‘ਦ ਖ਼ਾਲਸ ਬਿਊਰੋ : ਨਸ਼ਾ ਤਸਕਰਾਂ ( drug smuggler ) ਵਿਰੁੱਧ ਵਿੱਢੀ ਮੁਹਿੰਮ ਕਾਰਨ ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ( narcotics control bureau Chandigarh )ਦੀ ਟੀਮ ਨੇ ਪੰਜਾਬ ’ਚ ਨਸ਼ਾ ਤਸਕਰ ਅਕਸ਼ੈ ਛਾਬੜਾ ਦੀ ਕੰਪਨੀ ’ਤੇ ਵੱਡੀ ਕਾਰਵਾਈ ਕਰਦਿਆਂ ਅੱਜ ਸ਼ਰਾਬ ਠੇਕਾ ਕੰਪਨੀ ਏਐੱਸ ਐਂਡ ਕੰਪਨੀ ਦੇ ਸੂਬੇ ’ਚ ਵੱਖ ਵੱਖ ਥਾਈਂ ਸਥਿਤ 80 ਠੇਕੇ ਸੀਲ ਕਰਵਾ ਦਿੱਤੇ ਹਨ। ਸੂਤਰਾਂ ਅਨੁਸਾਰ ਅਕਸ਼ੈ ਛਾਬੜਾ ਦੀ ਇਸ ਕੰਪਨੀ ਵਿੱਚ ਹੈਰੋਇਨ ਤਸਕਰੀ ਦੇ ਮਾਮਲੇ ’ਚ ਐੱਨਸੀਬੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸ਼ਰਾਬ ਠੇਕੇਦਾਰ ਦੀ 25 ਫੀਸਦ ਤੋਂ ਵੱਧ ਦੀ ਹਿੱਸੇਦਾਰੀ ਸੀ।
ਦੱਸਿਆ ਜਾ ਰਿਹਾ ਹੈ ਕਿ ਅਕਸ਼ੇ ਛਾਬੜਾ ਨਸ਼ਾ ਤਸਕਰੀ ਤੋਂ ਕਮਾਏ ਪੈਸੇ ਨੂੰ ਸ਼ਰਾਬ ਦੇ ਕਾਰੋਬਾਰ ‘ਚ ਲਗਾ ਰਿਹਾ ਸੀ। ਅੱਜ ਤੜਕੇ ਚੰਡੀਗੜ੍ਹ ਤੋਂ ਲੁਧਿਆਣਾ ਪੁੱਜੀ ਐਨਸੀਬੀ ਟੀਮ ਨੇ ਇਸ ਗਰੁੱਪ ਦੇ ਠੇਕੇ ਸੀਲ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਐੱਨਸੀਬੀ ਵੱਲੋਂ 15 ਨਵੰਬਰ ਨੂੰ ਲੁਧਿਆਣਾ ਦੇ ਦੁੱਗਰੀ ਫਲਾਈਓਵਰ ਤੋਂ ਸੰਦੀਪ ਸਿੰਘ ਉਰਫ਼ ਦੀਪੂ ਨਾਂ ਦੇ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦੇ ਕਬਜ਼ੇ ’ਚੋਂ 20 ਕਿੱਲੋ ਤੋਂ ਜ਼ਿਆਦਾ ਹੈਰੋਇਨ ਬਰਾਮਦ ਹੋਈ ਸੀ। ਪੁੱਛ-ਪੜਤਾਲ ਦੌਰਾਨ ਸੰਦੀਪ ਸਿੰਘ ਨੇ ਦੱਸਿਆ ਸੀ ਕਿ ਉਹ ਸ਼ਰਾਬ ਠੇਕੇਦਾਰ ਦੇ ਲੜਕੇ ਅਕਸ਼ੈ ਛਾਬੜਾ ਦਾ ਡਰਾਈਵਰ ਹੈ ਤੇ ਇਹ ਸਾਰਾ ਸਾਮਾਨ ਵੀ ਅਕਸ਼ੈ ਦਾ ਹੀ ਹੈ।
ਜਾਂਚ ਦੌਰਾਨ ਐੱਨਸੀਬੀ ਨੂੰ ਸੂਹ ਮਿਲੀ ਕਿ ਮੁਲਜ਼ਮ ਜੈਪੁਰ ਕੌਮਾਂਤਰੀ ਹਵਾਈ ਅੱਡੇ ਤੋਂ ਫ਼ਰਾਰ ਹੋਣ ਦੀ ਤਿਆਰੀ ਵਿੱਚ ਹੈ। ਇਸ ਮਗਰੋਂ ਐੱਨਸੀਬੀ ਦੀ ਟੀਮ ਨੇ ਤੁਰੰਤ ਅਕਸ਼ੈ ਛਾਬੜਾ ਨੂੰ ਗ੍ਰਿਫ਼ਤਾਰ ਕਰ ਲਿਆ। ਸੂਤਰਾਂ ਅਨੁਸਾਰ ਐੱਨਸੀਬੀ ਦੀ ਟੀਮ ਨੇ ਮੁਲਜ਼ਮ ਕੋਲੋਂ ਨਸ਼ੀਲੇ ਪਾਊਡਰ ਸਣੇ ਵਿਦੇਸ਼ੀ ਡਰੱਗ ਤੇ ਹੋਰ ਪਾਬੰਦੀਸ਼ੁਦਾ ਸਾਮਾਨ ਵੀ ਬਰਾਮਦ ਕੀਤਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅਕਸ਼ੈ ਛਾਬੜਾ ਦੀ ਇੰਟਰਨੈਸ਼ਨਲ ਡਰੱਗ ਤਸਕਰਾਂ ਨਾਲ ਗੂੜੀ ਸਾਂਝ ਹੈ ਤੇ ਵਿਦੇਸ਼ ਜਾ ਕੇ ਉਸ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਵੱਡੀ ਗਿਣਤੀ ਵਿੱਚ ਹੈਰੋਇਨ ਭੇਜਣੀ ਸੀ।
ਐੱਨਸੀਬੀ ਵੱਲੋਂ ਜਿਸ ਕੰਪਨੀ ਦੇ ਠੇਕੇ ਸੀਲ ਕਰਵਾਏ ਗਏ ਹਨ, ਉਸ ਵਿੱਚ ਅਕਸ਼ੈ ਛਾਬੜਾ ਸਣੇ ਕਈ ਹਿੱਸੇਦਾਰ ਸ਼ਾਮਲ ਹਨ, ਜਿਨ੍ਹਾਂ ਵਿੱਚ ਸ਼ਹਿਰ ਦੇ ਕਈ ਰਸੂਕਦਾਰ ਵੀ ਸ਼ਾਮਲ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਠੇਕੇਦਾਰਾਂ ਦੀ ਕਈ ਸਿਆਸੀ ਆਗੂਆਂ ਨਾਲ ਵੀ ਚੰਗੇ ਸੰਪਰਕ ਹਨ।