India

ਹਰਿਆਣਾ ਚ ਕਾਂਗਰਸ ਦੀ ਹਾਰ ਤੋਂ ਬਾਅਦ ਇੰਡੀਆ ਗਠਜੋੜ ‘ਚ ਵੱਡੀ ਫੁੱਟ !

ਬਿਉਰੋ ਰਿਪੋਰਟ – ਹਰਿਆਣਾ ਵਿੱਚ ਹਾਰ ਤੋਂ ਬਾਅਦ ਕਾਂਗਰਸ (CONGRESS) ਭਾਵੇਂ ਚੋਣ ਕਮਿਸ਼ਨ (ELECTION COMMISSION) ‘ਤੇ ਸਵਾਲ ਚੁੱਕ ਰਹੀ ਹੈ ਪਰ ਇੰਡੀਆ ਗਠਜੋੜ ਦੀਆਂ ਭਾਈਵਾਲ ਪਾਰਟੀਆਂ ਕਾਂਗਰਸ ਨੂੰ ਹਾਰ ਲਈ ਜ਼ਿੰਮੇਵਾਰ ਦੱਸ ਰਹੀਆਂ ਹਨ । ਉਧਵ ਠਾਕਰੇ (UDDHAV THAKERAY) ਨੇ ਤਾਂ ਮਹਾਰਾਸ਼ਟਰ (MAHARASTRA) ਵਿੱਚ ਇਕੱਲੇ ਚੋਣ ਲੜਨ ਦੀ ਚਿਤਾਵਨੀ ਦਿੱਤੀ ਹੈ । ਉਨ੍ਹਾਂ ਕਿਹਾ ਕਾਂਗਰਸ ਨੂੰ ਜਿੱਤੀ ਹੋਈ ਬਾਜ਼ੀ ਹਾਰਨੀ ਆਉਂਦੀ ਹੈ । ਜਦਕਿ ਜੰਮੂ-ਕਸ਼ਮੀਰ ਵਿੱਚ ਨੈਸ਼ਨਲ ਕਾਂਫਰੰਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਨੂੰ ਨਸੀਹਤ ਦਿੱਤੀ ਹੈ ।

ਉਧਵ ਠਾਕਰੇ ਨੇ ਸ਼ਿਵਸੈਨਾ ਦੇ ਮੁੱਖ ਪੱਤਰ ਦੀ ਸੰਪਾਦਨਾ ਵਿੱਚ ਲਿਖਿਆ ਹੈ ਕਾਂਗਰਸ ਜਿੱਤ ਨੂੰ ਹਾਰ ਵਿੱਚ ਬਦਲਣਾ ਜਾਣਦੀ ਹੈ,ਉਨ੍ਹਾਂ ਕਿਹਾ ਹਰਿਆਣਾ ਦੀ ਹਾਰ ਤੋਂ ਕਾਂਗਰਸ ਨੂੰ ਸਿੱਖਣ ਦੀ ਜ਼ਰੂਰਤ ਹੈ । ਹਰਿਆਣਾ ਵਿੱਚ ਕਾਂਗਰਸ ਦੀ ਹਾਰ ਓਵਰ ਕਾਂਫਿਡੈਂਸ ਦੀ ਵਜ੍ਹਾ ਕਰਕੇ ਅਤੇ ਸੂਬੇ ਦੇ ਆਗੂਆਂ ਦੇ ਹੰਕਾਰ ਦੀ ਵਜ੍ਹਾ ਕਰਕੇ ਹੋਈ ਹੈ । ਹੁੱਡਾ ਨੇ ਨਾਨ ਜਾਟ ਵੋਟਰਾਂ ਨੂੰ ਨਾਲ ਨਹੀਂ ਲਿਆ ਹੈ । ਜਿਸ ਦਾ ਨੁਕਸਾਨ ਭੁਗਤਨਾ ਪਿਆ ਹੈ । ਸ਼ਿਵਸੈਨਾ ਆਗੂ ਸੰਜੇ ਰਾਉਤ ਨੇ ਕਿਹਾ ਬੀਜੇਪੀ ਨੇ ਹਾਰੀ ਬਾਜ਼ੀ ਜਿੱਤ ਲਈ ਹੈ । ਹਰ ਕੋਈ ਕਹਿ ਰਿਹਾ ਸੀ ਕਿ ਕਾਂਗਰਸ ਜਿੱਤ ਰਹੀ ਹੈ ਪਰ ਉਹ ਹਾਰ ਗਈ ਕਿਉਂਕਿ ਬੀਜੇਪੀ ਕੋਲ ਇੱਕ ਸਿਸਟਮ ਹੈ ਜਿਸ ਦੇ ਤਹਿਤ ਉਹ ਕੰਮ ਕਰਦੇ ਹਨ।

ਉਧਰ TMC ਆਗੂ ਸਾਕੇਤ ਗੋਖਲੇ ਨੇ ਕਾਂਗਰਸ ਦਾ ਨਾਂ ਲਏ ਬਿਨਾਂ ਕਿਹਾ ਕਿ ਹੰਕਾਰ ਅਤੇ ਖੇਤਰੀ ਪਾਰਟੀਆਂ ਨੂੰ ਨਫਰਤ ਦੀ ਨਜ਼ਰ ਨਾਲ ਵੇਖਣ ਦੇ ਕਾਰਨ ਹਾਰ ਹੋਈ ਹੈ । ਉਧਰ ਉਮਰ ਅਬਦੁੱਲਾ ਭਾਵੇਂ ਜੰਮੂ-ਕਸ਼ਮੀਰ ਦੇ ਅਗਲੇ ਮੁੱਖ ਮੰਤਰੀ ਹੋਣਗੇ ਪਰ ਉਨ੍ਹਾਂ ਨੇ ਕਾਂਗਰਸ ਨੂੰ ਨਸੀਹਤ ਦਿੱਤੀ ਹੈ ਕਿ ਹਰਿਆਣਾ ਵਿੱਚ ਹਾਰ ਦੇ ਕਾਰਨਾਂ ਨੂੰ ਗਹਿਰਾਈ ਨਾਲ ਸੋਚਨਾ ਹੋਵੇਗਾ । ਮੈਂ ਪਹਿਲਾਂ ਹੀ ਕਿਹਾ ਸੀ ਕਿ ਅਸੀਂ ਐਗਜ਼ਿਟ ਪੋਲ ਤੇ ਭਰੋਸਾ ਨਹੀਂ ਕਰ ਸਕਦੇ ਹਾਂ,ਇਹ ਸਮਾਂ ਬਰਬਾਦ ਕਰਨ ਵਰਗਾ ਹੈ ।

ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਹਰਿਆਣਾ ਦੀਆਂ ਚੋਣਾਂ ਸਬਕ ਹਨ ਕਿ ਚੋਣਾਂ ਵਿੱਚ ਜ਼ਿਆਦਾ ਆਤਮਵਿਸ਼ਵਾਸ ਨਹੀਂ ਹੋਣਾ ਚਾਹੀਦਾ ਹੈ । ਕਿਸੇ ਵੀ ਚੋਣ ਨੂੰ ਹਲਕੇ ਨਾਲ ਨਹੀਂ ਲੈਣਾ ਚਾਹੀਦਾ ਹੈ । ਹਰ ਚੋਣ ਅਤੇ ਸੀਟ ਮੁਸ਼ਕਿਲ ਹੁੰਦੀ ਹੈ ।