ਬਿਉਰੋ ਰਿਪੋਰਟ – ਅਕਾਲੀ ਦਲ ਦੀ ਬਗਾਵਤ ਵਿੱਚ ਇੱਕ ਨਾਂ ਸਭ ਤੋਂ ਜ਼ਿਆਦਾ ਚਰਚਾ ਵਿੱਚ ਹੈ ਉਹ ਹੈ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਦਾ। ਬਾਗ਼ੀ ਧੜੇ ਨੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਦੀ ਅਗਵਾਈ ਦੀ ਮੰਗ ਕੀਤੀ ਤਾਂ ਜਥੇਦਾਰ ਸਾਹਿਬ ਨੇ ਕਿਹਾ ਜੇਕਰ ਸਮੁੱਚੀ ਪਾਰਟੀ ਇਸ ‘ਤੇ ਰਾਜ਼ੀ ਹੁੰਦੀ ਹੈ ਤਾਂ ਵਿਚਾਰ ਕੀਤਾ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਦੇ ਦੋਵੇ ਧਿਰਾਂ ਨੂੰ ਇਕੱਠੇ ਬੈਠਣ ਦੀ ਸਲਾਹ ਵੀ ਦਿੱਤੀ ਹੈ। ਪਰ ਵੱਡਾ ਸਵਾਲ ਇਹ ਹੈ ਕੀ ਅਜਿਹਾ ਹੋ ਸਕਦਾ ਹੈ? ਕੀ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਦੇ ਨਾਂ ‘ਤੇ ਦੋਵੇ ਧਿਰ ਇਕੱਠੇ ਹੋ ਸਕਦੇ ਹਨ। ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਅਕਾਲੀ ਦਲ ਦੇ ਪ੍ਰਧਾਨ ਦੀ ਰੇਸ ਵਿੱਚ ਕਿਸੇ ਤਖਤ ਦੇ ਜਥੇਦਾਰ ਦਾ ਨਾਂ ਸਾਹਮਣੇ ਆਇਆ ਹੋਵੇ। 44 ਸਾਲ ਪਹਿਲਾਂ ਅਜਿਹਾ ਹੋ ਚੁੱਕਾ ਹੈ। ਪਹਿਲਾਂ ਵੀ ਇਤਿਹਾਸ ਵਿੱਚ ਮੌਕਾ ਆਇਆ ਸੀ ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਸ ਵੇਲੇ ਅਕਾਲੀ ਦਲ ਵਿੱਚ ਪ੍ਰਧਾਨਗੀ ਦੀ ਲੜਾਈ ਚੱਲ ਰਹੀ ਸੀ, ਉਸ ਸਾਰੀ ਸਿਆਸੀ ਖੇਡ ਵਿੱਚ ਬਾਦਲ ਪਰਿਵਾਰ ਦਾ ਵੱਡਾ ਹੱਥ ਸੀ।
1980 ਵਿੱਚ ਲੌਂਗੋਵਾਲ ਨੂੰ ਪ੍ਰਧਾਨ ਬਣਾਇਆ ਗਿਆ
1980 ਦਾ ਹੀ ਉਹ ਸਮਾਂ ਸੀ ਜਦੋਂ ਸਿੱਖ ਪੰਥ ਵਿੱਚ ਮੋਰਚਿਆ ਦਾ ਦੌਰ ਸੀ, ਦੂਜੇ ਪਾਸੇ ਅਕਾਲੀ ਦਲ ਵਿੱਚ ਪਾਵਰ ਦੀ ਲੜਾਈ ਚੱਲ ਰਹੀ ਸੀ ਤੀਜੇ ਪਾਸੇ ਕੇਂਦਰ ਖਿਲਾਫ ਖਿਚੋਤਾਣ ਸੀ। 1978 ਵਿੱਚ ਜਿਸ ਜਗਦੇਵ ਸਿੰਘ ਤਲਵੰਡੀ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਉਸੇ ਨੇ ਜਦੋਂ ਬਾਗ਼ੀ ਅੱਖ ਵਿਖਾਉਣੀ ਸ਼ੁਰੂ ਕੀਤੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ। ਸੰਤ ਲੌਂਗੋਵਾਲ 1962 ਵਿਚ ਤਖ਼ਤ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਥਾਪੇ ਗਏ ਸਨ। ਪਰ 1964 ਵਿਚ ਉਨ੍ਹਾਂ ਪਾਉਂਟਾ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਨੂੰ ਸਰਕਾਰੀ ਕਬਜੇ ਵਿਚੋਂ ਛੁਡਾਉਣ ਲਈ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਮੋਰਚਾ ਲਾਇਆ। ਉਸ ਤੋਂ ਬਾਅਦ ਉਹ ਅਕਾਲੀ ਦਲ ਦੇ ਕਈ ਮੋਰਚਿਆਂ ਵਿੱਚ ਸ਼ਾਮਲ ਹੋਏ ਅਤੇ ਸਿੱਖ ਸਿਆਸਤ ਦੇ ਮੋਢੀ ਬਣੇ। ਪਰ ਵੱਡਾ ਸਵਾਲ ਇਹ ਹੈ ਕਿ ਹੁਣ ਜਦੋਂ ਅਕਾਲੀ ਦਲ ਆਪਣੀ ਸਭ ਤੋਂ ਵੱਡੀ ਬਗਾਵਤ ਤੋਂ ਗੁਜ਼ਰ ਰਿਹਾ ਹੈ ਤਾਂ ਕੀ ਜਥੇਦਾਰ ਸਾਹਿਬ ਹਰਪ੍ਰੀਤ ਸਿੰਘ ਨੂੰ ਪਾਰਟੀ ਦੀ ਅਗਵਾਈ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਇਹ ਵੱਡਾ ਸਵਾਲ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਦਰਅਸਲ 70 ਤੋਂ ਲੈਕੇ 90 ਦੇ ਦਹਾਕੇ ਤੱਕ ਅਕਾਲੀ ਦਲ ਵਿੱਚ ਕਈ ਵੱਡੇ ਚਹਿਰੇ ਸਨ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦ ਨੇ ਕਿੰਗ ਬਣਨ ਦੀ ਥਾਂ ਕਿੰਗ ਮੇਕਰ ਦੀ ਭੂਮਿਕਾ ਵਿੱਚ ਨਜ਼ਰ ਆਏ। ਪਾਰਟੀ ਦੇ ਹਰ ਇੱਕ ਫੈਸਲੇ ਪਿੱਛੇ ਉਨ੍ਹਾਂ ਦਾ ਦਿਮਾਗ਼ ਅਤੇ ਅਸਰ ਵਿਖਾਈ ਦਿੰਦਾ ਸੀ। ਉਸ ਵੇਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਨਾਂ ਪ੍ਰਕਾਸ਼ ਸਿੰਘ ਪਾਦਲ ਨੇ ਇਸ ਲਈ ਅੱਗੇ ਕੀਤਾ ਕਿਉਂਕਿ ਉਹ ਉਨ੍ਹਾਂ ਦੇ ਭਰੋਸੇਮੰਦ ਸਨ। ਪਰ ਗਿਆਨੀ ਹਰਪ੍ਰੀਤ ਸਿੰਘ ਨਾਲ ਅਜਿਹਾ ਨਹੀਂ ਹੈ। ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਰਹਿੰਦੇ ਹੋਏ ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਨੂੰ ਕਈ ਵਾਰ ਨਸੀਹਤਾਂ ਦਿੱਤੀਆਂ। ਪਾਰਟੀ ਦੇ ਅੰਦਰ ਇਹ ਅਵਾਜ਼ ਵੀ ਦਬੀ ਜ਼ਬਾਨ ਵਿੱਚ ਉਠ ਦੀ ਰਹੀ ਕਿ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਦੀਆਂ ਬੀਜੇਪੀ ਨਾਲ ਨਜ਼ਦੀਕੀਆਂ ਹਨ। ਹਾਲਾਂਕਿ ਜਥੇਦਾਰ ਹਰਪ੍ਰੀਤ ਸਿੰਘ ਖਿਲਾਫ ਅਸਿੱਧੇ ਤੌਰ ‘ਤੇ ਕਾਰਵਾਈ ਦਾ ਮੌਕਾ ਪਾਰਟੀ ਨੂੰ ਉਸ ਵੇਲੇ ਮਿਲਿਆ ਜਦੋਂ ਉਹ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਦੀ ਮੰਗਣੀ ‘ਤੇ ਪਹੁੰਚ ਗਏ। ਜਥੇਦਾਰ ਹਰਪ੍ਰੀਤ ਸਿੰਘ ਦੀ ਮੌਜੂਦਗੀ ਨੂੰ ਲੈਕੇ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਅੱਗੇ ਕੀਤਾ ਗਿਆ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਨਿਸ਼ਾਨਾ ਲਗਾਇਆ, ਇਸ ‘ਤੇ ਨਾ ਤਾਂ SGPC ਬੋਲੀ ਨਾ ਹੀ ਅਕਾਲੀ ਦਲ ਦੇ ਅੰਦਰੋ ਕੁਝ ਅਵਾਜ਼ ਉੱਠੀ। ਮੌਕਾ ਵੇਖ ਦੇ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਵਿਦੇਸ਼ੀ ਦੌਰੇ ‘ਤੇ ਗਏ ਤਾਂ SGPC ਦੀ ਅੰਤਰਿੰਗ ਕਮੇਟੀ ਦੀ ਮੀਟਿੰਦ ਸੱਦੀ ਅਤੇ ਗਿਆਨ ਹਰਪ੍ਰੀਤ ਸਿੰਘ ਨੂੰ ਤਖਤ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਸੌਂਪ ਕੇ ਗਿਆਨ ਰਘੁਬੀਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਦਿੱਤਾ ਗਿਆ। ਸਾਫ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ‘ਤੇ ਸੁਖਬੀਰ ਸਿੰਘ ਬਾਦਲ ਦਾ ਧੜਾ ਕਿਸੇ ਵੀ ਕੀਮਤ ‘ਤੇ ਤਿਆਰ ਨਹੀਂ ਹੋਵੇਗਾ।
ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਵਿਰੋਧੀ ਧਿਰ ਵਾਂਗ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਨਾਂ ਅੱਗੇ ਕਰ ਸਕਦੇ ਹਨ। ਕਿਉਂਕਿ ਸ੍ਰੀ ਅਕਾਲ ਤਖਤ ਦਾ ਜਥੇਦਾਰ ਸੁਪ੍ਰੀਮ ਹੁੰਦਾ ਹੈ ਤਾਂ ਜਥੇਦਾਰ ਵਰਸਿਸ ਜਥੇਦਾਰ ਦੀ ਸਿਆਸੀ ਖੇਡ ਵਿੱਚ ਸੁਖਬੀਰ ਸਿੰਘ ਬਾਦਲ ਦੀ ਲੱਤ ਉੱਤੇ ਹੋ ਸਕਦੀ ਹੈ। ਅਜਿਹੇ ਵਿੱਚ ਸੁਖਬੀਰ ਸਿੰਘ ਬਾਦਲ ਪਰਦੇ ਦੇ ਪਿੱਛੋ ਫੈਸਲੇ ਲੈਕੇ ਪਾਰਟੀ ‘ਤੇ ਕੰਟਰੋਲ ਕਰ ਸਕਦੇ ਹਨ ਜਿਸ ਤਰ੍ਹਾਂ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ 70 ਤੋਂ 90 ਦੇ ਦਹਾਕੇ ਤੱਕ ਆਪ ਪ੍ਰਧਾਨ ਨਹੀਂ ਬਣੇ ਪਰ ਹਰ ਪ੍ਰਧਾਨ ਉਨ੍ਹਾਂ ਦੇ ਕੰਟਰੋਲ ਵਿੱਚ ਹੁੰਦਾ ਸੀ। ਇਸ ਨਾਲ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਦੀ ਕੁਰਸੀ ਨੂੰ ਲੈਕੇ ਜਿਹੜੇ ਇਲਜ਼ਾਮ ਲੱਗ ਰਹੇ ਹਨ ਉਹ ਵੀ ਕਿਧਰੇ ਨਾ ਕਿਧਰੇ ਠੰਡੇ ਪੈ ਸਕਦੇ ਹਨ। ਵੈਸੇ ਬਾਗ਼ੀ ਧੜੇ ਦੇ ਆਗੂ ਸਿਕੰਦਰ ਸਿੰਘ ਮਲੂਕਾ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਅਸੀਂ 2022 ਵਿੱਚ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਸੀ ਕਿ ਤੁਸੀਂ ਇੱਕ ਵਾਰ ਪ੍ਰਧਾਨ ਦੀ ਕੁਰਸੀ ਛੱਡ ਦਿਉ ਕਿਸੇ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿਉ, ਜਦੋਂ ਲੋਕਾਂ ਦਾ ਗੁੱਸਾ ਦੂਰ ਹੋਵੇ ਤਾਂ ਆਪ ਪ੍ਰਧਾਨ ਬਣ ਜਾਣ। ਰਾਹੁਲ ਗਾਂਧੀ ਨੇ ਵੀ ਅਜਿਹਾ ਹੀ ਸਿਆਸੀ ਦਾਅ ਖੇਡਿਆ ਸੀ। 2019 ਵਿੱਚ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਉਨ੍ਹਾਂ ਨੇ ਮਿੰਟ ਨਹੀਂ ਲਾਇਆ ਕੌਮੀ ਪ੍ਰਧਾਨ ਦੀ ਜ਼ਿੰਮਵਾਰੀ ਛੱਡਣ ਲਈ। ਪਾਰਟੀ ਵਿੱਚ ਚੋਣ ਕਰਵਾਈ ਅਤੇ ਆਪਣੀ ਹਮਾਇਤ ਵਾਲੇ ਮਲਿਆਅਰਜੁਨ ਖੜਗੇ ਨੂੰ ਜਿਤਾਇਆ ਅਤੇ ਪਰਦੇ ਤੋਂ ਪਿੱਛੇ ਪਾਰਟੀ ਨੂੰ ਚੱਲਾ ਰਹੇ ਹਨ ।
ਸ੍ਰੀ ਅਕਾਲ ਤਖਤ ਦੇ ਮੁਆਫ਼ੀਨਾਮਾ ਦੇਣ ਤੋਂ ਪਹਿਲਾਂ ਬਾਗੀ ਗੁੱਟ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਯਾਨੀ ਬਾਗੀ ਗੁੱਟ ਦੇ ਦਿਮਾਗ ਵਿੱਚ ਪਲਾਨ ਬੀ ਵੀ ਚੱਲ ਰਿਹਾ ਹੈ। ਇਹ ਵੀ ਹੋ ਸਕਦਾ ਹੈ ਕਿ ਬਾਗ਼ੀ ਗੁੱਟ ਅੰਮ੍ਰਿਤਪਾਲ ਸਿੰਘ ਦੇ ਮੋਢਿਆਂ ‘ਤੇ ਆਪਣੀ ਅਗਲੀ ਸਿਆਸੀ ਇਨਿੰਗ ਖੇਡ ਸਕਦਾ ਹੈ। ਸੁਖਬੀਰ ਸਿੰਘ ਬਾਦਲ ਦਾ ਗੁੱਟ ਵੀ ਇਸ ਤੋਂ ਜਾਣੂ ਹੈ ਇਸੇ ਲ਼ਈ ਜਦੋਂ ਅੰਮ੍ਰਿਤਪਾਲ ਸਿੰਘ ਦੇ ਘਰ ਜਦੋਂ ਬਾਗੀ ਗੁੱਟ ਗਿਆ ਤਾਂ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸਵਾਲ ਚੁੱਕ ਦੇ ਹੋਏ ਕਿਹਾ ਵਿਰੋਧੀ ਧਿਰ ਦੇ ਦਿਮਾਗ ਵਿੱਚ ਪਹਿਲਾਂ ਸਿਆਸਤ ਸੀ ਫਿਰ ਧਰਮ ।
ਯਾਨੀ ਜੇਕਰ ਆਉਣ ਵਾਲੇ ਦਿਨਾਂ ਵਿੱਚ ਇੱਕ ਨਵੇਂ ਅਕਾਲੀ ਦਲ ਦੀ ਅਗਵਾਈ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਨੂੰ ਵੇਖਿਆ ਜਾ ਸਕਦਾ ਹੈ। ਪੰਜਾਬ ਦੇ 3 ਹਲਕਿਆਂ ਦੀ ਜ਼ਿਮਨੀ ਚੋਣ ਨੂੰ ਲੈਕੇ ਅੰਮ੍ਰਿਤਪਾਲ ਸਿੰਘ ਦੇ ਤਿੰਨ ਸਾਥੀਆਂ ਨੇ ਜੇਲ੍ਹ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ, ਜੇਕਰ ਬਾਗ਼ੀ ਗੁੱਟ ਇਸ ਨੂੰ ਹਮਾਇਤ ਦਿੰਦਾ ਹੈ ਅਤੇ ਜਿੱਤ ਹਾਸਲ ਹੁੰਦੀ ਹੈ ਤਾਂ ਸਾਫ ਹੈ ਕਿ ਪੰਜਾਬ ਦੀ ਅਕਾਲੀ ਦਲ ਦੀ ਸਿਆਸਤ 360 ਡਿਗਰੀ ਬਦਲ ਸਕਦੀ ਹੈ, ਫਿਰ ਸੁਖਬੀਰ ਸਿੰਘ ਬਾਦਲ ਲਈ ਵਾਪਸੀ ਦਾ ਰਸਤਾ ਮੁਸ਼ਕਿਲ ਹੋ ਸਕਦਾ ਹੈ।
ਇਹ ਵੀ ਪੜ੍ਹੋ – ਹਰਸਿਮਰਤ ਬਾਦਲ ਨੇ ਅਪਰਾਧਿਕ ਕਾਨੂੰਨਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਚੁੱਕੇ ਸਵਾਲ