ਖਨੌਰੀ ਬਾਰਡਰ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਤੇ ਅੱਜ ਉਹਨਾਂ ਦੇ ਮਰਨ ਵਰਤ ਦਾ 20 ਵਾਂ ਦਿਨ ਹੈ ਅਜਿਹੇ ਦੇ ਵਿੱਚ ਸਵੇਰੇ ਪਹਿਲਾਂ ਡੀਜੀਪੀ ਗੌਰਵ ਯਾਦਵ ਕੇਂਦਰੀ ਅਧਿਕਾਰੀਆਂ ਦੇ ਨਾਲ ਰਲ ਕੇ ਉਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਸਨ। ਇਸੇ ਦੇ ਦਰਮਿਆਨ ਹਰਿਆਣਾ ਤੋਂ ਐਮਐਲਏ ਵਿਨੇਸ਼ ਫੁਗਾਟ ਅਤੇ ਉਹਨਾਂ ਦੇ ਪਤੀ ਸੋਮਵੀਰ ਰਾਠੀ ਉਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ।
ਇਸ ਤੋਂ ਇਲਾਵਾ ਕਾਂਗਰਸੀ ਆਗੂ ਪ੍ਰਗਟ ਸਿੰਘ, ਪਟਿਆਲਾ ਤੋਂ ਐਮ ਪੀ ਧਰਮਵੀਰ ਗਾਂਧੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਦਿਆਂ ਉਹਨਾਂ ਦਾ ਹਾਲ ਜਾਣਿਆ ਹੈ। ਫਰੀਦਕੋਟ ਤੋਂ ਐਮ ਪੀ ਸਰਬਜੀਤ ਸਿੰਘ ਖਾਲਸਾ ਦੀ ਧਰਮ ਪਤਨੀ ਵੀ ਡੱਲੇਵਾਲ ਦੀ ਸਿਹਤ ਦਾ ਹਾਲ ਚਾਲ ਜਾਨਣ ਦੇ ਲਈ ਉੱਥੇ ਪਹੁੰਚੇ ਹਨ।
ਦੱਸ ਦਈਏ ਕਿ ਅੱਜ ਸਵੇਰੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਖਨੌਰੀ ਬਾਰਡਰ ‘ਤੇ 20 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਮਯੰਕ ਮਿਸ਼ਰਾ ਵੀ ਸਨ। ਗੌਰਵ ਯਾਦਵ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲ ਜਾਣਿਆ ਹੈ।
ਮੀਟਿੰਗ ਤੋਂ ਬਾਅਦ ਡੀਜੀਪੀ ਨੇ ਕਿਹਾ ਕਿ ਡੱਲੇਵਾਲ ਦੀ ਜਾਨ ਕੀਮਤੀ ਹੈ। ਅਸੀਂ ਸਾਰਿਆਂ ਨਾਲ ਤਾਲਮੇਲ ਕਰ ਰਹੇ ਹਾਂ ਅਤੇ ਗੱਲਬਾਤ ਨੂੰ ਅੱਗੇ ਲਿਜਾਣ ਲਈ ਮਾਹੌਲ ਤਿਆਰ ਕਰ ਰਹੇ ਹਾਂ। ਕੇਂਦਰੀ ਗ੍ਰਹਿ ਨਿਰਦੇਸ਼ਕ ਵੀ ਮੇਰੇ ਨਾਲ ਆਏ ਹਨ। ਉਹ ਕਿਸਾਨਾਂ ਦੀਆਂ ਮੰਗਾਂ ਕੇਂਦਰ ਤੱਕ ਪਹੁੰਚਾਉਣਗੇ। ਪੰਜਾਬ ਸਰਕਾਰ ਨੂੰ ਵੀ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਲਈ ਕਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਖਾਸ ਤੌਰ ਉੱਤੇ ਸੰਦੇਸ਼ ਭੇਜਿਆ ਹੈ ਕਿ ਜਗਜੀਤ ਸਿੰਘ ਡੱਲੇਵਾਲ ਸਾਡੇ ਲਈ ਬਹੁਤ ਜ਼ਰੂਰੀ ਹਨ। ਇਸ ਸੰਘਰਸ਼ ਲਈ ਬਹੁਤ ਜ਼ਰੂਰੀ ਹੈ। ਕੇਂਦਰੀ ਗ੍ਰਹਿ ਦੇ ਡਾਇਰੈਕਟਰ ਮਯੰਕ ਮਿਸ਼ਰਾ ਨੇ ਕਿਹਾ ਕਿ ਅਸੀਂ ਡੱਲੇਵਾਲ ਦੀਆਂ ਮੰਗਾਂ ਸੁਣਨ ਆਏ ਸੀ। ਸੁਪਰੀਮ ਕੋਰਟ ਨੇ ਹੁਕਮ ਦਿੱਤੇ ਹਨ ਜਿਸ ਤੋਂ ਬਾਅਦ ਉਹਨਾਂ ਨੇ ਗੱਲਬਾਤ ਕੀਤੀ ਹੈ ।