International

ਤਾਲਿਬਾਨ ਖੂ ਨ ਡੋਲ੍ਹ ਕੇ ਵੀ ਨਾ ਮੁਕਾ ਸਕਿਆ ਅਫਗਾਨੀ ਹਿੰਦੂ-ਸਿੱਖ ਤੇ ਮੁਸਲਮਾਨਾਂ ਦੀ ਮੁਹੱਬਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਫਗਾਨਿਸਤਾਨ ਦਾ ਜਲਾਲਾਬਾਦ ਸ਼ਹਿਰ ਤਾਲਿਬਾਨੀ ਤਸ਼ੱਦਦ ਦੇ ਖੌਫਨਾਕ ਦੌਰ ਵਿਚ ਮਨੁੱਖੀ ਰਿਸ਼ਤਿਆਂ ਦੀਆਂ ਕੁੱਝ ਪੀੜ ਭਰੀਆਂ ਕਹਾਣੀਆਂ ਰਚ ਰਿਹਾ ਹੈ। ਕਾਬੁਲਤ ਤੇ ਤਾਲਿਬਾਨੀ ਕਬਜੇ ਵਾਲੀ 14 ਅਗਸਤ ਦੀ ਰਾਤ ਤੋਂ ਪਹਿਲਾਂ ਹੀ ਇੱਥੇ ਰਹਿਣ ਵਾਲੇ ਹਿੰਦੂ ਤੇ ਸਿੱਖ ਪਰਿਵਾਰ ਕਿਤੇ ਚਲੇ ਗਏ। ਕੁੱਝ ਯੂਰੋਪ ਗਏ ਤੇ ਕੁੱਝ ਇੱਧਰ-ਉੱਧਰ ਲੁਕ ਛਿਪ ਕੇ ਆਪਣੀ ਵਕਤ ਕਟੀ ਕਰ ਰਹੇ ਹਨ। ਇਨ੍ਹਾਂ ਪਰਿਵਾਰਾਂ ਦੀਆਂ ਇੱਥੇ 50 ਦੇ ਆਸਪਾਸ ਦੁਕਾਨਾਂ ਹਨ।ਇਨ੍ਹਾਂ ਨੂੰ ਸਥਾਨਕ ਲੋਕ ਚਲਾ ਰਹੇ ਹਨ।

ਜਲਾਲਾਬਾਦ ਸ਼ਹਿਰ ਦੇ ਵਿਚਾਲੇ ਜੋਨ-1 ਵਿੱਚ ਇੱਕ ਸਿੱਖ ਡਾਕਟਰ ਦਾ ਕਲੀਨਕ ਮੁਹੰਮਦ ਖਾਲਿਦ ਨਾਂ ਦਾ ਅਫਗਾਨੀ ਸੰਭਾਲ ਰਿਹਾ ਹੈ। ਖਾਲਿਦ ਨੇ ਕਿਹਾ ਕਿ ਮੈਂ ਕਲੀਨਕ ਦੇ ਮਾਲਿਕ ਨੂੰ ਰੋਜਾਨਾਂ ਇੱਥੋਂ ਦੇ ਹਾਲਾਤਾਂ ਦੀ ਜਾਣਕਾਰੀ ਦਿੰਦਾ ਹਾਂ। ਸਾਨੂੰ ਭਰੋਸਾ ਹੈ ਕਿ ਹਾਲਾਤ ਸੁਧਰਣਗੇ ਤੇ ਅਸੀਂ ਕਾਰੋਬਾਰ ਬੰਦ ਨਹੀਂ ਹੋਣ ਦਿਆਂਗੇ। ਇੱਥੇ ਹੀ ਅਮਿਤ ਨਾਂ ਦੇ ਵਿਅਕਤੀ ਦੀ ਦੁਕਾਨ ਹੈ, ਜਿਸਨੂੰ ਰਫੀਉਲਾੱਹ ਚਲਾ ਰਹੇ ਹਨ। ਅਮਿਤ ਭਾਰਤ ਤੋਂ ਰੋਜ ਫੋਨ ਕਰਕੇ ਹਾਲ ਪੁੱਛਦੇ ਹਨ। ਰਫੀਉਲਾੱਹ ਦਾ ਕਹਿਣਾ ਹੈ ਕਿ ਅਮਿਤ ਹਾਲੇ ਵਾਪਸ ਨਹੀਂ ਆ ਸਕਦੇ।ਉਨ੍ਹਾਂ ਕਿਹਾ ਕਿ ਅਸੀਂ ਦਹਾਕਿਆਂ ਤੋਂ ਇਕ ਦੂਜੇ ਨਾਲ ਸੀ, ਇਸ ਹਾਲਾਤ ਵਿੱਚ ਸਾਥ ਕਿੱਦਾਂ ਛੱਡ ਦਈਏ।

ਜਲਾਲਾਬਾਦ ਵਿੱਚ ਕੋਈ 100 ਸਿਖ ਪਰਿਵਾਰ ਸਨ। ਸ਼ਹਿਰ ਦੇ ਮੁੱਖ ਬਜਾਰ ਵਿੱਚ ਗੁਰੂਦੁਆਰਾ ਸਾਹਿਬ ਸੀ, ਜਿਸਦੇ ਚਾਰੇ ਪਾਸੇ ਦੁਕਾਨਾਂ ਹਨ, ਜੋ ਜਿਆਦਾਤਰ ਸਿੱਖਾਂ ਦੀਆਂ ਹਨ। ਇਹ ਲੋਕ ਦਵਾਈਆਂ ਵੇਚਦੇ ਹਨ ਤੇ ਇਨ੍ਹਾਂ ਨੂੰ ਯੋਨਾਈ ਡਾਕਟਰ ਕਹਿੰਦੇ ਹਨ। ਗੁਰੂਦੁਆਰੇ ਦੇ ਸਾਰੇ ਦਰਵਾਜੇ ਅੰਦਰੋਂ ਬੰਦ ਹਨ। ਦਰਵਾਜਾ ਖੜਕਾਉਣ ਤੇ ਅੰਦਰੋਂ ਅਵਾਜ ਆਉਂਦੀ ਹੈ ਕਿ ਹੁਣ ਇੱਥੇ ਅਰਦਾਸ ਨਹੀਂ ਹੁੰਦੀ। ਹਾਲਾਂਕਿ ਤਾਲਿਬਾਨੀ ਜਰੂਰ ਗਸ਼ਤ ਕਰਦੇ ਵਿਖਾਈ ਦਿੰਦੇ ਹਨ ਤੇ ਨਾ ਹੀ ਉਹ ਕਿਸੇ ਦੁਕਾਨਦਾਰ ਨੂੰ ਟੋਕਦੇ ਹਨ।

ਜਦੋਂ ਮੁਸਲਮਾਨ ਹੀ ਦੇਸ਼ ਛੱਡ ਰਹੇ ਹਨ ਤਾਂ ਹਿੰਦੂ ਸਿੱਖ ਕਿਵੇਂ ਰੁਕ ਜਾਣ

ਇਕ ਸਥਾਨਕ ਪੱਤਰਕਾਰ ਦੇ ਅਨੁਸਾਰ ਤਾਲਿਬਾਨ ਨੇ ਘੱਟ ਗਿਣਤੀਆਂ ਨੂੰ ਬੇਸ਼ੱਕ ਸੁਰਖਿਆ ਦਾ ਭਰੋਸਾ ਦਿਤਾ ਹੈ, ਪਰ ਲੋਕ ਇਨ੍ਹਾਂ ਗੱਲਾਂ ਉੱਤੇ ਯਕੀਨ ਨਹੀਂ ਕਰਦੇ। ਉਹ ਸੂਬਿਆਂ ਵਿੱਚ ਘੱਟ ਗਿਣਤੀਆਂ ਨਾਲ ਮੁਲਾਕਾਤਾਂ ਵੀ ਕਰ ਰਹੇ ਹਨ, ਪਰ ਮੁਸਲਮਾਨ ਹੀ ਦੇਸ਼ ਛੱਡ ਰਹੇ ਹਨ। ਇੱਥੇ ਕੋਈ ਰੁਕਣਾ ਹੀ ਨਹੀਂ ਚਾਹੁੰਦਾ। ਕਾਬੁਲ ਦੇ ਇਕ ਗੁਰੂਦੁਆਰੇ ਵਿੱਚ ਹਿੰਦੂ ਵੀ ਰੁਕੇ ਹੋਏ ਹਨ। ਜਲਾਲਾਬਾਦ ਦੇ ਇਕ ਪੱਤਰਕਾਰ ਦਾ ਕਹਿਣਾ ਹੈ ਕਿ ਇੱਥੇ ਜੇ ਕੋਈ ਹੁਣ ਹਿੰਦੂ ਹੋਵੇਗਾ ਵੀ ਤਾਂ ਉਹ ਅਫਗਾਨੀ ਮੁਸਲਮਾਨ ਵਾਂਗ ਰਹਿ ਰਿਹਾ ਹੋਵੇਗਾ।