ਜਕਾਰਤਾ/ਇਸਲਾਮਾਬਾਦ : ਇੰਡੋਨੇਸ਼ੀਆ ਤੋਂ ਬਾਅਦ ਹੁਣ ਪਾਕਿਸਤਾਨ ‘ਚ ਵੀ ਸ਼ੁੱਕਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ 29 ਕਿਲੋਮੀਟਰ ਪੱਛਮ ਵਿਚ ਸਥਾਨਕ ਸਮੇਂ ਅਨੁਸਾਰ ਸਵੇਰੇ 06.06 ਵਜੇ ਆਇਆ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.9 ਮਾਪੀ ਗਈ ਹੈ। ਇਸ ਤੋਂ ਪਹਿਲਾਂ ਇੰਡੋਨੇਸ਼ੀਆ ਤੋਂ 177 ਕਿਲੋਮੀਟਰ ਉੱਤਰ ਵਿਚ ਸਥਿਤ ਟੋਬੇਲੋ ਵਿਚ ਸ਼ੁੱਕਰਵਾਰ ਨੂੰ ਤੇਜ਼ ਭੂਚਾਲ ਆਇਆ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਇਹ ਜਾਣਕਾਰੀ ਦਿੱਤੀ ਹੈ। ਇੰਡੋਨੇਸ਼ੀਆ ਦੇ ਉੱਤਰੀ ਮਲੂਕੂ ਦੇ ਨਾਲ-ਨਾਲ ਫਿਲੀਪੀਨਜ਼ ਦੇ ਕੁਝ ਹਿੱਸਿਆਂ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਸਥਾਨਕ ਸਮੇਂ ਮੁਤਾਬਕ ਇਹ ਭੂਚਾਲ ਸਵੇਰੇ 05.02 ਵਜੇ ਆਇਆ। ਭੂਚਾਲ ਦਾ ਕੇਂਦਰ ਦਾਰੂਬਾ ਤੋਂ 142 ਕਿਲੋਮੀਟਰ ਉੱਤਰ-ਪੱਛਮ, ਮੋਰੋਤਾਈ ਟਾਪੂ ‘ਤੇ ਉੱਤਰੀ ਮਲੂਕੂ, 107 ਕਿਲੋਮੀਟਰ ਦੀ ਸਮੁੰਦਰੀ ਡੂੰਘਾਈ ‘ਤੇ ਸਥਿਤ ਸੀ। ਏਜੰਸੀ ਨੇ ਕਿਹਾ ਕਿ ਭੂਚਾਲ ਤੋਂ ਸੁਨਾਮੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ।
ਇਸ ਤੋਂ ਇੱਕ ਦਿਨ ਪਹਿਲਾਂ 23 ਫਰਵਰੀ ਨੂੰ ਚੀਨ ਦੇ ਪੱਛਮੀ ਸ਼ਿਨਜਿਆਂਗ ਖੇਤਰ ਦੇ ਨੇੜੇ ਤਜ਼ਾਕਿਸਤਾਨ ਦੇ ਇੱਕ ਘੱਟ ਆਬਾਦੀ ਵਾਲੇ ਦੂਰ-ਦੁਰਾਡੇ ਖੇਤਰ ਵਿੱਚ 6.8 ਤੀਬਰਤਾ ਦਾ ਭੂਚਾਲ ਆਇਆ ਸੀ। ਯੂਐਸਜੀਐਸ ਦੇ ਅਨੁਸਾਰ, ਭੂਚਾਲ ਦਾ ਕੇਂਦਰ ਤਾਜਿਕਸਤਾਨ ਵਿੱਚ ਮੁਰਗੋਬ ਤੋਂ 67 ਕਿਲੋਮੀਟਰ (41 ਮੀਲ) ਪੱਛਮ ਵਿੱਚ ਸੀ ਅਤੇ 20 ਕਿਲੋਮੀਟਰ ਦੀ ਡੂੰਘਾਈ ਵਿੱਚ ਕੇਂਦਰਿਤ ਸੀ
ਦੂਜੇ ਪਾਸੇ ਕੁਝ ਦਿਨ ਪਹਿਲਾਂ ਹੀ ਇਸ ਤਬਾਹੀ ਨੇ ਤੁਰਕੀ ਅਤੇ ਸੀਰੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। 6 ਫਰਵਰੀ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਨੇ ਦੋਵਾਂ ਦੇਸ਼ਾਂ ਵਿੱਚ ਤਬਾਹੀ ਦਾ ਨਜ਼ਾਰਾ ਲਿਆ ਦਿੱਤਾ। 44 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਜਦੋਂ ਕਿ 15 ਲੱਖ ਲੋਕ ਬੇਘਰ ਹੋ ਗਏ ਹਨ। ਤੁਰਕੀ ਅਤੇ ਸੀਰੀਆ ‘ਚ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.8 ਮਾਪੀ ਗਈ।
ਇੰਨਾ ਹੀ ਨਹੀਂ ਤੁਰਕੀ ਅਤੇ ਸੀਰੀਆ ‘ਚ 20 ਫਰਵਰੀ ਨੂੰ ਫਿਰ ਤੋਂ ਭਿਆਨਕ ਭੂਚਾਲ ਆਇਆ, ਜਿਸ ‘ਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੁਰਕੀ ਦੇ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਸੋਮਵਾਰ ਨੂੰ 6.4 ਤੀਬਰਤਾ ਦੇ ਭੂਚਾਲ ਤੋਂ ਬਾਅਦ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 294 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 18 ਦੀ ਹਾਲਤ ਗੰਭੀਰ ਹੈ।