Punjab

ਲੁਧਿਆਣਾ ਤੋਂ ਬਾਅਦ ਹੁਣ ਨੰਗਲ ‘ਚ ਹੋਈ ਗੈਸ ਲੀਕ , ਗੈਸ ਦੀ ਲਪੇਟ ‘ਚ ਆਏ 35 ਸਕੂਲੀ ਬੱਚੇ ਤੇ ਸਟਾਫ਼ , ਦੇਖੋ ਤਸਵੀਰਾਂ…

ਨੰਗਲ : ਪੰਜਾਬ ਅਤੇ ਹਿਮਾਚਲ ਦੀ ਸਰਹੱਦ ‘ਤੇ ਸਥਿਤ ਨੰਗਲ ਸ਼ਹਿਰ ‘ਚ ਅੱਜ ਵੀਰਵਾਰ ਨੂੰ ਇਕ ਫੈਕਟਰੀ ਤੋਂ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੇੜਲੇ ਸਕੂਲ ਦੇ 7 ਬੱਚੇ ਅਤੇ ਕੁਝ ਲੋਕਾਂ ਨੂੰ ਗਲੇ ‘ਚ ਦਰਦ ਅਤੇ ਸਿਰ ਦਰਦ ਹੋਣ ਲੱਗਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

 

ਸਾਰਿਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਬੱਚੇ ਦੀ ਹਾਲਤ ਜ਼ਿਆਦਾ ਗੰਭੀਰ ਹੋਣ ‘ਤੇ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ।  ਸਾਵਧਾਨੀ ਦੇ ਤੌਰ ‘ਤੇ ਬਾਕੀ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਥਾਂ ‘ਤੇ ਭੇਜਿਆ ਜਾ ਰਿਹਾ ਹੈ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਵੱਲੋਂ ਮੌਕੇ ‘ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ-ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਸ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ, ਰੋਪੜ ਦੀ ਡੀਸੀ ਪ੍ਰੀਤੀ ਯਾਦਵ ਅਤੇ ਐਸਐਸਪੀ ਵਿਵੇਕਸ਼ੀਲ ਸੋਨੀ ਤੋਂ ਇਲਾਵਾ ਸਾਰੇ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜੇ।

ਐਂਬੂਲੈਂਸ ਸਮੇਤ ਸਿਹਤ ਵਿਭਾਗ ਦੀਆਂ ਕਈ ਟੀਮਾਂ ਮੌਕੇ ‘ਤੇ ਤਾਇਨਾਤ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ‘ਤੇ ਗੈਸ ਲੀਕ ਹੋਈ, ਉੱਥੇ ਹਰ ਸਮੇਂ 300 ਤੋਂ 400 ਲੋਕ ਮੌਜੂਦ ਰਹਿੰਦੇ ਹਨ। ਫਿਲਹਾਲ ਮੌਕੇ ‘ਤੇ ਰਾਹਤ ਕਾਰਜ ਜਾਰੀ ਹਨ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੇਂਟ ਸੋਲਜਰ ਸਕੂਲ ਦੀ ਛੁੱਟੀ ਕਰਵਾ ਕੇ ਬਾਕੀ ਬੱਚਿਆਂ ਨੂੰ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ। ਫਿਲਹਾਲ ਸਥਿਤੀ ਕਾਬੂ ਹੇਠ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਗੈਸ ਲੀਕ ਕਿਵੇਂ ਹੋਈ? ਇਸ ਦੀ ਜਾਂਚ ਕੀਤੀ ਜਾ ਰਹੀ ਹੈ।

 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਾਰੇ ਬੱਚੇ ਸੁਰੱਖਿਅਤ ਹਨ। ਸਭ ਤੋਂ ਵੱਡੀ ਤਰਜੀਹ ਇਹ ਸੀ ਕਿ ਬੱਚਿਆਂ ਅਤੇ ਸਟਾਫ ਨੂੰ ਕੁਝ ਨਾ ਹੋਵੇ। 2400 ਦੇ ਕਰੀਬ ਬੱਚੇ ਸਨ। ਪ੍ਰਸ਼ਾਸਨ ਅਤੇ ਸਟਾਫ਼ ਦੀ ਮਦਦ ਨਾਲ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਘਬਰਾਹਟ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ। ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ‘ਤੇ ਧਿਆਨ ਨਾ ਦਿਓ। ਇਹ ਜਾਂਚ ਦਾ ਮਾਮਲਾ ਹੈ, ਜੋ ਵੀ ਗਲਤੀ ਸਾਹਮਣੇ ਆਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਖੁਦ ਟਵੀਟ ਕਰਕੇ ਗੈਸ ਲੀਕ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਸਥਿਤੀ ਨੂੰ ਦੇਖਦੇ ਹੋਏ ਇਲਾਕੇ ਦੀਆਂ ਸਾਰੀਆਂ ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜ ਦਿੱਤਾ ਗਿਆ ਹੈ। ਮੈਂ ਖੁਦ ਉਥੇ ਪਹੁੰਚ ਰਿਹਾ ਹਾਂ। ਮੁੱਢਲੀ ਜਾਣਕਾਰੀ ਅਨੁਸਾਰ ਛੋਟੇ ਬੱਚਿਆਂ ਅਤੇ ਕੁਝ ਲੋਕਾਂ ਨੇ ਗੈਸ ਲੀਕ ਹੋਣ ਕਾਰਨ ਗਲੇ ਅਤੇ ਸਿਰ ਦਰਦ ਦੀ ਸ਼ਿਕਾਇਤ ਕੀਤੀ ਹੈ। ਇਨ੍ਹਾਂ ਸਾਰਿਆਂ ਨੂੰ ਨਜ਼ਦੀਕੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ।

 

ਰੋਪੜ ਤੋਂ 55 ਕਿਲੋਮੀਟਰ ਦੂਰ ਹਿਮਾਚਲ ਸਰਹੱਦ ‘ਤੇ ਵਾਪਰਿਆ ਹਾਦਸਾ

ਇਹ ਹਾਦਸਾ ਰੋਪੜ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 55 ਕਿਲੋਮੀਟਰ ਦੂਰ ਨੰਗਲ ਇਲਾਕੇ ਵਿੱਚ ਵਾਪਰਿਆ। ਇਸ ਖੇਤਰ ਵਿੱਚ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐਨਐਫਐਲ) ਅਤੇ ਪੰਜਾਬ ਅਲਕਲੀਜ਼ ਐਂਡ ਕੈਮੀਕਲਜ਼ ਲਿਮਟਿਡ (ਪੀਏਸੀਐਲ) ਦੀਆਂ ਦੋ ਵੱਡੀਆਂ ਫੈਕਟਰੀਆਂ ਹਨ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਗੈਸ ਕਿਸ ਫੈਕਟਰੀ ਤੋਂ ਲੀਕ ਹੋਈ ਸੀ। ਦੋਵੇਂ ਫੈਕਟਰੀਆਂ ਦੇ ਪ੍ਰਬੰਧਕ ਆਪਣੀ ਥਾਂ ’ਤੇ ਗੈਸ ਲੀਕ ਹੋਣ ਤੋਂ ਇਨਕਾਰ ਕਰ ਰਹੇ ਹਨ। ਹਿਮਾਚਲ ਦੀ ਸਰਹੱਦ ਉਸ ਥਾਂ ਦੇ ਬਿਲਕੁਲ ਨੇੜੇ ਹੈ ਜਿੱਥੇ ਇਹ ਦੋਵੇਂ ਫੈਕਟਰੀਆਂ ਬਣਾਈਆਂ ਗਈਆਂ ਹਨ।

 

ਨੇੜੇ ਰਿਹਾਇਸ਼ੀ ਖੇਤਰ, ਸਕੂਲ-ਕਾਲਜ ਹਨ

ਜਿਸ ਇਲਾਕੇ ਵਿੱਚ ਇਹ ਫੈਕਟਰੀਆਂ ਹਨ, ਉਸ ਵਿੱਚ ਕਈ ਕਲੋਨੀਆਂ, ਸਰਕਾਰੀ ਦਫ਼ਤਰ ਅਤੇ 15 ਤੋਂ 20 ਪਿੰਡ ਹਨ, ਜਿਨ੍ਹਾਂ ਵਿੱਚ ਹਜ਼ਾਰਾਂ ਲੋਕ ਰਹਿੰਦੇ ਹਨ। ਰਹਿਣ ਲਈ ਇਹ ਇਲਾਕਾ ਨੰਗਲ ਦਾ ਸਭ ਤੋਂ ਪੌਸ਼ ਅਤੇ ਮਹਿੰਗਾ ਇਲਾਕਾ ਹੈ। ਇਨ੍ਹਾਂ ਫੈਕਟਰੀਆਂ ਦੇ ਨੇੜੇ ਸੇਂਟ ਸੋਲਜਰਜ਼ ਪ੍ਰਾਈਵੇਟ ਸਕੂਲ ਵੀ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਪੜ੍ਹਦੇ ਹਨ। ਇਸ ਸਕੂਲ ਦੇ ਜ਼ਿਆਦਾਤਰ ਬੱਚੇ ਗੈਸ ਦੀ ਲਪੇਟ ਵਿੱਚ ਆ ਗਏ। ਮੌਕੇ ‘ਤੇ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੂਰੇ ਸਕੂਲ ਨੂੰ ਖਾਲੀ ਕਰਵਾ ਕੇ ਬੱਚਿਆਂ ਅਤੇ ਟੀਚਿੰਗ ਸਟਾਫ ਨੂੰ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ।

 

ਸ਼ਿਵਾਲਿਕ ਕਾਲਜ ਫੈਕਟਰੀ ਤੋਂ 2 ਕਿਲੋਮੀਟਰ ਦੂਰ ਹੈ। ਨੰਗਲ ਨਗਰ ਕੌਂਸਲ ਦੇ ਆਗੂ ਸੰਜੇ ਸਾਹਨੀ ਨੇ ਕਿਹਾ ਕਿ ਫੈਕਟਰੀ ਨੇੜੇ ਪ੍ਰਾਈਵੇਟ ਸਕੂਲ ਚਲਾਉਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ? ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਸੰਜੇ ਸਾਹਨੀ ਦੇ ਅਨੁਸਾਰ, ਉਨ੍ਹਾਂ ਨੇ ਵੀਰਵਾਰ ਸਵੇਰੇ ਪੀਏਸੀਐਲ ਫੈਕਟਰੀ ਦੇ ਜੀਐਮ ਨੂੰ ਫੋਨ ਕੀਤਾ ਜਦੋਂ ਹਵਾ ਵਿੱਚ ਬਦਬੂ ਆ ਰਹੀ ਸੀ। ਉਸ ਦੌਰਾਨ ਜੀਐਮ ਨੇ ਆਪਣੀ ਫੈਕਟਰੀ ਤੋਂ ਗੈਸ ਲੀਕ ਹੋਣ ਤੋਂ ਸਾਫ਼ ਇਨਕਾਰ ਕੀਤਾ।

ਗੈਸ ਲੀਕ ਹੋਣ ਦੀ ਸੂਚਨਾ ਮਿਲਦਿਆਂ ਹੀ ਰੋਪੜ ਦੀ ਡੀਸੀ ਪ੍ਰੀਤੀ ਯਾਦਵ, ਐਸਐਸਪੀ ਵਿਵੇਕਸ਼ੀਲ ਸੋਨੀ, ਆਨੰਦਪੁਰ ਸਾਹਿਬ ਦੇ ਡੀਐਸਪੀ ਅਜੇ ਸਿੰਘ, ਨੰਗਲ ਦੇ ਡੀਐਸਪੀ ਸਤੀਸ਼ ਕੁਮਾਰ ਤੋਂ ਇਲਾਵਾ ਨੰਗਲ ਨਗਰ ਕੌਂਸਲ, ਨੰਗਲ ਤਹਿਸੀਲ, ਬੀਡੀਪੀਓ ਦਫ਼ਤਰ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇਲਾਕੇ ਦੀਆਂ ਸਾਰੀਆਂ ਐਂਬੂਲੈਂਸਾਂ ਨੂੰ ਵੀ ਉਥੇ ਬੁਲਾਇਆ ਗਿਆ। ਸਿਹਤ ਵਿਭਾਗ ਵੱਲੋਂ ਨੇੜਲੇ ਹਸਪਤਾਲਾਂ ਤੋਂ ਮੈਡੀਕਲ ਸਟਾਫ਼ ਨੂੰ ਵੀ ਨੰਗਲ ਸਿਵਲ ਹਸਪਤਾਲ ਬੁਲਾਇਆ ਗਿਆ। ਅਹਿਤਿਆਤ ਵਜੋਂ ਵਾਧੂ ਪੁਲਿਸ ਬਲ ਮੌਕੇ ‘ਤੇ ਮੌਜੂਦ ਹੈ। ਊਨਾ ਜ਼ਿਲ੍ਹਾ ਹੈੱਡਕੁਆਰਟਰ ’ਤੇ ਹਿਮਾਚਲ ਵੱਲ ਕਰੀਬ 20 ਕਿਲੋਮੀਟਰ ਦੀ ਦੂਰੀ ’ਤੇ ਨੰਗਲ ਨੇੜੇ ਸਿਵਲ ਹਸਪਤਾਲ ਹੈ।

ਨੰਗਲ ਦੇ ਸੇਂਟ ਸੋਲਜਰ ਸਕੂਲ ਵਿੱਚ ਪੜ੍ਹਦੇ ਜ਼ਿਆਦਾਤਰ ਬੱਚੇ ਆਸ-ਪਾਸ ਦੇ ਪਿੰਡਾਂ ਦੇ ਹਨ। ਸਵੇਰੇ ਗੈਸ ਲੀਕ ਹੋਣ ਦੀ ਖਬਰ ਫੈਲਦੇ ਹੀ ਇਨ੍ਹਾਂ ਬੱਚਿਆਂ ਦੇ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਇਨ੍ਹਾਂ ਲੋਕਾਂ ਨੇ ਦੋਵੇਂ ਫੈਕਟਰੀਆਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਪਹਿਲਾਂ ਵੀ ਇਨ੍ਹਾਂ ਦੋਵਾਂ ਫੈਕਟਰੀਆਂ ਵਿੱਚ ਗੈਸ ਲੀਕ ਹੋਣ ਅਤੇ ਧਮਾਕੇ ਹੋਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।