ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ਵਿੱਚ ਸਥਿਤ ਮਾਡਰਨ ਰੇਲ ਕੋਚ ਫ਼ੈਕਟਰੀ ਦੇ ਰਿਹਾਇਸ਼ੀ ਅਹਾਤੇ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਰੇਲ ਕੋਚ ਫ਼ੈਕਟਰੀ ‘ਚ ਤਾਇਨਾਤ ਐਡੀਸ਼ਨਲ ਡਵੀਜ਼ਨਲ ਮੈਡੀਕਲ ਅਫ਼ਸਰ ਅਰੁਣ ਸਿੰਘ ਨੇ ਆਪਣੀ ਪਤਨੀ ਅਰਚਨਾ, ਬੇਟੇ ਆਰਵ ਅਤੇ ਬੇਟੀ ਅਦੀਵਾ ਦਾ ਕਤਲ ਕਰਨ ਤੋਂ ਬਾਅਦ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਮਾਮਲਾ ਲਾਲਗੰਜ ਕੋਤਵਾਲੀ ਦੀ ਮਾਡਰਨ ਰੇਲ ਕੋਚ ਫ਼ੈਕਟਰੀ ਦੇ ਰਿਹਾਇਸ਼ੀ ਕੰਪਲੈਕਸ ਨਾਲ ਸਬੰਧਿਤ ਹੈ, ਜਿੱਥੇ ਅੱਖਾਂ ਦੇ ਡਾਕਟਰ ਅਰੁਣ ਕੁਮਾਰ ਨੇ ਪਹਿਲਾਂ ਆਪਣੇ ਪਰਿਵਾਰ ਨੂੰ ਨਸ਼ੀਲੇ ਟੀਕੇ ਲਾਏ। ਬਾਅਦ ਵਿੱਚ ਸਾਰਿਆਂ ਨੂੰ ਹਥੌੜੇ ਨਾਲ ਕੁੱਟ ਕੇ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਤੇਜ਼ਧਾਰ ਸੰਦ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਅਤੇ ਫਾਹਾ ਲੈ ਲਿਆ।
ਰੇਲ ਕੋਚ ਰਿਹਾਇਸ਼ੀ ਕੰਪਲੈਕਸ ਦੇ ਅੰਦਰ ਇੱਕੋ ਸਮੇਂ ਚਾਰ ਮੌਤਾਂ ਨੇ ਹਲਚਲ ਮਚਾ ਦਿੱਤੀ। ਆਰਪੀਐਫ ਨੇ ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮੱਚ ਗਿਆ। ਤੁਰੰਤ ਐਸਪੀ ਆਲੋਕ ਪ੍ਰਿਯਾਦਰਸ਼ੀ, ਐਡੀਸ਼ਨਲ ਐਸਪੀ, ਸੀਓ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ।
ਟੀਮ ਜ਼ਬਰਦਸਤੀ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਪਹੁੰਚ ਗਈ। ਘਰ ਦੇ ਅੰਦਰ ਦਾ ਨਜ਼ਾਰਾ ਦੇਖ ਹਰ ਕੋਈ ਹੈਰਾਨ ਰਹਿ ਗਿਆ। ਡਾਕਟਰ ਦੀ ਲਾਸ਼ ਘਰ ‘ਚ ਲਟਕਦੀ ਮਿਲੀ, ਜਦਕਿ ਬਾਕੀਆਂ ਦੀਆਂ ਲਾਸ਼ਾਂ ਬੈੱਡ ‘ਤੇ ਖ਼ੂਨ ਨਾਲ ਲੱਥਪੱਥ ਪਈਆਂ ਸਨ। ਪੁਲਿਸ ਅਤੇ ਫੋਰੈਂਸਿਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਾਰੇ ਪੁਆਇੰਟਾਂ ਦੀ ਜਾਂਚ ਕੀਤੀ, ਉਦੋਂ ਤੱਕ ਸਾਰਿਆਂ ਦੇ ਦਾਖ਼ਲੇ ‘ਤੇ ਪਾਬੰਦੀ ਸੀ।
ਐੱਸ ਪੀ ਅਲੋਕ ਪ੍ਰਿਆਦਰਸ਼ੀ ਨੇ ਦੱਸਿਆ ਕਿ ਮਿਰਜ਼ਾਪੁਰ ਦਾ ਰਹਿਣ ਵਾਲਾ ਡਾਕਟਰ ਅਰੁਣ ਕੁਮਾਰ ਡਿਪ੍ਰੈਸ਼ਨ ਦਾ ਮਰੀਜ਼ ਸੀ। ਉਸ ਨੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਨਸ਼ਾ ਦਿੱਤਾ ਕਿਉਂਕਿ ਮੌਕੇ ‘ਤੇ ਨਸ਼ੇ ਦੇ ਟੀਕੇ ਮਿਲੇ ਸਨ। ਪਰਿਵਾਰਕ ਮੈਂਬਰਾਂ ਦਾ ਕਿਸੇ ਭਾਰੀ ਚੀਜ਼ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ। ਫਿਰ ਖ਼ੁਦ ਨੂੰ ਜ਼ਖਮੀ ਕਰ ਲਿਆ। ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਨੂੰ ਆਖ਼ਰੀ ਵਾਰ ਐਤਵਾਰ ਨੂੰ ਦੇਖਿਆ ਗਿਆ ਸੀ, ਜਦੋਂ ਉਹ ਸੌਂਦਾ ਨਹੀਂ ਦੇਖਿਆ ਗਿਆ ਸੀ। ਬਾਕੀ ਗੱਲਾਂ ਪੋਸਟਮਾਰਟਮ ਤੋਂ ਬਾਅਦ ਹੀ ਸਪਸ਼ਟ ਹੋ ਸਕਣਗੀਆਂ।