿ ਮਜੀਠੀਆ ਦੇ ਵਧ ਦੇ ਕੱਦ ਤੋਂ ਪ੍ਰਕਾਸ਼ ਸਿੰਘ ਬਾਦਲ ਨਰਾਜ਼ ਸਨ। ਖਾਸ ਕਰਕੇ ਡਰੱਗ ਮਾਮਲੇ ਵਿੱਚ ਜਿਸ ਤਰ੍ਹਾਂ ਵਿਰੋਧੀਆਂ ਨੇ ਮਜੀਠੀਆ ਦਾ ਨਾਂ ਲੈ ਕੇ ਪਾਰਟੀ ਨੂੰ ਘੇਰਿਆ, ਉਸ ਦਾ ਖਾਮਿਆਜ਼ਾ ਪਾਰਟੀ ਨੂੰ 2 ਚੋਣਾਂ ਵਿੱਚ ਭੁਗਤਨਾ ਪਿਆ।

ਹੁਣ ਫਿਰ ਸਵਾਲ ਇਹ ਹੈ ਕਿ ਮਜੀਠੀਆ ਨੂੰ ਸੁਖਬੀਰ ਬਾਦਲ ਕੀ ਜਿੰਮੇਵਾਰੀ ਦੇਣਗੇ ? ਹੋ ਸਕਦਾ ਹੈ ਕਿ ਸੁਖਬੀਰ ਬਾਦਲ ਮਜੀਠੀਆ ਨੂੰ ਪਾਰਟੀ ਵਿੱਚ ਕਿਸੇ ਵੱਡੇ ਅਹੁਦੇ ਤੋਂ ਦੂਰ ਰੱਖ ਕੇ ਵਿਰੋਧੀ ਧਿਰਾਂ ਨੂੰ ਘੇਰਨ ਦੀ ਜ਼ਿੰਮੇਵਾਰੀ ਦੇਣ ਪਰ ਇੱਥੇ ਵੀ ਬਿਕਰਮ ਸਿੰਘ ਮਜੀਠੀਆ ਦਾ ਕੱਦ ਵਧਣਾ ਤੈਅ ਹੈ,ਕਿਉਂਕਿ ਪਾਰਟੀ ਵਰਕਰਾਂ ਨਾਲ ਮਜੀਠੀਆ ਦਾ ਤਾਲਮੇਲ ਵਧੇਗਾ ਅਤੇ ਵਿਰੋਧੀਆਂ ਨੂੰ ਘੇਰਨ ਦੀ ਵਜ੍ਹਾ ਕਰਕੇ ਉਹ ਪਾਰਟੀ ਦਾ ਸਭ ਤੋਂ ਵੱਡਾ ਚਿਹਰਾ ਬਣ ਕੇ ਉਭਰਨਗੇ, ਆਉਣ ਵਾਲੇ ਦਿਨਾਂ ਵਿੱਚ ਪਾਰਟੀ ਵਿੱਚ ਮਜੀਠੀਆ ਦੀ ਤਾਕਤ ਵਧਣੀ ਤੈਅ ਹੈ ਕਿਉਂਕਿ ਸੁਖਬੀਰ ਇਸ ਵੇਲੇ ਮਜੀਠੀਆ ਨਾਲ ਜ਼ਿਆਦਾ ਸਿਆਸੀ ਤੋਲ-ਮੋਲ ਨਹੀਂ ਕਰ ਸਕਦੇ ਨੇ। ਸੁਖਬੀਰ ਬਾਦਲ ਨੂੰ ਪਾਰਟੀ ਦੇ ਵਿੱਚ ਉੱਠ ਰਹੀਆਂ ਬਾਗੀ ਸੁਰਾਂ ਤੋਂ ਜ਼ਿਆਦਾ ਮਜੀਠੀਆ ਤੋਂ ਵਧ ਖ਼ਤਰਾ ਹੈ ਕਿਉਂਕਿ ਬੀਜੇਪੀ ਸਮੇਤ ਵਿਰੋਧੀ ਵੀ ਇਹ ਜਾਣ ਦੇ ਨੇ ਮਜੀਠੀਆ ਦਾ ਜੇਲ੍ਹ ਤੋਂ ਬਾਹਰ ਆਉਣ ਦਾ ਮਤਲਬ ਕੀ ਹੈ, ਭਾਵੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਜੀਠੀਆ ਨੂੰ ਹੁਣ ਵੀ ਡਰੱਗ ਮਾਮਲੇ ਵਿੱਚ ਘੇਰ ਰਹੇ ਨੇ ਪਰ ਬੀਜੇਪੀ ਦੇ ਹਰ ਆਗੂ ਨੇ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਦਾ ਸੁਆਗਤ ਕੀਤਾ ਹੈ, ਕਿਉਂਕਿ ਕਿਧਰੇ ਨਾ ਕਿਧਰੇ ਬੀਜੇਪੀ ਵੀ ਮਜੀਠੀਆ ਨੂੰ ਪੰਜਾਬ ਦੀ ਸਿਆਸਤ ਦੇ ਵੱਡੇ ਚਿਹਰੇ ਦੇ ਤੌਰ ਤੇ ਵੇਖ ਰਹੀ ਹੈ,ਜਿੱਥੇ ਤੱਕ ਗੱਲ ਰਹੀ ਮਜੀਠੀਆ ਦੇ ਡਰੱਗ ਕੇਸ ਵਿੱਚ ਜੇਲ੍ਹ ਜਾਣ ਦੀ ਇਹ ਵੀ ਮਜੀਠੀਆ ਦੇ ਸਿਆਸੀ ਭਵਿੱਖ ਨੂੰ ਹੋਰ ਮਜ਼ਬੂਤ ਕਰੇਗਾ।

ਜੇਲ੍ਹ ਜਾਣ ਤੋਂ ਬਾਅਦ ਮਜੀਠੀਆ ਹੋਰ ਮਜ਼ਬੂਤ ਹੋਏ

ਚੰਨੀ ਸਰਕਾਰ ਵੇਲੇ ਬਿਕਰਮ ਸਿੰਘ ਮਜੀਠੀਆ ਜਦੋਂ ਜੇਲ੍ਹ ਗਏ ਸਨ ਤਾਂ ਕਈ ਸਿਆਸੀ ਜਾਣਕਾਰਾਂ ਦਾ ਕਹਿਣਾ ਸੀ ਕਿ ਇਹ ਮਜੀਠੀਆ ਦੇ ਸਿਆਸੀ ਭਵਿੱਖ ਲਈ ਖ਼ਤਰਾ ਹੈ ਪਰ ਮਜੀਠੀਆ ਨੂੰ ਜ਼ਮਾਨਤ ਦੇਣ ਵੇਲੇ ਹਾਈਕੋਰਟ ਦੀ ਡਬਲ ਬੈਂਚ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਉਹ ਮਜੀਠੀਆ ਲਈ ਕਿਸੇ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਨੇ। ਅਦਾਲਤ ਦੀ ਸਭ ਤੋਂ ਅਹਿਮ ਟਿੱਪਣੀ ਸੀ ਮਜੀਠੀਆ ਕੇਸ ਵਿੱਚ ਨਾ ਕਸੂਰਵਾਰ ਹੈ ਨਾ ਹੀ ਉਸ ਦੀ ਉਮੀਦ ਹੈ ਨਾ ਹੀ ਅਜਿਹਾ ਲੱਗ ਰਿਹਾ ਹੈ ਕਿ ਜ਼ਮਾਨਤ ਮਿਲਣ ਤੋਂ ਬਾਅਦ ਉਹ ਕੋਈ ਅਜਿਹਾ ਕ੍ਰਾਈਮ ਕਰੇਗਾ। ਸਿਰਫ਼ ਇਨ੍ਹਾਂ ਹੀ ਨਹੀਂ, ਅਦਾਲਤ ਨੇ 5 ਮਹੀਨੇ ਦੌਰਾਨ ਪੁਲਿਸ ਵੱਲੋਂ ਇੱਕ ਵੀ ਠੋਸ ਸਬੂਤ ਮਜੀਠੀਆ ਖਿਲਾਫ਼ ਨਾ ਪੇਸ਼ ਕਰਨ ‘ਤੇ ਸਖਤ ਟਿੱਪਣੀ ਕੀਤੀ ਹੈ।

ਮਜੀਠੀਆ ਆਪਣੇ ਪੱਖ ਵਿੱਚ ਹਾਈਕੋਰਟ ਦੀਆਂ ਇਨ੍ਹਾਂ ਟਿੱਪਣੀਆਂ ਦੇ ਜ਼ਰੀਏ ਹੀ ਪਾਰਟੀ ਅਤੇ ਸੂਬੇ ਵਿੱਚ ਆਪਣਾ ਅਧਾਰ ਮਜ਼ਬੂਤ ਬਣਾ ਸਕਦੇ ਨੇ, ਵੈਸੇ ਵੀ ਹਰ ਪੰਜ ਸਾਲ ਬਾਅਦ ਸਿਆਸਤ ਵਿੱਚ ਮੁੱਦੇ ਬਦਲ ਦੇ ਨੇ, ਕੁੱਲ ਮਿਲਾ ਕੇ ਬਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਤੋਂ ਬਾਅਦ ਵਾਲੀ ਸਿਆਸੀ ਇਨਿੰਗ ਦਿਲਚਸਪ ਰਹਿਣ ਵਾਲੀ ਹੈ, ਮਜੀਠੀਆ ਖ਼ਤਰਾ ਸਿਰਫ਼ ਅਤੇ ਸਿਰਫ਼ ਸੁਖਬੀਰ ਬਾਦਲ ਲਈ ਨੇ, ਵਿਰੋਧੀਆਂ ਲਈ ਤਾਂ ਉਹ ਸਿਰਫ਼ ਸਿਆਸੀ ਵਿਰੋਧੀ ਹਨ।