ਲੁਧਿਆਣਾ ਵਿਚ ਕ੍ਰਿਕਟ ਮੈਚ ਵਿਚ ਖੂਨੀ ਝੜਪ ਹੋ ਗਈ। ਝੜਪ ਵਿਚ 5 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ 2 ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਾਇਆ ਗਿਆ ਹੈ, ਜਿਨ੍ਹਾਂ ਵਿਚੋਂ ਇੱਕ ਨੌਜਵਾਨ ਕੋਮਾ ਵਿਚ ਚਲਾ ਗਿਆ। ਇਹ ਝਗੜਾ ਬੱਲੇਬਾਜ਼ ਨੂੰ ਆਊਟ ਦੇਣ ‘ਤੇ ਸ਼ੁਰੂ ਹੋਇਆ। ਮੈਚ ਵਿਚ ਅੰਪਾਇਰਿੰਗ ਕਰ ਰਹੇ ਨੌਜਵਾਨ ਨੇ ਬੱਲੇਬਾਜ਼ ਨੂੰ ਆਊਟ ਕਰ ਦਿੱਤਾ ਪਰ ਬੈਟਿੰਗ ਕਰ ਰਿਹਾ ਨੌਜਵਾਨ ਖੁਦ ਨੂੰ ਨਾਟ ਆਊਟ ਦੱਸਣ ਲੱਗਾ।
ਮਾਮਲਾ ਜਦੋਂ ਜ਼ਿਆਦਾ ਵਿਗੜਿਆ ਤਾਂ ਗੇਂਦਬਾਜ਼ੀ ਕਰ ਰਹੇ ਨੌਜਵਾਨ ਨੇ ਕਿਹਾ ਕਿ ਮੈਚ ਨਾ ਖੇਡਣ ‘ਤੇ ਉਸ ਨੂੰ ਡਰਾਅ ਕਰ ਦਿੰਦੇ ਹਾਂ। ਇਹ ਗੱਲ ਕਹਿ ਕੇ ਉਹ ਵਾਪਸ ਘਰ ਜਾਣ ਲੱਗਾ ਕਿ ਇਸੇ ਦੌਰਾਨ ਉਸ ‘ਤੇ ਬੈਟਿੰਗ ਟੀਮ ਦੇ ਕੁਝ ਖਿਡਾਰੀਆਂ ਨੇ ਹਮਲਾ ਕਰ ਦਿੱਤਾ। ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ।
ਬਚਾਅ ਲਈ ਆਏ 4 ਲੋਕਾਂ ਨੂੰ ਵੀ ਮੁਲਜ਼ਮਾਂ ਨੇ ਡੰਡਿਆਂ ਨਾਲ ਕੁੱਟ ਦਿੱਤਾ। ਖੂਨ ਨਾਲ ਲੱਥਪੱਥ ਨੌਜਵਾਨ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਛੱਤਾਂ ‘ਤੇ ਇਕੱਠੇ ਹੋ ਗਏ। ਕੁਝ ਲੋਕਾਂ ਨੇ ਇਸ ਖੂਨੀ ਝੜਪ ਦੀ ਵੀਡੀਓ ਬਣਾ ਲਈ। ਹਮਲਾਵਰਾਂ ਨੇ ਸਿਰ ‘ਤੇ ਡੰਡੇ ਮਾਰੇ ਜਿਸ ਨਾਲ ਦੋ ਲੋਕ ਮੌਕੇ ‘ਤੇ ਹੀ ਬੇਹੋਸ਼ ਹੋ ਗਏ। ਜ਼ਖਮੀਆਂ ਨੂੰ ਪ੍ਰਾਈਵੇਟ ਹਸਪਤਾਲ ਭਰਤੀ ਕਰਾਇਆ ਗਿਆ ਜਿਥੋਂ 2 ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਪੀੜਤ ਪਰਿਵਾਰ ਨੇ ਦੱਸਿਆ ਕਿ ਪੀਜੀਆਈ ਦੇ ਡਾਕਟਰਾਂ ਮੁਤਾਬਕ ਸਿੰਟੂ ਨਾਂ ਦਾ ਨੌਜਵਾਨ ਕੋਮਾ ਵਿਚ ਚਲਾ ਗਿਆ ਹੈ ਜਦੋਂ ਕਿ ਦੂਜਾ ਗੰਭੀਰ ਜ਼ਖਮੀ ਹੈ। ਪੀੜਤਾਂ ਦੀ ਪਛਾਣ ਗੰਗੂ, ਪਿੰਟੂ, ਸਿੰਟੂ ਤੇ ਮੋਨੂ ਵਜੋਂ ਹੋਈ ਹੈ। ਸਾਰੇ ਜ਼ਖਮੀ ਡਾਇੰਗ ਫੈਕਟਰੀ ਵਿਚ ਕੰਮ ਕਰਦੇ ਹਨ। ਸਾਰਿਆਂ ਨੂੰ ਸਿਰ ‘ਤੇ ਸੱਟਾਂ ਵੱਜੀਆਂ ਹਨ।
ਮੁਹੱਲੇ ਵਿਚ ਖੂਨੀ ਝੜਪ ਦੇ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਪਰ ਥਾਣਾ ਜਮਾਲਪੁਰ ਦੀ ਪੁਲਿਸ ਇਕ ਵਾਰ ਵੀ ਮੌਕਾ ਦੇਖਣ ਨਹੀਂ ਆਈ। ਪੀੜਤਾਂ ਨੇ ਕਿਹਾ ਕਿ ਮੁਲਜ਼ਮਾਂ ਖਿਲਾਫ ਪੁਲਿਸ ਜੇਕਰ ਮਾਮਲਾ ਦਰਜ ਨਹੀਂ ਕਰਦੀ ਤਾਂ ਉਹ ਧਰਨਾ ਦੇਣਗੇ। ਬਦਮਾਸ਼ਾਂ ਨਾਲ ਕੁਝ ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਨੇ ਬੇਹੋਸ਼ ਹੋ ਕੇ ਡਿੱਗੇ ਲੋਕਾਂ ਨਾਲ ਮਾਰਕੁੱਟ ਕੀਤੀ। ਇਲਾਕਾ ਵਾਸੀ ਹੰਸਰਾਜ ਨੇ ਦੱਸਿਆ ਕਿ ਹਮਲਾ ਕਰਨ ਵਾਲਿਆਂ ਤੋਂ ਪਹਿਲਾਂ ਕਦੇ ਕੋਈ ਪੁਰਾਣੀ ਰੰਜਿਸ਼ ਨਹੀਂ ਸੀ। ਇਨ੍ਹਾਂ ਲੋਕਾਂ ਨੂੰ ਇਲਾਕੇ ਵਿਚ ਆਏ ਨੂੰ ਅਜੇ ਇਕ ਸਾਲ ਹੀ ਹੋਇਆ ਹੈ।