ਬਿਉਰੋ ਰਿਪੋਰਟ: ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਅਮਰੀਕ ਸਿੰਘ ਨੇ ਬੀਬੀ ਜਗੀਰ ਕੌਰ ਨੂੰ ਤਲਬ ਕਰਨ ਨੂੰ ਲੈ ਕੇ ਅਕਾਲੀ ਦਲ ’ਤੇ ਨਿਸ਼ਾਨਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜੇ ਰੋਮਾਂ ਦੀ ਬੇਅਦਬੀ ਅਤੇ ਧੀ ਦਾ ਕਤਲ ਸਿੱਖ ਧਰਮ ਵਿੱਚ ਬੱਜਰ ਕੁਰਹਿਤ ਹੈ ਤਾਂ ਫਿਰ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ SGPC ਦਾ ਪ੍ਰਧਾਨ ਕਿਉਂ ਬਣਾਇਆ?
ਟਕਸਾਲ ਮੁਖੀ ਨੇ ਕਿਹਾ ਕਿ ਜਥੇਦਾਰ ਸਿੱਖ ਪੰਥ ਦੇ ਨਹੀਂ, ਬਲਕਿ ਬਾਦਲ ਪਰਿਵਾਰ ਦੇ ਹਨ। ਉਨ੍ਹਾਂ ਕਿਹਾ ਕਿ SGPC ਖ਼ੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਦੇ ਮਾਮਲੇ ਵਿੱਚ ਅਪਰਾਧੀ ਹੈ, ਜਦੋਂ ਤੱਕ ਇਹ ਆਪ ਆਪਣੇ ਗੁਨਾਹਾਂ ਨੂੰ ਨਹੀਂ ਬਖਸ਼ਾਉਂਦੇ, ਇਹ ਕਿਸੇ ਨੂੰ ਤਲਬ ਨਹੀਂ ਕਰ ਸਕਦੇ।
ਉੱਧਰ ਦਲ ਖ਼ਾਲਸਾ ਨੇ ਵੀ ਬੀਬੀ ਜਗੀਰ ਕੌਰ ਨੂੰ ਜਥੇਦਾਰ ਵੱਲੋ ਤਲਬ ਕਰਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਸਿੰਘ ਜਾਂ ਸਿੰਘਣੀ ਵੱਲੋਂ ਰੋਮਾਂ ਦੀ ਬੇਅਦਬੀ ਦੇ ਮਾਮਲੇ ਵਿੱਚ ਸਜ਼ਾ ਦੇਣ ਦਾ ਅਧਿਕਾਰ ਪੰਜ ਪਿਆਰਿਆਂ ਨੂੰ ਹੈ। ਦੂਜਾ ਕੁੜੀ ਮਾਰ ਦੀ ਪਰਿਭਾਸ਼ਾ ਗਰਭ ਵਿੱਚ ਧੀ ਦੇ ਕਤਲ ਨੂੰ ਲੈ ਕੇ ਦਿੱਤੀ ਗਈ ਸੀ, ਜਦਕਿ ਬੀਬੀ ਜਗੀਰ ਕੌਰ ਦਾ ਮਾਮਲਾ ਇਸਦੇ ਬਿਲਕੁਲ ਉਲਟ ਹੈ।
ਦਲ ਖ਼ਾਲਸਾ ਨੇ ਕਿਹਾ ਧੀ ਦੇ ਕਤਲ ਬਾਅਦ ਵੀ ਬੀਬੀ ਜਗੀਰ ਕੌਰ ਨੂੰ 2 ਵਾਰ ਐੱਸਜੀਪੀਸੀ ਦਾ ਪ੍ਰਧਾਨ ਬਣਾਇਆ ਗਿਆ। ਉਸ ਵੇਲੇ ਦੇ ਹਾਲਾਤਾਂ ਵਿੱਚ ਫਰਕ ਇਹ ਸੀ ਕਿ ਜਗੀਰ ਕੌਰ ਉਸ ਵੇਲੇ ਅਕਾਲੀ ਦਲ ਦੀ ਲੀਡਰਸ਼ਿੱਪ ਦੀ ਚਹੇਤੇ ਸਨ। ਅੱਜ ਉਸੇ ਲੀਡਰਸ਼ਿੱਪ ਲਈ ਚੁਣੌਤੀ ਬਣੇ ਹੋਏ ਹਨ।
ਦਲ ਖਾਲਸਾ ਨੇ ਕਿਹਾ ਸਾਲਾਂ ਬਾਅਦ ਸ੍ਰੀ ਅਕਾਲ ਤਖ਼ਤ ਮਾਮਲਾ ਆਉਣ ਪਿੱਛੇ ਇਰਾਦਾ ਅਤੇ ਨੀਅਤ ਮੰਦਭਾਵਨਾ ਵਾਲੀ ਹੈ। ਦਲ ਖਾਲਸਾ ਨੇ ਕਿਹਾ ਸਾਡੀ ਅਪੀਲ ਹੈ ਕਿ ਸ੍ਰੀ ਅਕਾਲ ਤਖਤ ਦੀ ਸਰਵਉੱਚਤਾ, ਸਿਧਾਂਤਾਂ ਅਤੇ ਮਰਿਆਦਾ ਨੂੰ ਪਾਟੋਧਾੜ ਦੇ ਸ਼ਿਕਾਰ ਅਕਾਲੀ ਧੜਿਆਂ ਦੀ ਸੌੜੀ ਸਿਆਸੀ ਖੇਡ ਤੋਂ ਉੱਤੇ ਅਤੇ ਪਾਕ ਰੱਖਿਆ ਜਾਵੇ।