International

ਅਫ਼ਗਾਨ ਵੱਲੋਂ ਪਾਕਿ ਚੌਕੀਆਂ ’ਤੇ ਹਮਲਾ, 12 ਸਿਪਾਹੀ ਢੇਰ; ਪਾਕਿਸਤਾਨ ਵੱਲੋਂ ਭਾਰਤ ਵਰਗੀ ਜਵਾਬੀ ਕਾਰਵਾਈ ਦੀ ਚੇਤਾਵਨੀ

ਬਿਊਰੋ ਰਿਪੋਰਟ (12 ਅਕਤੂਬਰ, 2025): ਅਫ਼ਗਾਨਿਸਤਾਨ ਦੇ ਸੈਨਿਕਾਂ ਨੇ ਸ਼ਨੀਵਾਰ ਦੇਰ ਰਾਤ ਡੂਰੰਡ ਲਾਈਨ ਨੇੜੇ ਕਈ ਪਾਕਿਸਤਾਨੀ ਬਾਰਡਰ ਪੋਸਟਾਂ ’ਤੇ ਗੋਲ਼ੀਬਾਰੀ ਕੀਤੀ। ਤਾਲਿਬਾਨ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਤਿੰਨ ਦਿਨ ਪਹਿਲਾਂ ਉਨ੍ਹਾਂ ਦੇ ਦੇਸ਼ ਵਿੱਚ ਹਵਾਈ ਹਮਲੇ ਕੀਤੇ ਸਨ, ਜੋ ਗ਼ਲਤ ਸਨ, ਇਸ ਲਈ ਇਹ ਜਵਾਬੀ ਕਾਰਵਾਈ ਕੀਤੀ ਗਈ ਹੈ।

ਅਫ਼ਗਾਨ ਮੀਡੀਆ ਟੋਲੋ ਨਿਊਜ਼ ਦੇ ਮੁਤਾਬਕ, ਇਸ ਹਮਲੇ ਵਿੱਚ 12 ਪਾਕਿਸਤਾਨੀ ਸਿਪਾਹੀ ਮਾਰੇ ਗਏ ਹਨ। ਤਾਲਿਬਾਨ ਲੜਾਕੂਆਂ ਨੇ ਪਾਕਿਸਤਾਨੀ ਫੌਜ ਦੀਆਂ 2 ਚੌਕੀਆਂ ’ਤੇ ਕਬਜ਼ਾ ਵੀ ਕਰ ਲਿਆ ਹੈ। ਇਸ ਦੇ ਨਾਲ ਡੂਰੰਡ ਲਾਈਨ ਦੇ ਪਾਰ ਕੁਨਾਰ ਅਤੇ ਹੇਲਮੰਦ ਸੂਬਿਆਂ ਵਿੱਚ ਵੀ ਪਾਕਿਸਤਾਨੀ ਚੌਕੀਆਂ ਤਬਾਹ ਕਰ ਦਿੱਤੀਆਂ ਗਈਆਂ ਹਨ।

Tolo News

ਅਫ਼ਗਾਨ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦਾ ਆਪਰੇਸ਼ਨ ਅੱਧੀ ਰਾਤ ਤੱਕ ਚੱਲਿਆ ਅਤੇ ਜੇਕਰ ਪਾਕਿਸਤਾਨ ਨੇ ਦੁਬਾਰਾ ਅਫ਼ਗਾਨਿਸਤਾਨ ਦੀ ਸੀਮਾ ਟੱਪਣ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਦੀ ਫੌਜ ਦੇਸ਼ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹੈ।

ਦੂਜੇ ਪਾਸੇ, ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ਨੂੰ ਵੀ ਭਾਰਤ ਦੀ ਤਰ੍ਹਾਂ ਮੁੰਹਤੋੜ ਜਵਾਬ ਦਿੱਤਾ ਜਾਵੇਗਾ, ਤਾਂ ਜੋ ਉਹ ਪਾਕਿਸਤਾਨ ਵੱਲ ਮਾੜੀ ਨਜ਼ਰ ਨਾਲ ਵੇਖਣ ਦੀ ਹਿੰਮਤ ਨਾ ਕਰ ਸਕੇ।

ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਹਾਲੀਆ ਹਮਲਿਆਂ ਤੋਂ ਬਾਅਦ ਪਾਕਿਸਤਾਨ ਚੁੱਪ ਨਹੀਂ ਰਹੇਗਾ, “ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ।”

ਉੱਧਰ ਪਾਕਿਸਤਾਨ ਦੇ ਖੈਬਰ-ਪਖਤੂਨਖ਼ਵਾ ਸੂਬੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਫ਼ਗਾਨਿਸਤਾਨ ਵੱਲੋਂ ਚਾਰ ਵੱਖ-ਵੱਖ ਥਾਵਾਂ ’ਤੇ ਹਮਲੇ ਕੀਤੇ ਗਏ। ਪਾਕਿਸਤਾਨੀ ਫੌਜ ਨੇ ਵੀ ਜਵਾਬੀ ਫਾਇਰਿੰਗ ਕੀਤੀ। ਇਸ ਦੌਰਾਨ ਪਾਕਿਸਤਾਨੀ ਫੌਜ ਨੇ ਅਫ਼ਗਾਨਿਸਤਾਨ ਦੇ 3 ਡਰੋਨ ਵੀ ਡੇਗੇ, ਜਿਨ੍ਹਾਂ ‘ਚ ਬੰਬ ਹੋਣ ਦਾ ਸ਼ੱਕ ਜਤਾਇਆ ਗਿਆ ਹੈ।

ਇਸਦੇ ਚੱਲਦਿਆਂ ਸਉਦੀ ਅਰਬ ਨੇ ਦੋਵੇਂ ਦੇਸ਼ਾਂ ਵਿਚਕਾਰ ਚੱਲ ਰਹੇ ਤਣਾਅ ’ਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਸ਼ਾਂਤੀਪੂਰਵਕ ਗੱਲਬਾਤ ਰਾਹੀਂ ਮਾਮਲਾ ਸੁਲਝਾਉਣ ਦੀ ਅਪੀਲ ਕੀਤੀ ਹੈ।

ਜਾਣੋ ਪੂਰਾ ਮਾਮਲਾ

ਦਰਅਸਲ, 9 ਅਕਤੂਬਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਤਹਰੀਕ-ਏ-ਤਾਲਿਬਾਨ ਪਾਕਿਸਤਾਨ (TTP) ਦੇ ਠਿਕਾਣਿਆਂ ’ਤੇ ਹਵਾਈ ਹਮਲੇ ਹੋਏ ਸਨ। ਤਾਲਿਬਾਨ ਦਾ ਦਾਅਵਾ ਹੈ ਕਿ ਇਹ ਹਮਲੇ ਪਾਕਿਸਤਾਨ ਵੱਲੋਂ ਕੀਤੇ ਗਏ ਸਨ।

ਪਾਕਿਸਤਾਨ ਨੇ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ, ਪਰ ਤਾਲਿਬਾਨ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀ ਧਰਤੀ ’ਤੇ TTP ਨੂੰ ਪਨਾਹ ਨਾ ਦੇਵੇ। ਇਸ ਤੋਂ ਬਾਅਦ ਅਫ਼ਗਾਨ ਵਿਦੇਸ਼ ਮੰਤਰੀ ਅਮੀਰ ਖਾਨ ਮੁੱਤਕੀ ਨੇ ਕਿਹਾ ਸੀ ਕਿ “ਪਾਕਿਸਤਾਨ ਸਾਡੇ ਨਾਲ ਖੇਡਣਾ ਬੰਦ ਕਰੇ। ਸਾਨੂੰ ਉਕਸਾਉਣਾ ਬੰਦ ਕਰੋ। ਇੱਕ ਵਾਰ ਬ੍ਰਿਟੇਨ ਅਤੇ ਅਮਰੀਕਾ ਨਾਲ ਪੁੱਛ ਲਵੋ, ਉਹ ਤੁਹਾਨੂੰ ਸਮਝਾ ਦੇਣਗੇ ਕਿ ਅਫ਼ਗਾਨਿਸਤਾਨ ਨਾਲ ਖੇਡਣਾ ਕਿੰਨਾ ਮਹਿੰਗਾ ਪੈ ਸਕਦਾ ਹੈ।”