Punjab

PM ਮੋਦੀ ਦੀ ਅਕਾਲੀ ਬੀਜੇਪੀ ਗਠਜੋੜ ਦੀ ਤਾਰੀਫ ! ਦੋਵਾਂ ਪਾਰਟੀਆਂ ਦੇ ਦਿੱਗਜ ਆਗੂਆਂ ਦੇ ਵੱਲੋਂ ਗਠਜੋੜ ਦੀ ਵਕਾਲਤ

ਬਿਊਰੋ ਰਿਪੋਰਟ : ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 90 ਦੇ ਦਹਾਕੇ ਵਿੱਚ ਕੇਂਦਰ ਦੀ ਸਿਆਸਤ ਵਿੱਚ ਅਹਿਮ ਰੋਲ ਅਦਾ ਕੀਤਾ ਸੀ । ਬੀਜੇਪੀ ਗਠਜੋੜ ਵਾਲੇ NDA ਨੂੰ ਖੜਾਂ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਸਭ ਤੋਂ ਅਹਿਮ ਸੀ । ਬਾਦਲ ਉਨ੍ਹਾਂ ਪਾਰਟੀਆਂ ਨੂੰ ਵੀ ਗਠਜੋੜ ਵਿੱਚ ਲੈਕੇ ਆਏ ਸਨ ਜੋ ਬੀਜੇਪੀ ਨਾਲ ਕਦੇ ਵੀ ਸਿਆਸੀ ਪੱਧਰ ‘ਤੇ ਖੜੀ ਨਹੀਂ ਹੋ ਸਕਦੀਆਂ ਸਨ । ਅਕਾਲੀ ਦਲ ਬੀਜੇਪੀ ਦਾ ਸਭ ਤੋਂ ਲੰਮਾ ਅਤੇ ਪੁਰਾਣਾ ਭਾਈਵਾਲ ਰਿਹਾ ਹੈ, ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਹੁਣ ਮੁੜ ਤੋਂ ਇਸ਼ਾਰੇ ਮਿਲ ਨੇ ਸ਼ੁਰੂ ਹੋ ਗਏ ਹਨ ਕਿ ਇਹ ਗਠਜੋੜ ਮੁੜ ਤੋਂ ਸੁਰਜੀਤ ਹੋ ਸਕਦਾ ਹੈ । ਸਭ ਤੋਂ ਵੱਡਾ ਇਸ਼ਾਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਮਿਲਿਆ ਹੈ ਉਸ ਤੋਂ ਇਲਾਵਾ ਅਕਾਲੀ ਦਲ ਅਤੇ ਬੀਜੇਪੀ ਦੇ ਦਿੱਗਜ ਆਗੂਆਂ ਨੇ ਵੀ ਪ੍ਰਕਾਸ਼ ਸਿੰਘ ਬਾਦਲ ਦੇ ਸਸਕਾਰ ਦੌਰਾਨ ਇਸ ਦੀ ਵਕਾਲਤ ਕੀਤੀ ਸੀ ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਬਿਆਨ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ‘ਤੇ ਇੱਕ ਲੇਖ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਦੇ ਨਾਲ ਰਿਸ਼ਤਿਆਂ ਦਾ ਜ਼ਿਕਰ ਕਰਦੇ ਹੋਏ ਗਠਜੋੜ ਨੂੰ ਲੈਕੇ ਵੀ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਕਿਹਾ 1997 ਵਿੱਚ ਸੂਬੇ ਵਿੱਚ ਬਹੁਤ ਗੜਬੜ ਹੋਈ ਸੀ ਅਤੇ ਚੋਣਾਂ ਹੋਣੀਆਂ ਸਨ ਸਾਡੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਹੋ ਕੇ ਲੋਕਾਂ ਦੇ ਵਿੱਚ ਗਏ ਅਤੇ ਬਾਦਲ ਸਾਬ੍ਹ ਸਾਡੇ ਆਗੂ ਸਨ ਉਨ੍ਹਾਂ ਦੀ ਮੁੱਖ ਮੰਤਰੀ ਦੇ ਤੌਰ ‘ਤੇ ਭਰੋਸੇ ਯੋਗਤਾ ਦਾ ਕੋਈ ਮੁਕਾਬਲਾ ਨਹੀਂ ਸੀ । ਲੋਕਾਂ ਨੇ ਸਾਨੂੰ ਸ਼ਾਨਦਾਰ ਜਿੱਤ ਦੇ ਨਾਲ ਨਵਾਜ਼ਿਆ । ਸਿਰਫ ਇਨ੍ਹਾਂ ਹੀ ਨਹੀਂ ਸਾਡੇ ਗਠਜੋੜ ਨੇ ਚੰਡੀਗੜ੍ਹ ਨਗਰ ਨਿਗਮ ਵਿੱਚ ਵੀ ਜਿੱਤ ਹਾਸਲ ਕੀਤੀ ਸੀ । ਸ਼ਹਿਰ ਦੀ ਲੋਕਸਭਾ ਸੀਟ ਵੀ ਗਠਜੋੜ ਨੇ ਜਿੱਤੀ ਸੀ । ਉਨ੍ਹਾਂ ਦੀ ਅਜਿਹੀ ਸ਼ਖਸੀਅਤ ਸੀ ਕਿ ਸਾਡਾ ਗਠਜੋੜ 1997 ਤੋਂ ਲੈਕੇ 2020 ਤੱਕ ਚੱਲਿਆ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗਠਜੋੜ ਦੀ ਮਜ਼ਬੂਤੀ ਨੂੰ ਲੈਕੇ ਜਿਹੜਾ ਬਿਆਨ ਦਿੱਤਾ ਹੈ ਉਸ ਨੂੰ ਸਿਆਸੀ ਜਾਨਕਾਰ ਵੱਡੇ ਇਸ਼ਾਰੇ ਦੇ ਤੌਰ ‘ਤੇ ਵੇਖ ਰਹੇ ਹਨ ਅਤੇ ਮੁੜ ਤੋਂ ਗਠਜੋੜ ਦੀਆਂ ਅਟਕਨਾਂ ਸ਼ੁਰੂ ਹੋ ਗਈਆਂ ਹਨ । ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਕਾਲੀ ਦਲ ਅਤੇ ਬੀਜੇਪੀ ਗਠਜੋੜ ਨਾਲ ਦੋਵਾਂ ਪਾਰਟੀਆਂ ਨੂੰ ਫਾਇਦਾ ਹੋਇਆ ਹੈ ਅਤੇ ਅੱਗੇ ਵੀ ਹੋ ਸਕਦਾ ਹੈ। ਇਸੇ ਲਈ ਦੋਵਾਂ ਪਾਰਟੀਆਂ ਦੇ ਆਗੂ ਇਸ ਦੀ ਜ਼ੋਰਦਾਰ ਵਕਾਲਤ ਕਰ ਰਹੇ ਹਨ ।

ਜਿਆਣੀ ਤੇ ਸਾਂਪਲਾ ਨੇ ਕੀਤੀ ਗਠਜੋੜ ਦੀ ਵਕਾਲਤ

ਬੀਜੇਪੀ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਸਿਫਾਰਿਸ਼ ਕੀਤੀ ਹੈ ਕਿ ਇੱਕ ਵਾਰ ਮੁੜ ਤੋਂ ਅਕਾਲੀ ਦਲ ਅਤੇ ਬੀਜੇਪੀ ਦੇ ਵਿਚਾਲੇ ਗਠਜੋੜ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਮੈਂ ਹਰ ਇੱਕ ਮੀਟਿੰਗ ਵਿੱਚ ਇਹ ਸਿਫਾਰਿਸ਼ ਕਰਦਾ ਹਾਂ ਕਿ ਸਾਡਾ ਗਠਜੋੜ ਮੁੜ ਤੋਂ ਹੋਣਾ ਚਾਹੀਦਾ ਹੈ । ਪੰਜਾਬ ਦਾ ਭਲਾ ਇਸੇ ਦੇ ਵਿੱਚ ਹੈ ਕਿ ਅਸੀਂ ਦੋਵੇਂ ਇਕੱਠੇ ਹੋ ਕੇ ਸਿਆਸੀ ਲੜਾਈ ਵਿਰੋਧੀਆਂ ਦੇ ਖਿਲਾਫ ਲੜੀਏ । ਜਿਆਣੀ ਨੇ ਕਿਹਾ ਬਾਦਲ ਸਾਹਿਬ ਦੀ ਸੋਚ ਪੰਜਾਬ ਦੇ ਹਿੱਤ ਲਈ ਸੀ, ਕਿਸਾਨਾਂ ਦੀ ਭਲਾਈ ਲਈ ਇਸ ਲਈ ਹਿੰਦੂ-ਸਿੱਖ ਏਕਤਾ ਦੇ ਲਈ ਵੀ ਇਹ ਗਠਜੋੜ ਹੋਣਾ ਚਾਹੀਦਾ ਹੈ । ਉਧਰ ਕੌਮੀ ਐੱਸਸੀ ਕਮਿਸ਼ਨ ਦੇ ਚੇਅਰਮੈਨ ਅਤੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਵੀ ਗਠਜੋੜ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਜਿੰਨਾਂ ਚਿਰ ਅਕਾਲੀ ਅਤੇ ਬੀਜੇਪੀ ਦਾ ਗਠਜੋੜ ਹੋਇਆ ਸਾਨੂੰ ਫਾਇਦਾ ਹੋਇਆ ਸੀ ।

ਵਲਟੋਹਾ ਨੇ ਵੀ ਕੀਤੀ ਗਠਜੋੜ ਦੀ ਹਮਾਇਤ ਕੀਤੀ

ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਚਾਹੁੰਦੇ ਸਨ ਕਿ ਬੀਜੇਪੀ ਨਾਲ ਰਿਸ਼ਤਾ ਨਹੀਂ ਟੁੱਟਣਾ ਚਾਹੀਦਾ ਹੈ, ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਅਕਾਲੀ ਦਲ ਅਤੇ ਬੀਜੇਪੀ ਮਿਲ ਕੇ ਲੋਕਾਂ ਦੀ ਸੇਵਾ ਕਰਨ । ਜੇਕਰ ਭਾਰਤੀ ਜਨਤਾ ਪਾਰਟੀ ਵੀ ਇਹ ਗੱਲ ਸੋਚ ਦੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ, ਵਿਰਸਾ ਸਿੰਘ ਵਲਟੋਹਾ ਨੇ ਕਿਹਾ ਹਾਲਾਂਕਿ ਪਾਰਟੀ ਵਿੱਚ ਵੀ ਕਈ ਅਜਿਹੇ ਆਗੂ ਹਨ ਜੋ ਇਕੱਲੇ ਰਹਿਣ ਦੇ ਹੱਕ ਵਿੱਚ ਹਨ। ਉਨ੍ਹਾਂ ਕਿਹਾ ਸਾਨੂੰ ਪ੍ਰਕਾਸ਼ ਸਿੰਘ ਬਾਦਲ ਦੀ ਇੱਛਾ ਨੂੰ ਮੁਖ ਰੱਖ ਦੇ ਹੋਏ ਇਸ ‘ਤੇ ਸੋਚਣਾ ਚਾਹੀਦਾ ਹੈ, ਜਿਆਣਾ ਸਾਹਿਬ ਨੇ ਜੋ ਕਿਹਾ ਹੈ ਉਹ ਚੰਗੀ ਗੱਲ ਹੈ ।