ਬਿਉਰੋ ਰਿਪੋਰਟ – ਪਰਲਸ ਗਰੁੱਪ (Pearls Group) ਦੇ ਮਾਲਿਕ ਨਿਰਮਲ ਸਿੰਘ ਭੰਗੂ (Nirmal Singh Bhangu) ਦੀ ਮੌਤ ਤੋਂ ਬਾਅਦ ਅੱਜ ਉਨ੍ਹਾਂ ਦਾ ਮੁਹਾਲੀ ਵਿੱਚ ਅੰਤਿਮ ਸਸਕਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਧੀ ਬਰਿੰਦਰ ਕੌਰ ਭੰਗੂ ਨੇ ਇੱਕ ਪਬਲਿਕ ਨੋਟਿਸ ਜਾਰੀ ਕਰਕੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਾਰਾ ਪੈਸਾ ਵਾਪਸ ਕਰਨਗੇ। ਪਰਲਸ ਗਰੁੱਪ ਦੇ ਤਕਰੀਬਨ ਸਾਢੇ ਪੰਜ ਕਰੋੜ ਤੋਂ ਵੱਧ ਨਿਵੇਸ਼ਕਾਂ ਦੇ ਪੈਸੇ ਦੇਣੇ ਹਨ।
ਧੀ ਬਰਿੰਦਰ ਕੌਰ ਭੰਗੂ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਲੋਡਾ ਕਮੇਟੀ ਇਸ ਪੂਰੇ ਮਾਮਲੇ ਨੂੰ ਵੇਖ ਰਹੀ ਹੈ ਸਾਡਾ ਪਰਿਵਾਰ ਉਸ ਨਾਲ ਪੂਰਾ ਸਹਿਯੋਗ ਕਰੇਗਾ। ਉਨ੍ਹਾਂ ਨੇ ਕਿਹਾ ਮੇਰੇ ਪਿਤਾ ਦਾ ਸੁਪਨਾ ਸੀ ਕਿ ਉਹ ਆਪਣੇ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ। ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦੀ ਕਿ ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਾਂਗੀ ਤਾਂ ਕਿ ਤੁਹਾਡਾ ਅਧਿਕਾਰ ਮਿਲ ਸਕੇ।
ਲੋਡਾ ਕਮੇਟੀ ਨੇ ਪਰਲਸ ਗਰੁੱਪ ਦੀਆਂ ਜਾਇਦਾਦਾਂ ਨੂੰ ਨਿਲਾਮ ਕਰਨ ਦੇ ਆਦੇਸ਼ ਦਿੱਤੇ ਸਨ ਉਸ ਤੋਂ ਆਉਣ ਵਾਲਾ ਪੈਸਾ ਨਿਵੇਸ਼ਕਾਂ ਨੂੰ ਦਿੱਤਾ ਜਾਣਾ ਹੈ। ਮਾਨ ਸਰਕਾਰ ਨੇ ਵੀ ਪਰਲਸ ਗਰੁੱਪ ਦਾ ਪੈਸਾ ਵਾਪਸ ਕਰਵਾਉਣ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ। ਬੀਤੇ ਦਿਨੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਲੋਕ ਸਭਾ ਵਿੱਚ ਕਿਹਾ ਸੀ ਕਿ ਅਸੀਂ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਲਈ ਤਿਆਰ ਹਾਂ ਪਰ ਕੋਈ ਸਾਹਮਣੇ ਨਹੀਂ ਆ ਰਿਹਾ ਹੈ।
ਨਿਰਮਲ ਸਿੰਘ ਭੰਗੂ 45 ਹਜ਼ਾਰ ਕਰੋੜ ਦੀ ਠੱਗੀ ਦੇ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸਨ। 25 ਅਗਸਤ ਨੂੰ ਉਨ੍ਹਾਂ ਦੀ ਤਬੀਅਤ ਖਰਾਬ ਹੋਈ ਤਾਂ ਦਿੱਲੀ ਦੇ ਦੀਨ ਦਿਆਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਭੰਗੂ ਨੂੰ ਜਨਵਰੀ 2016 ਵਿਚ ਕੇਂਦਰੀ ਜਾਂਚ ਬਿਊਰੋ (CBI) ਨੇ ਗ੍ਰਿਫ਼ਤਾਰ ਕੀਤਾ ਸੀ।
ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਬਰਨਾਲਾ ਜ਼ਿਲ੍ਹੇ ਦੇ ਵਸਨੀਕ ਸਨ, ਇਸ ਤੋਂ ਬਾਅਦ ਉਹ 70 ਦੇ ਦਹਾਕੇ ਵਿੱਚ ਨੌਕਰੀ ਦੀ ਤਲਾਸ਼ ਵਿੱਚ ਕੋਲਕਾਤਾ ਚਲੇ ਗਏ। ਉੱਥੇ ਉਨ੍ਹਾਂ ਨੇ ਕੁਝ ਸਾਲ ਪੀਅਰਲੇਸ ਨਾਮ ਦੀ ਇਨਵੈਸਟਮੈਂਟ ਕੰਪਨੀ ਵਿਚ ਕੰਮ ਕੀਤਾ। ਭੰਗੂ ਨੇ 1980 ਵਿੱਚ ਪਰਲਜ਼ ਗੋਲਡਨ ਫੋਰੈਸਟ ਨਾਂ ਦੀ ਕੰਪਨੀ ਬਣਾਈ, ਜਿਸ ਨੇ ਰੁੱਖਾਂ ਦੇ ਬੂਟਿਆਂ ਵਿੱਚ ਨਿਵੇਸ਼ ਕਰਕੇ ਲੋਕਾਂ ਨੂੰ ਚੰਗੇ ਮੁਨਾਫੇ ਦਾ ਵਾਅਦਾ ਕੀਤਾ। 1996 ਤੱਕ ਉਸ ਨੇ ਇਸ ਤੋਂ ਕਰੋੜਾਂ ਰੁਪਏ ਇਕੱਠੇ ਕਰ ਲਏ ਸਨ ਪਰ ਇਨਕਮ ਟੈਕਸ ਅਤੇ ਹੋਰ ਪੜਤਾਲਾਂ ਕਾਰਨ ਉਨ੍ਹਾਂ ਨੂੰ ਇਹ ਕੰਪਨੀ ਬੰਦ ਕਰਨੀ ਪਈ।
ਫਿਰ ਨਿਰਮਲ ਸਿੰਘ ਭੰਗੂ ਨੇ PACL ਨਾਂ ਦੀ ਇੱਕ ਰੀਅਲ ਅਸਟੇਟ ਕੰਪਨੀ (REAL ESTATE) ਬਣਾਈ ਅਤੇ ਫਿਰ ਇਸ ਨੂੰ ਇੱਕ ਨਿਵੇਸ਼ ਸਕੀਮ ਵਿੱਚ ਬਦਲ ਦਿੱਤਾ। ਲੋਕਾਂ ਨੂੰ ਭਾਰੀ ਮੁਨਾਫ਼ੇ ਦਾ ਲਾਲਚ ਦੇ ਕੇ ਕਰੋੜਾਂ ਰੁਪਏ ਦਾ ਨਿਵੇਸ਼ ਕਰਵਾ ਲਿਆ ਅਤੇ ਕੁਝ ਹੀ ਸਮੇਂ ਵਿੱਚ 5 ਕਰੋੜ ਭੋਲੇ-ਭਾਲੇ ਨਿਵੇਸ਼ਕਾਂ ਨੇ 50,000 ਕਰੋੜ ਰੁਪਏ ਦਾ ਨਿਵੇਸ਼ ਕਰ ਲਿਆ।