International

ਤਾਲੀਬਾਨੀਆਂ ਨੇ 13 ਸਾਲ ਦੇ ਬੱਚੇ ਕੋਲੋਂ ਦਵਾਈ ਮੌਤ ਦੀ ਸਜ਼ਾ, 80,000 ਲੋਕਾਂ ਦਾ ਹੋਇਆ ਇਕੱਠ

ਬਿਊਰੋ ਰਿਪੋਰਟ (3 ਦਸੰਬਰ, 2025): ਅਫ਼ਗਾਨਿਸਤਾਨ ਦੇ ਖੋਸਤ ਸੂਬੇ ਵਿੱਚ ਮੰਗਲਵਾਰ ਨੂੰ ਇੱਕ ਸਟੇਡੀਅਮ ਵਿੱਚ 80,000 ਲੋਕਾਂ ਦੇ ਸਾਹਮਣੇ ਇੱਕ ਅਪਰਾਧੀ ਨੂੰ ਗੋਲ਼ੀ ਮਾਰ ਦਿੱਤੀ ਗਈ। ਅਮੂ ਨਿਊਜ਼ ਮੁਤਾਬਕ, ਗੋਲੀ ਚਲਾਉਣ ਦਾ ਕੰਮ ਇੱਕ 13 ਸਾਲ ਦੇ ਬੱਚੇ ਨੇ ਕੀਤਾ। ਜਿਸ ਵਿਅਕਤੀ ਨੂੰ 13 ਸਾਲ ਦੇ ਬੱਚੇ ਨੇ ਮਾਰਿਆ, ਉਸ ਉੱਤੇ ਉਸਦੇ ਪਰਿਵਾਰ ਦੇ 13 ਜੀਆਂ ਦੀ ਹੱਤਿਆ ਕਰਨ ਦਾ ਦੋਸ਼ ਸੀ, ਜਿਸ ਵਿੱਚ ਕਈ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ।

ਫਾਂਸੀ ਤੋਂ ਪਹਿਲਾਂ ਤਾਲਿਬਾਨ ਅਧਿਕਾਰੀਆਂ ਨੇ 13 ਸਾਲ ਦੇ ਉਸ ਬੱਚੇ ਨੂੰ ਪੁੱਛਿਆ ਕਿ ਕੀ ਉਹ ਦੋਸ਼ੀ ਨੂੰ ਮਾਫ਼ ਕਰਨਾ ਚਾਹੁੰਦਾ ਹੈ। ਬੱਚੇ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਅਧਿਕਾਰੀ ਨੇ ਬੱਚੇ ਨੂੰ ਬੰਦੂਕ ਦੇ ਕੇ ਸਾਹਮਣੇ ਖੜ੍ਹੇ ਵਿਅਕਤੀ ’ਤੇ ਗੋਲੀ ਚਲਾਉਣ ਲਈ ਕਿਹਾ।

ਮਰਨ ਵਾਲਾ ਅਤੇ ਮਾਰਨ ਵਾਲਾ ਦੋਵੇਂ ਰਿਸ਼ਤੇਦਾਰ

ਤਾਲਿਬਾਨ ਦੀ ਸੁਪਰੀਮ ਕੋਰਟ ਦੇ ਅਨੁਸਾਰ, ਮਾਰੇ ਗਏ ਵਿਅਕਤੀ ਦਾ ਨਾਮ ਮੰਗਾਲ ਖਾਨ ਸੀ। ਉਸ ਉੱਤੇ ਅਬਦੁਲ ਰਹਿਮਾਨ ਨਾਮ ਦੇ ਵਿਅਕਤੀ ਦੀ ਹੱਤਿਆ ਦਾ ਦੋਸ਼ ਸੀ।

ਖੋਸਤ ਪੁਲਿਸ ਦੇ ਬੁਲਾਰੇ ਮੁਸਤਗਫ਼ਿਰ ਗੋਰਬਾਜ਼ ਮੁਤਾਬਕ, ਮਰਨ ਵਾਲਾ ਅਤੇ ਮਾਰਨ ਵਾਲਾ ਦੋਵੇਂ ਰਿਸ਼ਤੇਦਾਰ ਸਨ। ਇਸ ਮਾਮਲੇ ਵਿੱਚ ਦੋ ਹੋਰ ਦੋਸ਼ੀਆਂ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਹੈ, ਪਰ ਉਨ੍ਹਾਂ ਨੂੰ ਫਾਂਸੀ ਇਸ ਲਈ ਨਹੀਂ ਦਿੱਤੀ ਜਾ ਸਕੀ ਕਿਉਂਕਿ ਪੀੜਤਾਂ ਦੇ ਕੁਝ ਵਾਰਸ ਉਸ ਸਮੇਂ ਮੌਜੂਦ ਨਹੀਂ ਸਨ।

ਇਸ ਤੋਂ ਇੱਕ ਦਿਨ ਪਹਿਲਾਂ ਤਾਲਿਬਾਨ ਨੇ ਆਮ ਲੋਕਾਂ ਨੂੰ ਨੋਟਿਸ ਜਾਰੀ ਕਰਕੇ ਜਨਤਕ ਤੌਰ ‘ਤੇ ਇਹ ਘਟਨਾ ਦੇਖਣ ਲਈ ਬੁਲਾਇਆ ਸੀ। ਇਸ ਵਿੱਚ ਲੋਕਾਂ ਨੂੰ ਖੋਸਤ ਦੇ ਸੈਂਟਰਲ ਸਟੇਡੀਅਮ ਵਿੱਚ ਇਕੱਠੇ ਹੋਣ ਲਈ ਕਿਹਾ ਗਿਆ ਸੀ।

ਸਜ਼ਾ ਦੇਖਣ ਲਈ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵੀ ਪਹੁੰਚੇ

ਮੰਗਾਲ ਖਾਨ ਨੂੰ ਮੌਤ ਦੀ ਸਜ਼ਾ ਮਿਲਣ ਤੋਂ ਬਾਅਦ ਤਾਲਿਬਾਨ ਦੀ ਸੁਪਰੀਮ ਕੋਰਟ ਨੇ ਪ੍ਰੈੱਸ ਰਿਲੀਜ਼ ਜਾਰੀ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਜਨਤਕ ਤੌਰ ‘ਤੇ ‘ਕਿਸਾਸ’ (ਜਾਨ ਦੇ ਬਦਲੇ ਜਾਨ) ਦੀ ਸਜ਼ਾ ਵਜੋਂ ਇੱਕ ਕਾਤਲ ਨੂੰ ਮਾਰ ਦਿੱਤਾ ਗਿਆ ਹੈ।

ਅਪਰਾਧੀ ਮੰਗਾਲ ਖਾਨ ਮੂਲ ਰੂਪ ਵਿੱਚ ਪਕਤੀਆ ਸੂਬੇ ਦਾ ਸੀ ਅਤੇ ਖੋਸਤ ਵਿੱਚ ਰਹਿ ਰਿਹਾ ਸੀ। ਉਸਨੇ ਖੋਸਤ ਦੇ ਹੀ ਅਬਦੁਲ ਰਹਿਮਾਨ, ਸਾਬਿਤ ਅਤੇ ਅਲੀ ਖਾਨ ਦੀ ਹੱਤਿਆ ਕੀਤੀ ਸੀ।

ਇਸ ਮਾਮਲੇ ਦੀ ਤਾਲਿਬਾਨ ਦੀਆਂ ਤਿੰਨ ਅਦਾਲਤਾਂ (ਪ੍ਰਾਇਮਰੀ, ਅਪੀਲੀ ਅਤੇ ਤਮੀਜ਼) ਨੇ ਬਹੁਤ ਬਾਰੀਕੀ ਨਾਲ ਜਾਂਚ ਕੀਤੀ। ਤਿੰਨੋਂ ਅਦਾਲਤਾਂ ਨੇ ਸਰਬਸੰਮਤੀ ਨਾਲ ‘ਕਿਸਾਸ’ ਦੇ ਆਦੇਸ਼ ਨੂੰ ਮਨਜ਼ੂਰੀ ਦਿੱਤੀ।

ਇਸ ਆਦੇਸ਼ ਨੂੰ ਅੰਤਿਮ ਰੂਪ ਵਿੱਚ ਮੌਲਵੀ ਹਿਬਤੁੱਲਾ ਅਖੁੰਦਜ਼ਾਦਾ (ਤਾਲਿਬਾਨ ਦੇ ਸਰਵਉੱਚ ਨੇਤਾ) ਨੂੰ ਵੀ ਭੇਜਿਆ ਗਿਆ ਸੀ, ਜਿਨ੍ਹਾਂ ਨੇ ਆਪਣੀ ਮਨਜ਼ੂਰੀ ਦਿੱਤੀ।

ਹੱਤਿਆ ਦੌਰਾਨ ਸਟੇਡੀਅਮ ਵਿੱਚ ਸੁਪਰੀਮ ਕੋਰਟ ਦੇ ਮੁੱਖ ਜੱਜ, ਖੋਸਤ ਦੇ ਗਵਰਨਰ, ਖੋਸਤ ਅਪੀਲੀ ਕੋਰਟ ਦੇ ਮੁਖੀ, ਅਤੇ ਹੋਰ ਸਰਕਾਰੀ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਸਨ।