Punjab

ਕਾਂਗਰਸ ‘ਚ ਸ਼ਾਮਿਲ ਹੁੰਦਿਆਂ ਹੀ ਖਹਿਰਾ ਨੇ ਦੂਜੀਆਂ ਪਾਰਟੀਆਂ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਸ਼ੁਰੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਪਾਰਟੀ ਵਿੱਚ ਵਾਪਸੀ ਕਰਨ ਤੋਂ ਬਾਅਦ ਕਿਹਾ ਕਿ ‘ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਸਮੇਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਹੈ। ਖਹਿਰਾ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਹਰੀਸ਼ ਰਾਵਤ, ਸੁਨੀਲ ਜਾਖੜ ਦਾ ਧੰਨਵਾਦ ਕੀਤਾ। ਖਹਿਰਾ ਨੇ ਕਿਹਾ ਕਿ ਕੈਪਟਨ ਨੇ ਇਹ ਬਹੁਤ ਵਧੀਆ ਕੰਮ ਕੀਤਾ ਹੈ’।

ਕੈਪਟਨ ਦੀ ਕੀਤੀ ਤਾਰੀਫ

ਖਹਿਰਾ ਨੇ ਕਿਹਾ ਕਿ ‘1984 ਵਿੱਚ ਕੈਪਟਨ ਨੇ ਸਿੱਖ ਕਤਲੇਆਮ ਦੌਰਾਨ ਫੌਜ ਤੋਂ ਅਸਤੀਫਾ ਦੇ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਰਾਜਨੀਤਿਕ ਹਿੱਤ ਤੋਂ ਉੱਪਰ ਉੱਠ ਕੇ ਸੂਬੇ ਦੇ ਲਈ ਕੰਮ ਕਰਨ ਲਈ ਤਿਆਰ ਹਨ। ਕੈਪਟਨ ਨੇ ਕਿਸਾਨ ਅੰਦੋਲਨ ਦੌਰਾਨ ਵੀ ਚੰਗਾ ਕੰਮ ਕੀਤਾ ਹੈ। ਕੈਪਟਨ ਅਤੇ ਮੇਰੇ ਪਿਤਾ ਦੀ ਆਪਸੀ ਨੇੜੇ ਦੀ ਸਾਂਝ ਹੈ, ਜਿਸ ਕਰਕੇ ਮੈਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ’।

ਸ਼੍ਰੋਮਣੀ ਅਕਾਲੀ ਦਲ ‘ਤੇ ਕੱਸਿਆ ਨਿਸ਼ਾਨਾ

ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਅਕਾਲੀ ਦਲ ‘ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ। ਉਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਹੀਂ ਬਖਸ਼ਿਆ। ਬਾਦਲ ਪਰਿਵਾਰ ਦੇ ਦੋਵਾਂ ਪਿਉ-ਪੁੱਤਾਂ (ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ) ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਆਪਣੀ ਰਿਹਾਇਸ਼ ਵਿੱਚ ਬੁਲਾ ਕੇ ਡੇਰਾ ਸਿਰਸਾ ਦੇ ਕਾਤਲ ਅਤੇ ਬਲਾਤਕਾਰੀ ਮੁਖੀ ਰਾਮ ਰਹੀਮ ਨੂੰ ਮੁਆਫੀ ਦਿਵਾਈ ਸੀ ਤਾਂ ਜੋਂ ਉਸਦੀ ਫਿਲਮ ਰਿਲੀਜ਼ ਹੋ ਸਕੇ। ਇਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛਿੱਕੇ ‘ਤੇ ਟੰਗਿਆ। ਇਨ੍ਹਾਂ ਨੇ 10 ਸਾਲ ਪੰਜਾਬ ਨੂੰ ਦੋਵਾਂ ਹੱਥਾਂ ਨਾਲ ਲੁੱਟ ਕੇ ਦੇਸ਼-ਵਿਦੇਸ਼ ਵਿੱਚ ਆਪਣੀ ਜਾਇਦਾਦ ਬਣਾਈ। ਇਨ੍ਹਾਂ ਨਾਲ ਲੜਨਾ ਬਹੁਤ ਜ਼ਰੂਰੀ ਹੈ।

‘ਆਪ’ ਦੇ ਉਘੇੜੇ ਪਾਜ਼

ਖਹਿਰਾ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਸਾਲ 2015 ਵਿੱਚ ‘ਆਪ’ ਵਿੱਚ ਸ਼ਾਮਿਲ ਹੋਣਾ ਮੇਰੀ ਸਭ ਤੋਂ ਵੱਡੀ ਗਲਤੀ ਹੈ। ਮੈਂ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਗਿਆ ਕਿ ਉਹ ਦੇਸ਼ ਜਾਂ ਪੰਜਾਬ ਵਿੱਚ ਕੁੱਝ ਵਧੀਆ ਸੁਧਾਰ ਲਿਆਉਣਗੇ ਪਰ ਉੱਥੇ ਜਾ ਪਤਾ ਲੱਗਿਆ ਕਿ ਇਹ ਦੋਗਲੇ ਚਿਹਰੇ ਦੇ ਮਾਲਕ ਹਨ। ਮੈਂ ਤਾਂ ਇਮਾਨਦਾਰੀ ਦੇ ਨਾਲ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਿਲ ਹੋਇਆ ਸੀ। ਇਸ ਪਾਰਟੀ ਵਿੱਚ ਪੂਰੀ ਤਾਨਾਸ਼ਾਹੀ ਹੈ। ਜੰਮੂ-ਕਸ਼ਮੀਰ ਦੇ ਜਦੋਂ ਦੋ ਟੋਟੇ ਕੀਤੇ ਗਏ, ਉਸਦੀ ਤਾਕਤ ਖੋਹ ਲਈ ਗਈ, ਉਦੋਂ ਕੇਜਰੀਵਾਲ ਨੇ ਬੀਜੇਪੀ ਦਾ ਸਾਥ ਦਿੱਤਾ। ‘ਆਪ’ ਪਾਰਟੀ ਉਨ੍ਹਾਂ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਵਾਲੇ ਨੂੰ ਬਰਦਾਸ਼ਤ ਨਹੀਂ ਕਰਦੀ ਹੈ।

ਬੀਜੇਪੀ ਨੂੰ ਪਾਈ ਲਾਹਨਤ

ਖਹਿਰਾ ਨੇ ਕਿਹਾ ਕਿ ਬੀਜੇਪੀ ਜ਼ੋਰ ਨਾਲ, ਫਿਰਕਾਪ੍ਰਸਤੀ ਦੇ ਨਾਲ, ਕਿਸਾਨਾਂ ਦੇ ਖਿਲਾਫ ਇੱਕ ਏਜੰਡਾ ਲੈ ਕੇ ਚੱਲ ਰਹੀ ਹੈ। ਇਹ ਕਿਸਾਨਾਂ ਨੂੰ ਕਦੇ ਨਕਸਲਵਾਦੀ, ਅੱਤਵਾਦੀ, ਖ਼ਾਲਿਸਤਾਨੀ ਕਹਿੰਦੇ ਹਨ ਅਤੇ ਕਦੇ ਕਹਿੰਦੇ ਹਨ ਕਿ ਕਿਸਾਨ ਪਿਕਨਿਕ ਕਰਨ ਆਏ ਹਨ। ਇਸ ਲਈ ਬੀਜੇਪੀ ਨੂੰ ਹਰਾਉਣਾ ਹਰ ਠੀਕ ਸੋਚ ਰੱਖਣ ਵਾਲੇ ਦਾ ਉਦੇਸ਼ ਹੋਵੇਗਾ। ਮੈਂ ਵੀ ਇਸ ਕੰਮ ਲਈ ਬਹੁਤ ਜ਼ੋਰ ਲਾਇਆ ਪਰ ਅਸੀਂ ਉਸ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕੇ।

ਪ੍ਰਸ਼ਾਂਤ ਕਿਸ਼ੋਰ ਦਾ ਵੀ ਕੀਤਾ ਜ਼ਿਕਰ

ਖਹਿਰਾ ਨੇ ਕਾਂਗਰਸ ਦੇ ਮੀਡੀਆ ਇੰਚਾਰਜ ਪ੍ਰਸ਼ਾਂਤ ਕਿਸ਼ੋਰ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ‘ਪ੍ਰਸ਼ਾਂਤ ਕਿਸ਼ੋਰ 2017 ਦੀਆਂ ਚੋਣਾਂ ਵਿੱਚ ਮੈਨੂੰ ਤਿੰਨ ਮਹੀਨੇ ਪਹਿਲਾਂ ਮਿਲੇ ਸਨ। ਉਨ੍ਹਾਂ ਮੈਨੂੰ ਕਿਹਾ ਸੀ ਕਿ ਪੰਜਾਬ ਵਿੱਚ ਸਾਡੀ ਕਾਂਗਰਸ ਸਰਕਾਰ ਬਣ ਰਹੀ ਹੈ ਅਤੇ ਜੇ ਤੁਸੀਂ ਅੱਜ ਵੀ ਕਾਂਗਰਸ ਵਿੱਚ ਵਾਪਸੀ ਕਰਦੇ ਹੋ ਤਾਂ ਤੁਹਾਨੂੰ ਅਸੀਂ ਕੈਬਨਿਟ ਮੰਤਰੀ ਬਣਾਂਵਾਗੇ। ਪਰ ਉਦੋਂ ਮੈਂ ਉਨ੍ਹਾਂ ਨੂੰ ਇਨਕਾਰ ਕਰਦਿਆਂ ਕਿਹਾ ਸੀ ਕਿ ਹੁਣ ਮੈਂ ਫੈਸਲਾ ਕਰ ਚੁੱਕਿਆ ਹਾਂ ਕਿ ਭਾਵੇਂ ਜਿੱਤ ਹੋਵੇ ਜਾਂ ਹਾਰ, ਮੈਂ ਇਸੇ ਪਾਰਟੀ (‘ਆਪ’) ਨਾਲ ਭੁਗਤਾਂਗਾ।