ਮੰਡੀ (Mandi) ਤੋਂ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ (kangana-ranaut) ਨੇ ਕਿਸਾਨਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਟਿੱਪਣੀ ਕੀਤੀ ਸੀ। ਉਸ ‘ਤੇ ਕੰਗਣਾ ਨੇ ਕਿਹਾ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ ਝਿੜਕਿਆ ਹੈ। ਉਨ੍ਹਾਂ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਉਹ ਭਵਿੱਖ ਵਿੱਚ ਅਜਿਹੇ ਬਿਆਨਾਂ ਤੋਂ ਬਚੇਗੀ ਅਤੇ ਅੱਗੇ ਤੋਂ ਸਹੀ ਸ਼ਬਦਾਂ ਦੀ ਚੋਣ ਨੂੰ ਲੈ ਕੇ ਵਧੇਰੇ ਸਾਵਧਾਨ ਰਹੇਗੀ। ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਵੱਲੋਂ ਤਾੜਨਾ ਕੀਤੀ ਹੈ ਅਤੇ ਉਹ ਅੱਗੇ ਤੋਂ ਸਾਵਧਾਨ ਰਹੇਗੀ।
ਦੱਸ ਦੇਈਏ ਕਿ ਕੰਗਣਾ ਰਣੌਤ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਸੀ। ਜਿਸ ਨੂੰ ਲੈ ਕੇ ਉਨ੍ਹਾਂ ਦਾ ਭਾਰੀ ਵਿਰੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਕਈਆਂ ਨਾਲ ਜਬਰ ਜ਼ਨਾਹ ਅਤੇ ਕਈਆਂ ਦੇ ਕਤਲ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਵਿੱਚ ਸਹੀ ਸਰਕਾਰ ਨਾ ਹੁੰਦੀ ਤਾਂ ਪੰਜਾਬ ਦਾ ਹਾਲਾਤ ਵੀ ਬੰਗਲਾਦੇਸ਼ ਵਰਗੇ ਹੋ ਸਕਦੇ ਸਨ।
ਕੰਗਣਾ ਰਣੌਤ ਖਿਲਾਫ ਹਿਮਾਚਲ ਵਿਧਾਨ ਸਭਾ ‘ਚ ਮਤਾ ਪਾਸ
ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਨੇ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਕਿਸਾਨਾਂ ਦੇ ਪ੍ਰਦਰਸ਼ਨਾਂ ਬਾਰੇ ਕੀਤੀ ਗਈ ਟਿੱਪਣੀ ਦੀ ਨਿੰਦਾ ਕਰਦੇ ਹੋਏ ਮਤਾ ਪਾਸ ਕੀਤਾ ਹੈ। ਕੰਗਣਾ ਦੇ ਕਿਸਾਨਾਂ ਬਾਰੇ ਅਤੇ ਦੇਸ਼ ਨੂੰ ਲੈ ਕੇ ਦਿੱਤੇ ਬਿਆਨਾਂ ‘ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿਚ ਤਿੱਖੀ ਪ੍ਰਤੀਕਿਰਿਆ ਹੋਈ, ਜਿਸ ਕਾਰਨ ਉਸ ਦੇ ਬਿਆਨਾਂ ਦੀ ਨਿੰਦਾ ਕਰਨ ਵਾਲਾ ਮਤਾ ਪਾਸ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੀਤੀ ਨਿੰਦਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੰਗਣਾ ਰਣੌਤ ਬਾਰੇ ਕਿਹਾ ਕਿ ਮੰਡੀ ਦੇ ਲੋਕਾਂ ਨੇ ਉਨ੍ਹਾਂ ਨੂੰ ਕੰਮ ਕਰਨ ਲਈ ਚੁਣਿਆ ਹੈ ਨਾ ਕਿ ਇਸ ਤਰ੍ਹਾਂ ਦੇ ਬਿਆਨ ਦੇਣ ਲਈ। ਉਨ੍ਹਾਂ ਨੂੰ ਇਸ ਤਰਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ, ਜਿਸ ਨਾਲ ਕਿਸੇ ਨੂੰ ਪਰੇਸ਼ਾਨੀ ਹੁੰਦੀ ਹੋਵੇ। ਭਾਜਪਾ ਨੇ ਇਸ ਤੋਂ ਭਾਵੇਂ ਪੱਲਾ ਝਾੜ ਲਿਆ ਹੈ ਪਰ ਉਨ੍ਹਾਂ ਨੂੰ ਕੰਗਣਾ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਭਾਜਪਾ ਨੂੰ ਆਪਣੇ ਸੰਸਦ ਮੈਂਬਰਾ ‘ਤੇ ਕੰਟਰੋਲ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਬਿਆਨ ਵੀ ਪਾਰਟੀ ਦਾ ਹੀ ਹੁੰਦਾ ਹੈ, ਜੇਕਰ ਉਨ੍ਹਾਂ ਦਾ ਨਿੱਜੀ ਬਿਆਨ ਹੈ ਤਾਂ ਕੰਗਣਾ ਨੂੰ ਪਾਰਟੀ ਵਿੱਚੋ ਕੱਢ ਦੇਵੋ।