‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਤਾਲਿਬਾਨ ਦੇ ਸੀਨੀਅਰ ਲੀਡਰ ਸ਼ਹਾਬੂਦੀਨ ਦਿਲਾਵਰ ਨੇ ਕਿਹਾ ਕਿ ਭਾਰਤ ਨੂੰ ਜਲਦੀ ਹੀ ਪਤਾ ਚੱਲ ਜਾਵੇਗਾ ਕਿ ਤਾਲਿਬਾਨ ਆਫਣੀ ਸਰਕਾਰ ਸੁਚਾਰੂ ਰੂਪ ਵਿੱਚ ਚਲਾ ਸਕਦਾ ਹੈ। ਤਾਲਿਬਾਨ ਨੇ ਭਾਰਤ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਅਫ਼ਗਾਨਿਤਸਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਵੇ। ਤਾਲਿਬਾਨ ਦੇ ਲੀਡਰ ਸ਼ਹਾਬੂਦੀਨ ਨੇ ਕਿਹਾ ਕਿ ਪਾਕਿਸਤਾਨ ਉਨ੍ਹਾਂ ਦਾ ਗੁਆਂਢੀ ਅਤੇ ਮਿੱਤਰ ਦੇਸ਼ ਹੈ। ਉਨ੍ਹਾਂ ਨੇ ਪਾਕਿਸਤਾਨ ਦਾ ਆਪਣੇ ਮੁਲਕ ਵਿੱਚ 30 ਲੱਖ ਤੋਂ ਜ਼ਿਆਦਾ ਅਫ਼ਗਾਨ ਸ਼ਰਨਾਰਥੀਆਂ ਨੂੰ ਸ਼ਰਨ ਦੇਣ ‘ਤੇ ਧੰਨਵਾਦ ਕੀਤਾ। ਸ਼ਹਾਬੂਦੀਨ ਨੇ ਕਿਹਾ ਕਿ ਉਹ ਸ਼ਰਨਾਰਥੀਆਂ ਦੇ ਭਲੇ ਲਈ ਪਾਕਿਸਤਾਨ ਦੀਆਂ ਸੇਵਾਵਾਂ ਲਈ ਉਸਦਾ ਧੰਨਵਾਦ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਸੀ ਸਤਿਕਾਰ ਦੇ ਆਧਾਰ ‘ਤੇ ਸਾਰੇ ਦੇਸ਼ਾਂ ਨਾਲ ਸ਼ਾਂਤੀਪੂਰਨ ਸਬੰਧ ਚਾਹੁੰਦੇ ਹਨ।
ਕੀ ਸੀ ਮੋਦੀ ਦਾ ਬਿਆਨ ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਗੁਜਰਾਤ ਦੇ ਸੋਮਨਾਥ ਵਿੱਚ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਅੱਤਵਾਦ ਦੀ ਸੱਤਾ ਦੇ ਬਾਰੇ ਜ਼ਿਕਰ ਕੀਤਾ ਸੀ। ਹਾਲਾਂਕਿ, ਉਨ੍ਹਾਂ ਨੇ ਸਿੱਧੇ ਤੌਰ ‘ਤੇ ਤਾਲਿਬਾਨ ਦਾ ਨਾਂ ਨਹੀਂ ਲਿਆ ਸੀ। ਮੋਦੀ ਨੇ ਕਿਹਾ ਸੀ ਕਿ ਅੱਤਵਾਦ ਦੇ ਬਲਬੂਤੇ ‘ਤੇ ਸਾਮਰਾਜ ਖੜ੍ਹਾ ਕਰਨ ਵਾਲੀ ਸੋਚ ਹੈ, ਉਹ ਕਿਸੇ ਕਾਲਖੰਡ ਵਿੱਚ ਕੁੱਝ ਸਮੇਂ ਦੇ ਲਈ ਬੇਸ਼ੱਕ ਹਾਵੀ ਹੋ ਜਾਵੇ, ਪਰ ਉਸਦੀ ਹੋਂਦ ਕਦੇ ਸਥਾਈ ਨਹੀਂ ਹੁੰਦੀ। ਉਹ ਜ਼ਿਆਦਾ ਦਿਨ ਮਾਨਵਤਾ ਨੂੰ ਦਬਾਅ ਕੇ ਨਹੀਂ ਰੱਖ ਸਕਦੀ।