ਅਬੋਹਰ : ਅਬੋਹਰ ਦੇ ਪਿੰਡ ਬਹਾਵਲਵਾਸੀ ਤੋਂ ਦਿਲਕੰਬਾਊ ਅਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ । ਜਿੱਥੇ ਇਕ ਔਰਤ ਨੇ ਆਪਣੇ ਪੁੱਤਰ ਨਾਲ ਰਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਘਰ ਦੇ ਵਿਹੜੇ ਵਿੱਚ ਟੋਆ ਪੁੱਟ ਕੇ ਦੱਬ ਦਿੱਤੀ। ਇਹ ਘਟਨਾ ਇੱਕ ਮਹੀਨਾ ਪਹਿਲਾਂ ਦੀ ਹੈ, ਜਿਸ ਸਬੰਧੀ ਉਕਤ ਔਰਤ ਵੱਲੋਂ ਪੁਲਿਸ ਕੋਲ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ।
ਪੁਲਿਸ ਦੀ ਪੁੱਛ-ਪੜਤਾਲ ਦੌਰਾਨ ਮੁਲਜ਼ਮ ਔਰਤ ਨੇ ਆਪਣੇ ਪਤੀ ਦੇ ਕਤਲ ਦੀ ਗੱਲ ਕਬੂਲ ਕੀਤੀ। ਉਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਅੱਜ ਪੁਲਿਸ ਨੇ ਲਾਸ਼ ਬਰਾਮਦ ਕਰਕੇ ਮਾਂ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮੱਖਣ ਸਿੰਘ (50) ਨੂੰ ਸ਼ੱਕ ਸੀ ਕੇ ਉਸ ਦੀ ਪਤਨੀ ਸੁਖਪਾਲ ਕੌਰ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹਨ ਜਿਸ ਕਰਕੇ ਦੋਵਾਂ ਵਿਚਾਲੇ ਅਕਸਰ ਲੜਾਈ ਰਹਿੰਦੀ ਸੀ।
ਲਗਪਗ ਇੱਕ ਮਹੀਨਾ ਪਹਿਲਾਂ ਦੋਵਾਂ ਵਿੱਚ ਇਸ ਗੱਲ ’ਤੇ ਝਗੜਾ ਹੋਇਆ, ਜਿਸ ਮਗਰੋਂ ਸੁਖਪਾਲ ਕੌਰ ਨੇ ਆਪਣੇ ਲੜਕੇ ਪ੍ਰਦੀਪ ਨਾਲ ਮਿਲ ਕੇ ਮੱਖਣ ਸਿੰਘ ਦਾ ਕਤਲ ਕਰ ਦਿੱਤਾ ਤੇ 18 ਅਕਤੂਬਰ ਨੂੰ ਸੁਖਪਾਲ ਕੌਰ ਨੇ ਪੁਲੀਸ ਕੋਲ ਮੱਖਣ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ।
ਇੰਸਪੈਕਟਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਮਹੀਨੇ ਮਗਰੋਂ ਅੱਜ ਸੁਖਪਾਲ ਕੌਰ ਨੇ ਇਹ ਗੱਲ ਕਬੂਲ ਕੀਤੀ ਕਿ 7-8 ਅਕਤੂਬਰ ਦੀ ਰਾਤ ਨੂੰ ਉਸ ਨੇ ਆਪਣੇ ਪੁੱਤਰ ਨਾਲ ਰਲ ਕੇ ਮੱਖਣ ਸਿੰਘ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕੀਤੀ ਸੀ। ਪੁਲਿਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤੀ ਹੈ।