India Punjab

ਇਸ ਤਰੀਕ ਤੋਂ ਆਦਮਪੁਰ ਹਵਾਈ ਅੱਡੇ ਤੋਂ ਫਲਾਇਟਾਂ ਸ਼ੁਰੂ ! ਦੇਸ਼ ਦੇ 5 ਸ਼ਹਿਰਾਂ ਨੂੰ ਜੋੜੇਗੀ,ਇਕ ਸਿੱਖ ਧਾਰਮਿਕ ਅਸਥਾਨ ਵੀ ਸ਼ਾਮਲ !

ਬਿਉਰੋ ਰਿਪੋਰਟ : ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਆਮਦਮਪੁਰ ਹਵਾਈ ਅੱਡੇ ਦੇ ਨਵੇਂ ਟਰਮਿਨਲ ਦਾ ਉਦਘਾਟਨ ਹੋਇਆ ਸੀ ਹੁਣ ਇੱਥੋਂ 31 ਮਾਰਚ ਤੋਂ ਘਰੇਲੂ ਫਲਾਇਟਾਂ ਵੀ ਸ਼ੁਰੂ ਹੋਣ ਜਾ ਰਹੀਆਂ ਹਨ। ਕੇਂਦਰ ਸਰਕਾਰ ਦੇ ਸਟਾਫ ਵੱਲੋਂ ਉਡਾਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਸ਼ੁਰੂਆਤ ਵਿੱਚ ਆਦਮਪੁਰ ਹਵਾਈ ਅੱਡੇ ਤੋਂ 5 ਥਾਵਾਂ ਦੇ ਲਈ ਫਲਾਈਟ ਸ਼ੁਰੂ ਹੋਵੇਗੀ,ਜਿਸ ਵਿੱਚ ਹਿੰਡਨ,ਸ੍ਰੀ ਨਾਂਦੇੜ ਸਾਹਿਬ,ਗੋਆ,ਕੋਲਕਾਤਾ ਅਤੇ ਬੈਂਗਲੁਰੂ ਸ਼ਾਮਲ ਹੈ ।

ਦੱਸਿਆ ਜਾ ਰਿਹਾ ਹੈ ਕਿ ਪਹਿਲੀ ਫਲਾਇਟ ਬੈਂਗਲੁਰੂ ਤੋਂ ਰਵਾਨਾ ਹੋਵੇਗੀ ਅਤੇ 31 ਮਾਰਚ ਨੂੰ ਸਵੇਰ ਵੇਲੇ ਆਦਮਪੁਰ ਪਹੁੰਚੇਗੀ । ਫਿਰ ਸਵੇਰ 7:15 ‘ਤੇ ਇਹ ਫਲਾਈਟ ਬੈਗਲੁਰੂ ਤੋਂ ਨਾਂਦੇੜ ਵਾਇਆ ਦਿੱਲੀ ਅਤੇ ਫਿਰ ਆਦਮਪੁਰ ਲਈ ਉਡਾਣ ਭਰੇਗੀ । ਬੈਂਗਲੁਰੂ ਤੋਂ ਚੱਲਣ ਵਾਲੀ ਫਲਾਈਟ ਆਦਮਪੁਰ ਦੁਪਹਿਰ 12:15 PM ‘ਤੇ ਪਹੁੰਚੇਗੀ । ਇਸੇ ਤਰ੍ਹਾਂ ਆਦਮਪੁਰ ਤੋਂ 12:50 PM ਦੀ ਫਲਾਈਟ ਪਹਿਲਾਂ ਦਿੱਲੀ ਫਿਰ ਨਾਂਦੇੜ ਸਾਹਿਬ ਅਤੇ ਫਿਰ ਬੈਂਗਲੌੁਰੂ ਲਈ ਰਵਾਨਾ ਹੋਵੇਗੀ ।

ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਨੇ ਨਵੇਂ ਟਰਮਿਨਲ ਦੇ ਬਣਨ ਤੋਂ ਬਾਅਦ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਜਲਦ ਉਡਾਣਾਂ ਸ਼ੁਰੂ ਕਰਨ ਦੇ ਲਈ ਪੱਤਰ ਲਿਖਿਆ ਸੀ । ਆਦਮਪੁਰ ਦੇ ਹਵਾਈ ਅੱਡੇ ਨੂੰ 125 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਨਾਲ ਤਿਆਰ ਕੀਤਾ ਗਿਆ ਹੈ । ਇਸ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਨਾਲ ਦੋਆਬੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ । ਆਦਮਪੁਰ ਹਵਾਈ ਅੱਡੇ ਦਾ ਨਾਂ ਗੁਰੂ ਰਵੀਦਾਸ ਜੀ ਦੇ ਨਾਂ ਤੇ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ ।