India

ਮਨੀਪੁਰ ਦੇ 6 ਖੇਤਰਾਂ ’ਚ AFSPA ਮੁੜ ਲਾਗੂ! ਹਿੰਸਾ ’ਚ ਹੁਣ ਤੱਕ 200 ਲੋਕ ਗਵਾ ਚੁੱਕੇ ਜਾਨ

ਬਿਉਰੋ ਰਿਪੋਰਟ: ਮਨੀਪੁਰ ਦੇ 5 ਜ਼ਿਲ੍ਹਿਆਂ ਦੇ 6 ਥਾਣਿਆਂ ਵਿੱਚ ਹਥਿਆਰਬੰਦ ਬਲ ਵਿਸ਼ੇਸ਼ ਸੁਰੱਖਿਆ ਕਾਨੂੰਨ (AFSPA) ਮੁੜ ਲਾਗੂ ਕਰ ਦਿੱਤਾ ਗਿਆ ਹੈ। ਇਹ 31 ਮਾਰਚ 2025 ਤੱਕ ਲਾਗੂ ਰਹੇਗਾ। ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਆਪਣਾ ਹੁਕਮ ਜਾਰੀ ਕੀਤਾ। ਮੰਤਰਾਲੇ ਨੇ ਕਿਹਾ ਕਿ ਇਹ ਫੈਸਲਾ ਇਨ੍ਹਾਂ ਖੇਤਰਾਂ ਵਿੱਚ ਵਿਗੜਦੀ ਸੁਰੱਖਿਆ ਸਥਿਤੀ ਦੇ ਕਾਰਨ ਲਿਆ ਗਿਆ ਹੈ। ਅਫਸਪਾ ਲਾਗੂ ਹੋਣ ਨਾਲ ਫੌਜ ਅਤੇ ਅਰਧ ਸੈਨਿਕ ਬਲ ਇਨ੍ਹਾਂ ਖੇਤਰਾਂ ਵਿੱਚ ਕਿਸੇ ਵੀ ਸਮੇਂ ਕਿਸੇ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਸਕਦੇ ਹਨ।

ਗ੍ਰਹਿ ਮੰਤਰਾਲੇ ਦੇ ਹੁਕਮਾਂ ਵਿੱਚ ਇੰਫਾਲ ਪੱਛਮੀ ਜ਼ਿਲੇ ਦੇ ਸੇਕਮਾਈ ਅਤੇ ਲਾਮਸਾਂਗ ਥਾਣਿਆਂ, ਇੰਫਾਲ ਪੂਰਬੀ ਜ਼ਿਲੇ ਦੇ ਲਮਲਾਈ, ਜਿਰੀਬਾਮ ਜ਼ਿਲੇ ਦੇ ਜੀਰੀਬਾਮ, ਕਾਂਗਪੋਕਪੀ ਦੇ ਲੇਈਮਾਖੋਂਗ ਅਤੇ ਬਿਸ਼ਨੂਪੁਰ ਜ਼ਿਲੇ ਦੇ ਮੋਇਰਾਂਗ ਥਾਣਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਯਾਦ ਰਹੇ ਅਫਸਪਾ ਸਿਰਫ ਗੜਬੜ ਵਾਲੇ ਖੇਤਰਾਂ ਵਿੱਚ ਲਾਗੂ ਹੁੰਦਾ ਹੈ। ਇਨ੍ਹਾਂ ਥਾਵਾਂ ’ਤੇ ਸੁਰੱਖਿਆ ਬਲ ਕਿਸੇ ਵੀ ਵਿਅਕਤੀ ਨੂੰ ਬਿਨਾਂ ਵਾਰੰਟ ਦੇ ਗ੍ਰਿਫ਼ਤਾਰ ਕਰ ਸਕਦੇ ਹਨ। ਕਈ ਮਾਮਲਿਆਂ ਵਿੱਚ ਤਾਕਤ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਹ ਕਾਨੂੰਨ ਉੱਤਰ-ਪੂਰਬ ਵਿਚ ਸੁਰੱਖਿਆ ਬਲਾਂ ਦੀ ਸਹੂਲਤ ਲਈ 11 ਸਤੰਬਰ 1958 ਨੂੰ ਪਾਸ ਕੀਤਾ ਗਿਆ ਸੀ। 1989 ’ਚ ਜੰਮੂ-ਕਸ਼ਮੀਰ ’ਚ ਅੱਤਵਾਦ ਵਧਣ ਕਾਰਨ 1990 ’ਚ ਇੱਥੇ ਵੀ ਅਫਸਪਾ ਲਾਗੂ ਕੀਤਾ ਗਿਆ ਸੀ। ਕੇਂਦਰ ਸਰਕਾਰ ਹੀ ਇਹ ਵੀ ਤੈਅ ਕਰਦੀ ਹੈ ਕਿ ਗੜਬੜੀ ਵਾਲੇ ਖੇਤਰ ਕਿਹੜੇ-ਕਿਹੜੇ ਹਨ।

ਸਬੰਧਿਤ ਖ਼ਬਰ – ਤਿੰਨ ਬੱਚਿਆਂ ਦੀ ਮਾਂ ਨਾਲ ਅੱਤਵਾਦੀਆਂ ਨੇ ਕੀਤਾ ਅਜਿਹਾ ਸਲੂਕ, ਜਾਣ ਕੇ ਕੰਬ ਜਾਵੇਗੀ ਰੂਹ