ਅੰਮ੍ਰਿਤਸਰ : ਕੰਗਨਾ ਰਣੌਤ ਦੀ ਨਵੀਂ ਆ ਰਹੀ ਫ਼ਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਈ ਹੈ। ਫਿਲਮ ਐਮਰਜੈਂਸੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ ਜਤਾਇਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਹੁਣ ਜੀ-ਸਟੂਡੀਓ ਨੂੰ ਵਿਵਾਦਤ ਦ੍ਰਿਸ਼ਾਂ ਵਾਲੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਕਰਨ ਦਾ ਦੋਸ਼ ਲਾਉਂਦਿਆਂ ਕਾਨੂੰਨੀ ਨੋਟਿਸ ਭੇਜਿਆ ਹੈ। ਇੰਨਾ ਹੀ ਨਹੀਂ, ਪ੍ਰਸਾਰਣ ਮੰਤਰਾਲੇ ਅਤੇ ਸੈਂਸਰ ਬੋਰਡ ਨੂੰ ਪੱਤਰ ਲਿਖ ਕੇ ਸਕ੍ਰਿਪਟ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੈਂਸਰ ਬੋਰਡ ਨੂੰ ਲਿਖੇ ਗਏ ਪੱਤਰ ਵਿੱਚ ਲਿਖਿਆ ਕੀ ਸਭ ਤੋਂ ਪਹਿਲਾਂ ਫਿਲਮ ਸ਼੍ਰੋਮਣੀ ਕਮੇਟੀ ਨੂੰ ਘੋਖਲੀ ਦਿੱਤੀ ਜਾਵੇ ਅਤੇ ਇਤਰਾਜ਼ ਯੋਗ ਸੀਨ ਕੱਟ ਕੇ ਹੀ ਫਿਲਮ ਨੂੰ ਰਿਲੀਜ਼ ਕੀਤਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਟ੍ਰੇਲਰ ਦੇ ਵਿੱਚ ਦਿਖਾਈ ਗਈ ਵੀਡੀਓ ਨੂੰ ਲੈ ਕੇ ਸਟੂਡੀਓ ਨੂੰ ਵੀ ਕਾਨੂੰਨੀ ਨੋਟਿਸ ਭੇਜਿਆ ਹੈ।
ਕੰਗਨਾ ਰਣੌਤ ਦੀ ‘ਐਮਰਜੰਸੀ’ ਫ਼ਿਲਮ ਵਿਰੁੱਧ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ
SGPC action against Kangana Ranaut’s ‘Emergency’ film pic.twitter.com/JAbeBqpIPp— Shiromani Gurdwara Parbandhak Committee (@SGPCAmritsar) August 23, 2024
ਦੱਸ ਦੇਈਏ ਕਿ ਹਾਲ ਹੀ ‘ਚ ਕੰਗਨਾ ਰਣੌਤ ਨੇ ਆਪਣੀ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਕੀਤਾ ਹੈ। ਇਹ ਫ਼ਿਲਮ 6 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ‘ਚ ਕੰਗਨਾ ਰਣੌਤ ਖੁਦ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਟਰੇਲਰ ‘ਚ ਸਪੱਸ਼ਟ ਹੁੰਦਾ ਹੈ ਕਿ ਫ਼ਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਗਾਈ ਗਈ ‘ਐਮਰਜੈਂਸੀ’ ‘ਤੇ ਆਧਾਰਿਤ ਹੈ। ਟਰੇਲਰ ‘ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੀ ਦਿਖਾਇਆ ਗਿਆ ਹੈ।
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਿੰਸੀਪਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫਿਲਮ ਅਦਾਕਾਰਾ ਕੰਗਨਾ ਰਣੌਤ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ। ਪ੍ਰੈਸ ਬਿਆਨ ਜਾਰੀ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਸੀ ਕਿ ਕੰਗਨਾ ਰਣੌਤ ਅਕਸਰ ਜਾਣਬੁੱਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੀਆਂ ਗੱਲਾਂ ਕਹਿ ਚੁੱਕੀ ਹੈ। ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਸਰਕਾਰ ਉਨ੍ਹਾਂ ਨੂੰ ਬਚਾ ਰਹੀ ਹੈ। ਸਰਕਾਰ ਨੂੰ ਫਿਲਮ ਐਮਰਜੈਂਸੀ ਰਾਹੀਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਕੰਗਨਾ ਰਣੌਤ ਖਿਲਾਫ ਕੇਸ ਦਰਜ ਕਰਨਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਇਸ ਫ਼ਿਲਮ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ |