‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬਹੁਤ ਸਾਰੇ ਅਫਗਾਨ ਸਿੱਖਾਂ ਅਤੇ ਹਿੰਦੂਆਂ ਦਾ ਅਮਰੀਕੀ ਅਤੇ ਕੈਨੇਡੀਅਨ ਬਣਨ ਦਾ ਸੁਪਨਾ ਕਾਬੁਲ ਤੋਂ ਉਨ੍ਹਾਂ ਨੂੰ ਕੱਢਣ ਵਿੱਚ ਦੇਰੀ ਦਾ ਕਾਰਣ ਬਣ ਰਿਹਾ ਹੈ।ਹਾਲਾਂਕਿ ਉਨ੍ਹਾਂ ਨਾਲ ਵਿਚੋਲਗੀ ਕਰਨ ਵਾਲਿਆਂ ਨੇ ਉਨ੍ਹਾਂ ਨੂੰ ਭਾਰਤ ਸਰਕਾਰ ਦਾ ਬਚਾਅ ਕਾਰਜ ਖਤਮ ਹੋਣ ਤੋਂ ਪਹਿਲਾਂ ਕੋਈ ਫੈਸਲਾ ਲੈਣ ਲਈ ਕਿਹਾ ਹੈ।
ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਗੁਰਦੁਆਰਾ ਕਰਤੇ ਪਰਵਾਨ ਵਿੱਚੋਂ ਲਗਭਗ 70 ਤੋਂ 80 ਅਫਗਾਨ ਸਿੱਖ ਅਤੇ ਹਿੰਦੂ ਭਾਰਤ ਨਹੀਂ ਆਉਣਾ ਚਾਹੁੰਦੇ ਹਨ, ਕਿਉਂਕਿ ਉਹ ਕੈਨੇਡਾ ਜਾਂ ਅਮਰੀਕਾ ਜਾਣ ਦੇ ਚਾਹਵਾਨ ਹਨ।ਉਨ੍ਹਾਂ ਕਿਹਾ ਕਿ ਇਹ ਅਫਗਾਨ ਨਾਗਰਿਕ ਨਾ ਸਿਰਫ ਅਫਗਾਨ ਚੋਂ ਉਨ੍ਹਾਂ ਨੂੰ ਕੱਢਣ ਦੀ ਪ੍ਰਕਿਰਿਆ ਵਿੱਚ ਰੁਕਾਵਟਾਂ ਬਣ ਰਹੇ ਹਨ, ਬਲਕਿ ਇਸ ਨਾਲ ਦੂਜਿਆਂ ਨੂੰ ਵੀ ਕੱਢਣ ਵਿੱਚ ਦੇਰੀ ਹੋ ਰਹੀ ਹੈ।
ਉਨ੍ਹਾਂ ਦੋਸ਼ ਲਾਇਆ ਹੈ ਕਿ ਭਾਰਤ ਇਨ੍ਹਾਂ ਲੋਕਾਂ ਨੂੰ ਉੱਚ ਪੱਧਰ’ ਤੇ ਸਹੂਲਤ ਦੇ ਰਿਹਾ ਹੈ, ਫਿਰ ਵੀ ਉਨ੍ਹਾਂ ਨੇ ਅਮਰੀਕਾ ਜਾਂ ਕੈਨੇਡਾ ਦੀ ਯਾਤਰਾ ਲਈ ਦੋ ਵਾਰ ਉਡਾਨਾਂ ਮਿਸ ਕਰ ਦਿੱਤੀਆਂ ਹਨ। ਗੁਰਦੁਆਰਾ ਕਰਤੇ ਪਰਵਾਨ ਵਿੱਚ ਸ਼ਰਨ ਲੈਣ ਤੋਂ ਬਾਅਦ ਅਫਗਾਨ ਸਿੱਖਾਂ ਅਤੇ ਹਿੰਦੂਆਂ ਦੁਆਰਾ ਜਾਰੀ ਕੀਤੇ ਗਏ ਪਹਿਲੇ ਵੀਡੀਓ ਵਿੱਚ, ਉਨ੍ਹਾਂ ਦੇ ਇੱਕ ਨੇਤਾ ਤਲਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਕਿਹਾ ਸੀ ਕਿ ਉਨ੍ਹਾਂ ਨੂੰ ਕੈਨੇਡਾ ਜਾਂ ਅਮਰੀਕਾ ਚਲੇ ਜਾਣਾ ਚਾਹੀਦਾ ਹੈ।
ਸੂਤਰਾਂ ਦੇ ਅਨੁਸਾਰ ਇੱਕ ਸਿੱਖ ਸੰਗਠਨ ਨੇ ਚਾਰਟਰਡ ਜਹਾਜ਼ ਰਾਹੀਂ ਸਾਰੇ ਅਫਗਾਨ ਸਿੱਖਾਂ ਅਤੇ ਹਿੰਦੂਆਂ ਨੂੰ ਬਾਹਰ ਕੱਢਣ ਦਾ ਭਰੋਸਾ ਦਿੱਤਾ ਸੀ, ਜਿਸ ਤੋਂ ਬਾਅਦ 100 ਦੇ ਕਰੀਬ ਲੋਕ ਕਾਬੁਲ ਹਵਾਈ ਅੱਡੇ ਦੇ ਬਾਹਰ ਪਹੁੰਚ ਗਏ ਸਨ ਪਰ ਉਨ੍ਹਾਂ ਨੂੰ ਦਾਖਲਾ ਨਹੀਂ ਮਿਲ ਸਕਿਆ। ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਚਾਰਟਰਡ ਫਲਾਈਟ ਉਨ੍ਹਾਂ ਦੀ ਉਡੀਕ ਕਰ ਰਹੀ ਸੀ ਜਾਂ ਨਹੀਂ।
ਅਫਗਾਨਿਸਤਾਨ ਦੇ ਇੱਕ ਸੂਤਰ ਦੇ ਅਨੁਸਾਰ ਅਮਰੀਕਾ ਜਾਂ ਕੈਨੇਡਾ ਵਿੱਚ ਪਰਵਾਸ ਦੀ ਮੰਗ ਕਰਨ ਵਿੱਚ ਕੀ ਨੁਕਸਾਨ ਹੈ? ਅਸੀਂ ਉਨ੍ਹਾਂ ਲੋਕਾਂ ਦੀ ਕਿਸਮਤ ਜਾਣਦੇ ਹਾਂ ਜੋ ਭਾਰਤ ਵਿੱਚ ਮੁੜ ਗਏ ਹਨ। ਉੱਥੇ ਨੌਕਰੀ ਦੇ ਮੌਕੇ ਨਹੀਂ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਜਾਂ ਤਾਂ ਵਾਪਸ ਪਰਤ ਗਏ ਹਨ ਜਾਂ ਦੂਜੇ ਦੇਸ਼ਾਂ ਵਿੱਚ ਚਲੇ ਗਏ ਹਨ।