Punjab

ਵਜ਼ਾਰਤ ਤੋਂ ਬਾਅਦ ਹੁਣ ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ!

ਬਿਉਰ ਰਿਪੋਰਟ: ਪੰਜਾਬ ਮੰਤਰੀ ਮੰਡਲ ਦੇ ਫੇਰਬਦਲ ਤੋਂ ਬਾਅਦ ‘ਆਪ’ ਸਰਕਾਰ ਨੇ ਹੁਣ ਪੰਜਾਬ ਵਿੱਚ ਅਮਨ-ਕਾਨੂੰਨ ਨੂੰ ਬਣਾਈ ਰੱਖਣ ਅਤੇ ਅਧਿਕਾਰੀਆਂ ਦੀ ਕੰਮ ਪ੍ਰਤੀ ਲਗਨ ਨੂੰ ਧਿਆਨ ਵਿੱਚ ਰੱਖਦਿਆਂ ਹੋਏ ਡੀਐੱਸਪੀ ਪੱਧਰ ਦੇ ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਇਸ ਵਿੱਚ ਡੀਜੀਪੀ ਪੰਜਾਬ ਨੇ ਪੁਲਿਸ ਵਿਭਾਗ ਵਿੱਚ ਫੇਰਬਦਲ ਕਰ ਦਿੱਤਾ ਹੈ ਅਤੇ 143 ਡੀਐਸਪੀਜ਼ ਦੇ ਤਬਾਦਲੇ ਕੀਤੇ ਹਨ। ਕਈ ਖ਼ਾਲੀ ਅਸਾਮੀਆਂ ’ਤੇ ਨਵੇਂ ਅਧਿਕਾਰੀ ਤਾਇਨਾਤ ਕੀਤੇ ਗਏ ਹਨ।

ਡੀਜੀਪੀ ਵੱਲੋਂ ਜਾਰੀ ਹੁਕਮਾਂ ਵਿੱਚ ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿੱਚ ਕਪੂਰਥਲਾ ਜ਼ਿਲ੍ਹੇ ਦੇ 10 ਡੀਐਸਪੀਜ਼ ਦੇ ਤਬਾਦਲੇ ਕੀਤੇ ਗਏ ਹਨ। ਜਾਰੀ ਹੁਕਮਾਂ ਵਿੱਚ ਹੁਸ਼ਿਆਰਪੁਰ ਵਿੱਚ ਤਾਇਨਾਤ ਡੀਐਸਪੀ ਦੀਪ ਕਰਨ ਸਿੰਘ ਨੂੰ ਡੀਐਸਪੀ ਕਪੂਰਥਲਾ ਸਬ-ਡਵੀਜ਼ਨ ਅਤੇ ਡੀਐਸਪੀ ਸਬ-ਡਵੀਜ਼ਨ ਕਪੂਰਥਲਾ ਹਰਪ੍ਰੀਤ ਸਿੰਘ ਨੂੰ ਜਲੰਧਰ ਵਿੱਚ ਏਸੀਪੀ ਪੀਬੀਆਈ ਤਾਇਨਾਤ ਕੀਤਾ ਗਿਆ ਹੈ।

ਕਪੂਰਥਲਾ ਵਿੱਚ ਡੀਐਸਪੀ ਪੀਬੀਆਈ ਭਾਰਤ ਭੂਸ਼ਣ ਨੂੰ ਸਬ ਡਵੀਜ਼ਨ ਫਗਵਾੜਾ ਦਾ ਚਾਰਜ ਦਿੱਤਾ ਗਿਆ ਹੈ। ਫਗਵਾੜਾ ਵਿੱਚ ਤਾਇਨਾਤ ਡੀਐਸਪੀ ਜਸਪ੍ਰੀਤ ਸਿੰਘ ਨੂੰ ਡੀਐਸਪੀ (ਡੀ) ਕਪੂਰਥਲਾ, ਕਪੂਰਥਲਾ ਦੇ ਡੀਐਸਪੀ (ਡੀ) ਗੁਰਮੀਤ ਸਿੰਘ ਨੂੰ ਸੁਲਤਾਨਪੁਰ ਲੋਧੀ, ਸੁਲਤਾਨਪੁਰ ਲੋਧੀ ਦੇ ਡੀਐਸਪੀ ਵਿਪਨ ਕੁਮਾਰ ਨੂੰ ਡੀਐਸਪੀ ਫਤਿਹਗੜ੍ਹ ਚੂੜੀਆਂ ਤਾਇਨਾਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਤਾਇਨਾਤ ਡੀਐਸਪੀ ਸੁਖਪਾਲ ਸਿੰਘ ਨੂੰ ਕਪੂਰਥਲਾ ਡੀਐਸਪੀ ਪੀਬੀਆਈ, ਬੰਗਾ ਦੇ ਡੀਐਸਪੀ ਦਲਜੀਤ ਸਿੰਘ ਖੱਖ ਨੂੰ ਡੀਐਸਪੀ (ਐਚਕਿਊ) ਕਪੂਰਥਲਾ ਅਤੇ ਕਪੂਰਥਲਾ ਵਿੱਚ ਤਾਇਨਾਤ ਡੀਐਸਪੀ ਕੁਲਵੰਤ ਸਿੰਘ ਨੂੰ ਜਲੰਧਰ ਵਿੱਚ ਤਾਇਨਾਤ ਕੀਤਾ ਗਿਆ ਹੈ।