India Religion

31 ਮਈ ਤੋਂ ਬਾਅਦ ਗੁਰਦੁਆਰਿਆਂ ਸਮੇਤ ਸਾਰੇ ਧਾਰਮਿਕ ਸਥਾਨ ਖੁੱਲ੍ਹ ਸਕਦੇ ਹਨ

‘ਦ ਖ਼ਾਲਸ ਬਿਊਰੋ :- ਪੂਰੇ ਭਾਰਤ ਵਿੱਚ 31 ਮਈ ਦੇ ਲਾਕਡਾਊਨ ਤੋਂ ਬਾਅਦ ਧਾਰਮਿਕ ਸਥਾਨ ਖੁੱਲ੍ਹ ਸਕਦੇ ਹਨ। ਏਐਨਆਈ ਦੀ ਖ਼ਬਰ ਦੇ ਮੁਤਾਬਕ ਭਾਰਤ ਸਰਕਾਰ ਸੂਬਿਆਂ ਨੂੰ ਧਾਰਮਿਕ ਥਾਵਾਂ ਖੋਲ੍ਹਣ ਦਾ ਫ਼ੈਸਲਾ ਖ਼ੁੱਦ ਲੈਣ ਦੀ ਇਜ਼ਾਜਤ ਦੇ ਸਕਦੀ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 29 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਦੇਸ਼ ਪੱਧਰੀ ਲਾਕਡਾਊਨ ਨੂੰ 31 ਮਈ ਤੋਂ ਬਾਅਦ ਵਧਾਏ ਜਾਣ ਬਾਰੇ ਮੁੱਖ ਮੰਤਰੀਆਂ ਦੇ ਵਿਚਾਰਾਂ ਬਾਰੇ ਜਾਣੂ ਕਰਵਾਇਆ। ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਲਾਕਡਾਊਨ 4.0 ਖ਼ਤਮ ਹੋਣ ਮਗਰੋਂ ਕੇਂਦਰ ਸਰਕਾਰ ਆਪਣੀ ਭੂਮਿਕਾ ਘਟਾ ਸਕਦੀ ਹੈ ਤੇ ਇਹ ਫ਼ੈਸਲਾ ਸੂਬਿਆਂ ਤੇ ਯੂਟੀਜ਼ ’ਤੇ ਛੱਡ ਸਕਦੀ ਹੈ ਕਿ ਪਹਿਲੀ ਜੂਨ ਮਗਰੋਂ ਉਨ੍ਹਾਂ ਲਾਕਡਾਊਨ ਵਧਾਉਣਾ ਹੈ ਜਾਂ ਰਾਹਤਾਂ ’ਚ ਵਾਧਾ ਕਰਨਾ ਹੈ।

ਕੇਂਦਰ ਸਰਕਾਰ ਹਾਲਾਂਕਿ ਸੂਬਿਆਂ ਨੂੰ ਦੇਸ਼ ਦੇ 30 ਸਭ ਤੋਂ ਵੱਧ ਪ੍ਰਭਾਵਿਤ ਨਿਗਮ ਖੇਤਰਾਂ ’ਚ ਪੈਂਦੇ ਕੰਟੇਨਮੈਂਟ ਜ਼ੋਨਾਂ ’ਚ ਸਖ਼ਤੀਆਂ ਜਾਰੀ ਰੱਖਣ ਦੀ ਸਲਾਹ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੌਮਾਂਤਰੀ ਹਵਾਈ ਸੇਵਾ ਬੰਦ ਰੱਖਣ ਤੇ ਸਿਆਸੀ ਇਕੱਠ ਨਾ ਕਰਨ ਦੇ ਨਾਲ-ਨਾਲ ਸ਼ਾਪਿੰਗ ਮਾਲ ਤੇ ਸਿਨੇਮਾ ਹਾਲ ਬੰਦ ਰੱਖਣ ਦਾ ਫ਼ੈਸਲਾ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਧਾਰਮਿਕ ਥਾਵਾਂ ਖੋਲ੍ਹਣ ਦਾ ਫ਼ੈਸਲਾ ਲੈਣ ਦੀ ਇਜਾਜ਼ਤ ਵੀ ਦਿੱਤੀ ਜਾ ਸਕਦੀ ਹੈ।