International

ਨੇਪਾਲ ਮਗਰੋਂ ਹੁਣ ਫ਼ਰਾਂਸ ਵਿੱਚ ਵੀ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ, 1 ਲੱਖ ਲੋਕ ਸੜਕਾਂ ’ਤੇ, 80000 ਪੁਲਿਸ ਮੁਲਾਜ਼ਮ ਤਾਇਨਾਤ

ਬਿਊਰੋ ਰਿਪੋਰਟ (ਪੈਰਿਸ/ਫ਼ਰਾਂਸ, 10 ਸਤੰਬਰ 2025): ਨੇਪਾਲ ਦੇ ਬਾਅਦ ਹੁਣ ਫ਼ਰਾਂਸ ਵਿੱਚ ਵੀ ਸਰਕਾਰ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਬਜਟ ਵਿੱਚ ਕੀਤੀ ਕਟੌਤੀ ਅਤੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ 1 ਲੱਖ ਤੋਂ ਵੱਧ ਲੋਕ ਸੜਕਾਂ ’ਤੇ ਉਤਰ ਆਏ।

ਫ਼ਰਾਂਸ ਦੇ ਗ੍ਰਹਿ ਮੰਤਰੀ ਬ੍ਰੂਨੋ ਰੇਤੇਯੋ ਨੇ ਦੱਸਿਆ ਕਿ ਰੇਨ ਸ਼ਹਿਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਇੱਕ ਬੱਸ ਨੂੰ ਅੱਗ ਲਗਾ ਦਿੱਤੀ, ਜਦਕਿ ਦੱਖਣ-ਪੱਛਮੀ ਇਲਾਕੇ ਵਿੱਚ ਬਿਜਲੀ ਲਾਈਨ ਨੂੰ ਨੁਕਸਾਨ ਪਹੁੰਚਣ ਕਾਰਨ ਟ੍ਰੇਨਾਂ ਦੀਆਂ ਸੇਵਾਵਾਂ ਰੁਕ ਗਈਆਂ।
ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ’ਤੇ ਬਗ਼ਾਵਤੀ ਮਾਹੌਲ ਬਣਾਉਣ ਦਾ ਇਲਜ਼ਾਮ ਲਾਇਆ। ਵਾਮਪੰਥੀ ਧਿਰਾਂ ਵੱਲੋਂ ਦਿੱਤੇ ਕਾਲ ਦੇ ਤਹਿਤ ‘ਬਲਾਕ ਐਵਰੀਥਿੰਗ’ ਨਾਂ ਨਾਲ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ।

ਸਰਕਾਰ ਨੇ ਵੱਡੇ ਪੱਧਰ ‘ਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ 80 ਹਜ਼ਾਰ ਪੁਲੀਸ ਅਧਿਕਾਰੀ ਤਾਇਨਾਤ ਕੀਤੇ ਹਨ। ਹੁਣ ਤੱਕ 200 ਤੋਂ ਵੱਧ ਉਪਦਰਵੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।

ਪ੍ਰਦਰਸ਼ਨ ਦੇ ਮੁੱਖ ਕਾਰਨ

  • ਮੈਕਰੋਂ ਦੀਆਂ ਨੀਤੀਆਂ: ਲੋਕਾਂ ਦੇ ਵੱਡੇ ਹਿੱਸੇ ਦਾ ਮੰਨਣਾ ਹੈ ਕਿ ਇਹ ਨੀਤੀਆਂ ਅਮੀਰਾਂ ਦੇ ਹੱਕ ਵਿੱਚ ਹਨ, ਆਮ ਲੋਕਾਂ ਦੇ ਨਹੀਂ।
  • ਬਜਟ ਕਟੌਤੀ: ਸਰਕਾਰ ਵੱਲੋਂ ਖਰਚੇ ਘਟਾਉਣ ਅਤੇ ਭਲਾਈ ਯੋਜਨਾਵਾਂ ‘ਚ ਕਮੀ ਨਾਲ ਮੱਧਵਰਗ ਤੇ ਮਜ਼ਦੂਰ ਵਰਗ ‘ਤੇ ਬੋਝ ਵਧਿਆ ਹੈ।
  • 2 ਸਾਲਾਂ ’ਚ 5 ਪ੍ਰਧਾਨ ਮੰਤਰੀ: ਹਾਲ ਹੀ ਵਿੱਚ ਸੇਬਾਸਟਿਯਨ ਲੇਕੋਰਨੂ ਨੂੰ ਨਵਾਂ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ, ਜੋ 2 ਸਾਲ ਤੋਂ ਘੱਟ ਸਮੇਂ ‘ਚ 5ਵਾਂ ਪਦਭਾਰ ਹੈ।
  • ‘ਬਲਾਕ ਐਵਰੀਥਿੰਗ’ ਅੰਦੋਲਨ: ਵਾਮਪੰਥੀ ਗਠਜੋੜ ਤੇ ਜ਼ਮੀਨੀ ਸੰਗਠਨਾਂ ਨੇ ਇਸ ਨਾਰੇ ਹੇਠ ਪ੍ਰਦਰਸ਼ਨ ਸ਼ੁਰੂ ਕਰ ਸਰਕਾਰ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਇਹ ਪ੍ਰਦਰਸ਼ਨ ਉਸ ਸਮੇਂ ਹੋ ਰਹੇ ਹਨ ਜਦੋਂ ਨਵੇਂ ਪ੍ਰਧਾਨ ਮੰਤਰੀ ਸੇਬਾਸਟਿਯਨ ਲੇਕੋਰਨੂ ਨੇ ਆਪਣਾ ਕਾਰਜਭਾਰ ਸੰਭਾਲਣਾ ਸ਼ੁਰੂ ਕੀਤਾ ਹੈ। ਇਕ ਦਿਨ ਪਹਿਲਾਂ ਫ਼ਰਾਂਸਵਾ ਬਾਇਰੂ ਨੇ ਅਵਿਸ਼ਵਾਸ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਮੈਕਰੋਂ ਨੂੰ ਅਸਤੀਫ਼ਾ ਸੌਂਪ ਦਿੱਤਾ ਸੀ।