India International Punjab

ਭਾਰਤ ਵੱਲੋਂ ਕੈਨੇਡੀਅਨ ਨਾਗਰਿਕਾਂ ਦੇ ਵੀਜ਼ੇ ਰੋਕਣ ਤੋਂ ਬਾਅਦ PM ਟਰੂਡੋ ਆਏ ਸਾਹਮਣੇ !

ਬਿਉਰੋ ਰਿਪੋਰਟ : ਭਾਰਤ ਵੱਲੋਂ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸਸਪੈਂਡ ਕਰਨ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ । ਹਾਲਾਂਕਿ ਉਨ੍ਹਾਂ ਨੇ ਭਾਰਤ ਸਰਕਾਰ ਦੇ ਇਸ ਕਦਮ ਬਾਰੇ ਕੁਝ ਨਹੀਂ ਗਿਆ । ਪਰ ਟਰੂਡੋ ਨੇ ਇੱਕ ਵਾਰ ਮੁੜ ਤੋਂ ਦੌਹਰਾਇਆ ਹੈ ਕਿ ਸਾਡੇ ਦੇਸ਼ ਵਿੱਚ ਅਜ਼ਾਦ ਅਤੇ ਮਜ਼ਬੂਤ ਇਨਸਾਫ ਦੇਣ ਦਾ ਸਿਸਟਮ ਹੈ । ਅਸੀਂ ਇਸ ਨੂੰ ਇਮਾਨਦਾਰੀ ਨਾਲ ਨਿਭਾ ਰਹੇ ਹਾਂ । ਪਰ ਮੈਂ ਤੁਹਾਨੂੰ ਇਹ ਭਰੋਸਾ ਦਿੰਦਾ ਹਾਂ ਕਿ ਸਦਨ ਵਿੱਚ ਹਰਦੀਪ ਸਿੰਘ ਨਿੱਝਰ ਨੂੰ ਲੈਕੇ ਜਿਹੜੇ ਇਲਜ਼ਾਮ ਲਗਾਏ ਗਏ ਹਨ ਉਹ ਮਾਮੂਲੀ ਨਹੀਂ ਹਨ । ਇਹ ਬਹੁਤ ਹੀ ਸੰਜੀਦਾ ਸੀ ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਕਿਹਾ ਸਾਡੇ ਕੋਲ ਸਾਰੀ ਉਹ ਵਜ੍ਹਾ ਹਨ ਜੋ ਇਹ ਮੰਨਣ ਨੂੰ ਮਜ਼ਬੂਰ ਕਰਦੀ ਹੈ ਕਿ ਭਾਰਤ ਸਰਕਾਰ ਹੀ ਕੈਨੇਡਾ ਦੀ ਜ਼ਮੀਨ ‘ਤੇ ਉਸ ਦੇ ਨਾਗਰਿਕ ਦੇ ਕਤਲ ਵਿੱਚ ਸ਼ਾਮਲ ਹੈ । ਸਾਡੇ ਲਈ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਦੇਸ਼ ਵਿੱਚ ਕਾਨੂੰਨ ਦਾ ਸ਼ਾਸਨ ਹੋਵੇ । ਇਸ ਦੁਨੀਆ ਵਿੱਚ ਇਹ ਕਾਨੂੰਨੀ ਦਾ ਰਾਜ ਸਭ ਤੋਂ ਅਹਿਮ ਥਾਂ ਰੱਖਦਾ ਹੈ । ਸਾਡੇ ਕੋਲ ਇੱਕ ਅਜ਼ਾਦ ਇਨਸਾਫ ਕਰਨ ਵਾਲਾ ਸਿਸਟਮ ਹੈ ਜੋ ਇਨਸਾਫ ਦੇ ਲਈ ਕੰਮ ਕਰਦਾ ਹੈ। ਅਸੀਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਸਾਡੇ ਨਾਲ ਸਹਿਯੋਗ ਕਰੋ ਤਾਂਕੀ ਸੱਚ ਸਾਹਮਣੇ ਆ ਸਕੇ ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਇਸ ਵਿੱਚ ਕੋਈ ਸਵਾਲ ਨਹੀਂ ਹੈ ਕਿ ਭਾਰਤ ਦੀ ਅਹਿਮੀਅਤ ਲਗਾਤਾਰ ਵੱਧ ਰਹੀ ਹੈ,ਇਸ ਲਈ ਸਾਨੂੰ ਮਿਲਕੇ ਕੰਮ ਕਰਨਾ ਚਾਹੀਦਾ ਹੈ । ਨਾ ਸਿਰਫ਼ ਆਪਸ ਵਿੱਚ ਬਲਕਿ ਪੂਰੀ ਦੁਨੀਆ ਵਿੱਚ । ਅਸੀਂ ਭੜਕਾਉਣ ਅਤੇ ਮੁਸ਼ਕਿਲ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹਾਂ। ਪਰ ਅਸੀਂ ਇਸ ਬਾਰੇ ਵੀ ਸਾਫ ਹਾਂ ਕਿ ਕਾਨੂੰਨ ਦਾ ਰਾਜ ਅਤੇ ਕੈਨੇਡੀਅਨਾਂ ਦੀ ਸੁਰੱਖਿਆ ਅਤੇ ਕਦਰਾਂ ਕੀਮਤਾਂ ਵੀ ਸਾਡੇ ਲਈ ਜ਼ਰੂਰੀ ਹਨ । ਇਸੇ ਲਈ ਅਸੀਂ ਭਾਰਤ ਸਰਕਾਰ ਨੂੰ ਕਿਹਾ ਕਿ ਮਿਲਕੇ ਅਸੀ ਇਸ ਸੱਚ ਨੂੰ ਉਜਾਗਰ ਕਰੀਏ । ਇਸ ਦੇ ਨਾਲ ਇਨਸਾਫ ਮਿਲੇ ਅਤੇ ਜਵਾਬਦੇਹੀ ਤੈਅ ਕੀਤੇ ਜਾਵੇ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਨਾਗਰਿਕਾਂ ਨੂੰ ਵੀਜ਼ਾ ਜਾਰੀ ਰੋਕਣ ‘ਤੇ ਬਿਆਨ ਜਾਰੀ ਕੀਤਾ ਸੀ । ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕੈਨੇਡਾ ਵਿੱਚ ਸਾਡੇ ਸਫੀਰਾਂ ਅਤੇ ਮੁਲਾਜ਼ਮਾਂ ਨੂੰ ਧਮਕੀ ਮਿਲ ਰਹੀ ਸੀ ਇਸੇ ਲਈ ਅਸੀਂ ਵੀਜ਼ਾ ਨਹੀਂ ਦੇ ਪਾ ਰਹੇ ਸੀ ਸਾਡੇ ਕੋਲ ਕਾਫੀ ਅਰਜ਼ੀਆਂ ਪੈਂਡਿੰਗ ਸਨ, ਇਸੇ ਲਈ ਅਸੀਂ ਵੀਜ਼ਾ ਦੇਣ ਦਾ ਕੰਮ ਰੋਕਿਆ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਅਸੀਂ ਰੈਗੂਲਰ ਇਸ ਦੀ ਸਮੀਖਿਆ ਕਰਾਂਗੇ,ਫਿਲਹਾਲ ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਨਾਗਰਿਕਾਂ ਨੂੰ ਵੀਜ਼ਾ ਦੇਣ ‘ਤੇ ਰੋਕ ਲਗਾਈ ਗਈ ਹੈ ਅਤੇ ਇਹ ਰੋਕ ਹਰ ਤਰ੍ਹਾਂ ਦੇ ਵੀਜ਼ਾ ‘ਤੇ ਰਹੇਗੀ ਉਹ ਭਾਵੇ ਟੂਰਿਸ ਹੋਵੇ ਜਾਂ ਫਿਰ ਬਿਜਨੈਸ ਵੀਜ਼ਾ । ਵਿਦੇਸ਼ ਮੰਤਰਾਲੇ ਨੇ ਇਹ ਵੀ ਸਾਫ ਕੀਤਾ ਵੀਜ਼ਾ ਸਸਪੈਂਡ ਇਸ ਲਈ ਨਹੀਂ ਕੀਤੇ ਗਏ ਹਨ ਕਿਉਂਕਿ ਕੈਨੇਡਾ ਦੇ ਨਾਗਰਿਕਾਂ ਨੂੰ ਭਾਰਤ ਵਿੱਚ ਕੋਈ ਖਤਰਾ ਹੈ ਬਲਕਿ ਇਸ ਲਈ ਕੀਤੇ ਗਏ ਹਨ ਕਿਉਂਕਿ ਸਾਡੇ ਸਫੀਰਾਂ ਅਤੇ ਮੁਲਾਜ਼ਮਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਉਹ ਕੰਮ ਨਹੀਂ ਕਰ ਪਾ ਰਹੇ ਸਨ ।

ਵਿਦੇਸ਼ ਮੰਤਰਾਲੇ ਨੇ ਭਾਰਤ ਵਿੱਚ ਕੈਨੇਡਾ ਦੇ ਸਫੀਰਾ ਨੂੰ ਮਿਲ ਰਹੀ ਧਮਕੀ ਦਾ ਜਵਾਬ ਵੀ ਦਿੱਤਾ ਉਨ੍ਹਾਂ ਕਿਹਾ ਮੈਨੂੰ ਉਮੀਦ ਹੈ ਕਿ ਉਨ੍ਹਾਂ ਨੇ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੋਵੇਗੀ । ਕੈਨੇਡਾ ਦੇ ਡਿਪਲੋਮੈਂਟ ਨੂੰ ਵਿਆਨਾ ਕਨਵੈਨਸ਼ਨ ਅਧੀਨ ਪੂਰੀ ਸੁਰੱਖਿਆ ਦਿੱਤੀ ਜਾਵੇਗੀ । ਪਰ ਅਸੀਂ ਕੈਨੇਡਾ ਤੋਂ ਵੀ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਨਾਲ ਸਾਡੇ ਸਫੀਰਾਂ ਨੂੰ ਕੈਨੇਡਾ ਵਿੱਚ ਪੋਸਟਰ ਜਾਰੀ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਉਹ ਵੀ ਇਸ ਦਾ ਧਿਆਨ ਰੱਖਣ।

ਕੈਨੇਡਾ ਸਰਕਾਰ ਤੇ ਇੱਕ ਹੋਰ ਬੈਨ

ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਵਿਦੇਸ਼ ਮੰਤਰਾਲਾ ਨੇ ਦੱਸਿਆ ਹੈ ਕਿ ਕੈਨੇਡਾ ਦੇ ਡਿਪਲੋਮੈਟ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਸਨ ਜਦਕਿ ਕੈਨੇਡਾ ਵਿੱਚ ਭਾਰਤ ਦੇ ਡਿਪਲੋਮੈਟ ਦੀ ਗਿਣਤੀ ਕਾਫੀ ਘੱਟ ਹੈ । ਇਸ ਲਈ ਅਸੀਂ ਕੈਨੇਡਾ ਨੂੰ ਕਿਹਾ ਹੈ ਕਿ ਉਹ ਆਪਣੇ ਡਿਪਲੋਮੈਟ ਦੀ ਗਿਣਤੀ ਨੂੰ ਘੱਟ ਕਰਨ । ਵਿਦੇਸ਼ ਮੰਤਰਾਲੇ ਨੇ ਕਿਹਾ ਕੈਨੇਡਾ ਦੇ ਡਿਪਲੋਮੈਟ ਦੀ ਗਿਣਤੀ ਵੱਧ ਹੋਣ ਦੀ ਵਜ੍ਹਾ ਕਰਕੇ ਉਹ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇ ਰਹੇ ਹਨ।

ਭਾਰਤੀ ਵਿਦੇਸ਼ ਮੰਤਰਾਲਾ ਨੇ ਇਹ ਵੀ ਸਾਫ ਕੀਤਾ ਕਿ G20 ਸੰਮੇਲਨ ਦੌਰਾਨ ਪੀਐਮ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦਾ ਮੁੱਦਾ ਚੁੱਕਿਆ ਸੀ ਪਰ ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ ਸੀ । ਵਿਦੇਸ਼ ਮੰਤਰਾਲੇ ਨੇ ਕਿਹਾ ਅਸੀਂ ਕੈਨੇਡਾ ਨੂੰ ਕਿਹਾ ਹੈ ਕਿ ਜਿਹੜੇ ਅਪਰਾਧਿਕ ਲੋਕਾਂ ਦੀ ਤੁਹਾਨੂੰ ਅਸੀਂ ਲਿਸਟ ਦਿੱਤੀ ਹੈ ਤੁਸੀਂ ਉਨ੍ਹਾਂ ‘ਤੇ ਕਾਰਵਾਈ ਕਰੋ ਨਹੀਂ ਤਾਂ ਸਾਨੂੰ ਸੌਂਪ ਦਿਉ ਕਾਰਵਾਈ ਕਰਨ ਦੇ ਲਈ । ਅਸੀਂ ਹੁਣ ਤੱਕ ਤਕਰੀਬਨ 20 ਲੋਕਾਂ ਦੀ ਲਿਸਟ ਸੌਂਪੀ ਹੈ ।
ਭਾਰਤੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਕੈਨੇਡਾ ਨੇ ਸਾਡੇ ‘ਤੇ ਜਿਹੜੇ ਇਲਜ਼ਾਮ ਲਗਾਏ ਹਨ ਉਹ ਸਿਆਸਤ ਤੋਂ ਪ੍ਰਭਾਵਿਤ ਹਨ । ਹੁਣ ਤੱਕ ਕੈਨੇਡਾ ਇਸ ਮਾਮਲੇ ਵਿੱਚ ਸਾਨੂੰ ਕੋਈ ਠੋਸ ਜਾਣਕਾਰੀ ਨਹੀਂ ਦੇ ਸਕਿਆ ਹੈ । ਅਸੀਂ ਇਸ ਬਾਰੇ ਜਾਣਕਾਰੀ ਹਾਸਲ ਕਰਨ ਦੇ ਚਾਹਵਾਨ ਹਾਂ । ਸਾਡੇ ਕੋਲ ਕੈਨੇਡਾ ਵਿੱਚ ਭਾਰਤ ਖਿਲਾਫ ਸਾਜਿਸ਼ ਕਰਨ ਵਾਲਿਆਂ ਦੇ ਸਾਰੇ ਸਬੂਤ ਹਨ ਜੋ ਅਸੀਂ ਕੈਨੇਡਾ ਨੂੰ ਦਿੱਤੇ ਹਨ । ਇਹ ਜਾਣਕਾਰੀ ਸਾਡੇ ਵੱਲੋਂ ਲਗਾਤਾਰ ਸਾਂਝੀ ਕੀਤਾ ਗਈ ਹੈ ਪਰ ਕੈਨੇਡਾ ਨੇ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ । ਸਭ ਤੋਂ ਵੱਡਾ ਮੁੱਦਾ ਦਹਿਸ਼ਤਗਰਦੀ ਦਾ ਹੈ ਜਿਸ ਨੂੰ ਪਾਕਿਸਤਾਨ ਵੱਲੋਂ ਫੰਡਿੰਗ ਕੀਤੀ ਜਾ ਰਹੀ ਹੈ। ਪਰ ਕੈਨੇਡਾ ਆਪਣੀ ਜ਼ਮੀਨ ਨੂੰ ਉਸ ਆਪਰੇਸ਼ਨ ਨੂੰ ਚਲਾਉਣ ਦੇ ਲਈ ਦੇ ਰਿਹਾ ਹੈ ।

ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕੈਨੇਡਾ ਦੇ ਮਾਮਲੇ ਵਿੱਚ ਸਾਡੇ ਨਾਲ ਕੁਝ ਦੇਸ਼ਾਂ ਨੇ ਗੱਲਬਾਤ ਕੀਤੀ ਹੈ ਅਸੀਂ ਉਨ੍ਹਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ।ਪਰ ਇਹ ਜਾਣਕਾਰੀ ਅਸੀਂ ਪ੍ਰੈਸ ਨਾਲ ਸਾਂਝੀ ਨਹੀਂ ਕਰ ਸਕਦੇ ਹਾਂ।

ਭਾਰਤੀ ਵਿਦੇਸ਼ ਮੰਤਰਾਲਾ ਨੇ ਕਿਹਾ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ ਕਿਸੇ ਇੱਕ ਧਰਮ ਵਾਸਤੇ ਨਹੀਂ ਹੈ । ਅਸੀਂ ਸੁਰੱਖਿਆ ਨੂੰ ਲੈਕੇ ਅਲਰਟ ‘ਤੇ ਹਾਂ।

ਪਾਕਿਸਤਾਨ ਵੱਲੋਂ ਕੁਲਭੂਸ਼ਣ ਜਾਦਵ ਦੇ ਮੁੱਦੇ ਨੂੰ ਚੁੱਕਦੇ ਹੋਏ ਭਾਰਤ ‘ਤੇ ਅੰਦਰੂਲੀ ਮਾਮਲਿਆਂ ਵਿੱਚ ਦਖਲ ਦੇਣ ਦੇ ਇਲਜ਼ਾਮ ਦਾ ਵਿਦੇਸ਼ ਮੰਤਰਾਲੇ ਨੇ ਜਵਾਬ ਦਿੰਦੇ ਹੋਏ ਕਿਹਾ ਪਾਕਿਸਤਾਨ ਪਹਿਲਾਂ ਆਪਣੇ ਵੱਲ ਧਿਆਨ ਦੇਵੇ,ਉਸ ਦਾ ਪੂਰੀ ਦੁਨੀਆ ਵਿੱਚ ਕੋਈ ਵਿਸ਼ਵਾਸ਼ ਨਹੀਂ ਕਰਦਾ ਹੈ ।