International

ਅਫ਼ਗਾਨਿਤਸਾਨ ‘ਚ ਰਹਿੰਦੇ ਲੋਕ ਕਿਤੇ ਨਹੀਂ ਜਾ ਸਕਦੇ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਬੁਲ ਵਿੱਚ ਅਫ਼ਗਾਨ ਸਾਂਸਦ ਫਰਜ਼ਾਨਾ ਕੋਚਾਈ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ, ਜੋ ਸ਼ਾਇਦ ਅਫ਼ਗਾਨਿਤਸਾਨ ਵਿੱਚ ਰਹਿ ਰਹੇ ਲੋਕਾਂ ਨੂੰ ਨਿਰਾਸ਼ ਕਰ ਦੇਵੇ। ਕੋਚਾਈ ਨੇ ਕਿਹਾ ਕਿ ਅਫ਼ਗਾਨਿਤਸਾਨ ਵਿੱਚ ਰਹਿ ਰਹੇ ਲੋਕ ਕਿਤੇ ਵੀ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਲੋਕ ਕਿਸ ਤਰ੍ਹਾਂ ਹਫੜਾ-ਦਫੜੀ ਵਿੱਚ ਰਾਜਧਾਨੀ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਿਤੇ ਵੀ ਜਾਣ ਵਾਸਤੇ ਕੋਈ ਜਗ੍ਹਾ ਨਹੀਂ ਬਚੀ। ਕਾਬੁਲ ਤੋਂ ਜਾਣ ਵਾਲੀਆਂ ਉਡਾਣਾਂ ਪੂਰੀ ਤਰ੍ਹਾਂ ਭਰੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਉਡਾਣਾਂ ਪੂਰੀ ਤਰ੍ਹਾਂ ਭਰ ਚੁੱਕੀਆਂ ਹਨ ਅਤੇ ਉਹ ਇੱਥੇ ਫਸ ਗਏ ਹਨ। ਉਨ੍ਹਾਂ ਕੋਲ ਹੋਰ ਕੋਈ ਰਸਤਾ ਨਹੀਂ ਬਚਿਆ, ਉਨ੍ਹਾਂ ਨੂੰ ਇੱਥੇ ਹੀ ਰੁਕਣਾ ਪਵੇਗਾ।

ਫਰਜ਼ਾਨਾ ਨੇ ਦੱਸਿਆ ਕਿ ਦੇਸ਼ ਦੇ ਜਿਨ੍ਹਾਂ ਹਿੱਸਿਆਂ ਵਿੱਚ ਤਾਲਿਬਾਨ ਨੇ ਆਪਣਾ ਕਬਜ਼ਾ ਕੀਤਾ ਹੈ, ਉੱਥੇ ਔਰਤਾਂ ਦੇ ਸਕੂਲ ਜਾਂ ਕੰਮ ‘ਤੇ ਜਾਣ ਉੱਪਰ ਪਾਬੰਦੀ ਲੱਗ ਗਈ ਹੈ। ਔਰਤਾਂ ਲਈ ਇਹ ਹਾਲਾਤ ਸੋਚ ਨਾਲੋਂ ਜ਼ਿਆਦਾ ਬੁਰੇ ਹੋ ਗਏ ਹਨ। ਉਨ੍ਹਾਂ ਨੂੰ ਆਪਣੇ ਹੀ ਘਰ ਵਿੱਚ ਕੈਦ ਕਰ ਦਿੱਤਾ ਜਾਵੇਗਾ।

ਅਫ਼ਗਾਨਿਸਤਾਨ ਦੇ ਕਾਰਜਕਾਰੀ ਗ੍ਰਹਿ ਮੰਤਰੀ ਅਬਦੁਲ ਸੱਤਾਰ ਮੀਰਜ਼ਕਵਾਲ ਨੇ ਵੀ ਇੱਕ ਬਿਆਨ ਜਾਰੀ ਕੀਤਾ ਹੈ। ਮੀਰਜ਼ਕਵਾਲ ਨੇ ਕਿਹਾ ਕਿ ਸੱਤਾ ਦਾ ਤਬਾਦਲਾ ਸ਼ਾਂਤੀਪੂਰਨ ਹੋਵੇਗਾ ਅਤੇ ਇੱਕ ਅੰਤਰਿਮ ਸਰਕਾਰ ਦਾ ਗਠਨ ਹੋਵੇਗਾ। ਉਨ੍ਹਾਂ ਨੇ ਕਾਬੁਲ ‘ਤੇ ਹਮਲਾ ਨਾ ਹੋਣ ਦਾ ਦਾਅਵਾ ਕੀਤਾ ਹੈ।