ਖਨੌਰੀ ਸਰਹੱਦ ‘ਤੇ ਪਿਛਲੇ 38 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ‘ਤੇ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਕਿਸਾਨ ਆਗੂ ਅਭਿਮਨਿਉ ਕੋਹਾੜ ਦਾ ਬਿਆਨ ਸਾਹਮਣੇ ਆਇਆ ਹੈ।
ਕੋਹਾੜ ਨੇ ਕਿਹਾ ਕਿ ਸਾਡੇ ਸਾਥੀਆਂ ਨੇ ਹਮੇਸ਼ਾ ਡੱਲੇਵਾਲ ਦੀ ਭਾਵਨਾ ਅਨੁਸਾਰ ਹੀ ਬਿਆਨ ਦਿੱਤੇ ਹਨ। ਕਿਸਾਨਾਂ ਨੇ ਹਮੇਸ਼ਾ ਹੀ ਸੰਵਿਧਾਨਿਕ ਸੰਸਥਾਵਾਂ ਦਾ ਪੂਰਾ ਸਤਿਕਾਰ ਕੀਤਾ ਗਿਆ ਹੈ। ਉਨ੍ਹਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਪਾਰਲੀਮੈਂਟ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਨੂੰ ਹੁਕਮ ਦੇਵੇ।
ਅਭਿਮਨਿਉ ਕੋਹਾੜ ਨੇ ਕਿਹਾ ਕਿ ਪੂਰਾ ਦੇਸ਼ ਇਹ ਸਭ ਦੇਖ ਰਿਹਾ ਹੈ। ਦੇਸ਼ ਨੇ ਇਹ ਵੀ ਦੇਖਿਆ ਕਿ ਜਦੋਂ ਸੀਨੀਅਰ ਅਧਿਕਾਰੀ ਖਨੌਰੀ ਬਾਰਡਰ ’ਤੇ ਆਏ ਉਨ੍ਹਾਂ ਕਿਹਾ ਕਿ ਜੋ ਗੱਲਾਂ ਤੁਸੀਂ ਸਾਡੇ ਸਾਹਮਣੇ ਕਹਿ ਰਹੇ ਹੋ ਉਹੀ ਗੱਲਾਂ ਸੁਪਰੀਮ ਕੋਰਟ ਸਾਹਮਣੇ ਕਹਿਣਾ ਹੈ। ਦੋਹਾਂ ਫ਼ੋਰਮਾਂ ਨੇ ਉਸ ’ਤੇ ਸਹਿਮਤੀ ਵੀ ਦਿੱਤੀ। ਡੱਲੇਵਾਲ ਅਗਲੇ ਦਿਨ ਲਈ ਸੁਪਰੀਮ ਕੋਰਟ ਨਾਲ ਵੀਡੀਓ ਕਾਨਫ਼ਰੰਸ ਕਰਨ ਲਈ ਤਿਆਰ ਹੋ ਗਏ ਸਨ, ਪਰ 1 ਵਜੇ ਉਹ ਅਚਾਨਕ ਬੇਹੋਸ਼ ਡਿੱਗ ਗਏ ਸੀ। 12 ਤੋਂ 13 ਮਿੰਟ ਉਹ ਬੇਹੋਸ਼ ਰਹੇ ।
ਕੋਹਾੜ ਨੇ ਕਿਹਾ ਕਿ ਉਸ ਵੇਲੇ ਡਾ. ਅਵਤਾਰ ਸਿੰਘ ਅਤੇ ਸਰਕਾਰੀ ਡਾਕਟਰਾਂ ਦੀ ਟੀਮ ਉਥੇ ਹੀ ਮੌਜੂਦ ਸਨ। ਉਨ੍ਹਾਂ ਹਾਲਤ ਬਹੁਤ ਨਾਜ਼ੁਕ ਸੀ, ਉਨ੍ਹਾਂ ਨੂੰ ਜਦੋਂ ਹੋਸ਼ ਆਇਆ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਪਹਿਲਾਂ ਸਵਾਲ ਇਹੀ ਸੀ ਕਿ ਵੀਡੀਓ ਕਾਨਫ਼ਰੰਸ ਜੁੜਨ ਨਾਲ ਤਿਆਰੀਆਂ ਕਿਵੇਂ ਚੱਲ ਰਹੀਆਂ ਹਨ। ਉਦੋਂ ਡਾਕਟਰ ਸਾਹਿਬ ਨੇ ਡੱਲੇਵਾਲ ਜੀ ਨੂੰ ਕਿਹਾ ਕਿ ਤੁਹਾਡੀ ਅਜਿਹੀ ਹਾਲਤ ਨਹੀਂ ਹੈ ਕਿ ਤੁਸੀਂ ਵੀਡੀਓ ਕਾਨਫ਼ਰੰਸ ਨਾਲ ਜੁੜ ਸਕੋ ਪਰ ਡੱਲੇਵਾਲ ਜੀ ਨੇ ਕਿਹਾ ਕਿ ਅਸੀਂ ਸੰਵਿਧਾਨਿਕ ਸੰਸਥਾਵਾਂ ਦਾ ਸਤਿਕਾਰ ਕਰਦੇ ਹਾਂ ਅਤੇ ਇਸ ਕਾਨਫਰੰਸ ਨਾਲ ਜਰੂਰ ਜੁੜਾਂਗੇ। ਅਭਿਮਨਿਉ ਕੋਹਾੜ ਨੇ ਅਦਾਲਤ ਨੂੰ ਬੇਨਤੀ ਕਰਦੇ ਕਿਹਾ ਪਾਰਲੀਮੈਂਟ ਦੀ ਕਮੇਟੀ ਦੀਆਂ ਸਿਫਾਰਿਸਾਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਨੂੰ ਹੁਕਮ ਦਿਤੇ ਜਾਣ।
ਦੱਸ ਦਈਏ ਕਿ ਅੱਜ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕੁਝ ਕਿਸਾਨ ਆਗੂ ਗੈਰ-ਜ਼ਿੰਮੇਵਾਰਾਨਾ ਬਿਆਨ ਦੇ ਰਹੇ ਹਨ। ਕੋਰਟ ਨੇ ਕਿਹਾ ਕਿ ਸਾਨੂੰ ਅਜਿਹੇ ਕਿਸਾਨ ਆਗੂਆਂ ਦੇ ਇਰਾਦਿਆਂ ਬਾਰੇ ਪਤਾ ਹੈ।