ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਮੁਲਜ਼ਮ ਸਚਿਨ ਬਿਸ਼ਨੋਈ ਉਰਫ਼ ਸਚਿਨ ਥਾਪਨ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਜ਼ਰਬਾਈਜਾਨ ਦੇ ਬਾਕੂ ਤੋਂ ਭਾਰਤ ਲਿਆਂਦਾ ਹੈ। ਦਿੱਲੀ ਪੁਲਿਸ ਦੀ ਟੀਮ ਅੱਜ ਸਚਿਨ ਬਿਸ਼ਨੋਈ ਨੂੰ ਲੈ ਕੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ ਹੈ।
ਦਿੱਲੀ ਪੁਲਿਸ ਵੱਲੋਂ ਸਚਿਨ ਬਿਸ਼ਨੋਈ ਨੂੰ ਵਿਦੇਸ਼ ਤੋਂ ਗ੍ਰਿਫਤਾਰ ਕਰਕੇ ਲਿਆਉਣ ਤੋਂ ਬਾਅਦ ਹੁਣ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਮਾਪਿਆਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਪੰਜਾਬ ਲਿਆ ਕੇ ਪੁੱਛ ਪੜਤਾਲ ਕਰਨੀ ਚਾਹੀਦੀ ਹੈ ਤਾਂ ਜੋ ਗਾਇਕ ਨੂੰ ਕ਼ਤਲ ਕਰਨ ਦੀ ਸਾਰੀ ਅਸਲੀਅਤ ਸਾਹਮਣੇ ਆ ਸਕੇ। ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਤਾਇਆਂ ਚਮਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਸ ਦੇ ਜਾਅਲੀ ਪਾਸਪੋਰਟ ਬਣਾਉਣ ਵਿੱਚ ਹੋਰ ਜਿਹੜੇ ਅਧਿਕਾਰੀਆਂ ਦੀ ਭੂਮਿਕਾ ਸਾਹਮਣੇ ਆਉਂਦੀ ਹੈ, ਉਨ੍ਹਾਂ ਨੂੰ ਕਾਨੂੰਨੀ ਦਾਇਰੇ ਵਿਚ ਲਿਆਉਣਾ ਚਾਹੀਦਾ ਹੈ।
ਸਿੱਧੂ ਮੂਸੇਵਾਲਾ ਦੇ ਕ਼ਤਲ ਦੀ ਚਾਰਜਸ਼ੀਟ ਵਿੱਚ ਸਚਿਨ ਬਿਸ਼ਨੋਈ ਦਾ ਨਾਮ ਹੈ ਪਰ ਉਸ ਦਾ ਅਦਾਲਤ ਵਿੱਚ ਚਲਾਨ ਉਸ ਦੇ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਹੀ ਪੇਸ਼ ਕੀਤਾ ਜਾਵੇਗਾ। ਇਸੇ ਦੌਰਾਨ ਹੀ ਉੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਚਿਨ ਬਿਸ਼ਨੋਈ ਨੂੰ ਵਿਦੇਸ਼ ਤੋਂ ਲਿਆਉਣ ਦੀ ਮੰਗ ਸਭ ਤੋਂ ਪਹਿਲਾਂ ਕੀਤੀ ਹੀ ਮਾਨਸਾ ਪੁਲਿਸ ਨੇ ਸੀ, ਕਿਉਂਕਿ ਮੂਸੇਵਾਲਾ ਨੂੰ ਮਾਰਨ ਦੀ ਜ਼ਿੰਮੇਵਾਰੀ ਵੀ ਸਚਿਨ ਬਿਸ਼ਨੋਈ ਨੇ ਲਈ ਸੀ। ਪੁਲਿਸ ਨੇ ਇਸ ਮਾਮਲੇ ਵਿਚ ਦਸਤਾਵੇਜ਼ ਤਿਆਰ ਕਰਨੇ ਆਰੰਭ ਕਰ ਦਿੱਤੇ ਹਨ ਅਤੇ ਛੇਤੀ ਉਸ ਨੂੰ ਮਾਨਸਾ ਲਿਆਕੇ ਪੁੱਛ ਪੜਤਾਲ ਕੀਤੀ ਜਾਵੇਗੀ।
ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਸਚਿਨ ਬਿਸ਼ਨੋਈ ਦਾ ਵੀ ਹੱਥ ਹੈ। ਹੁਣ ਪੰਜਾਬ ਪੁਲਿਸ ਉਸ ਨੂੰ ਪੰਜਾਬ ਲਿਆ ਸਕਦੀ ਹੈ। ਸਚਿਨ ਬਿਸ਼ਨੋਈ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਤੀਜਾ ਹੈ। ਸਚਿਨ ਬਿਸ਼ਨੋਈ ਭਾਰਤ ਵਿੱਚ ਰਹਿੰਦਿਆਂ ਕਈ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਸੀ। ਉਸ ਨੇ ਸਿੱਧੂ ਮੂਸੇਵਾਲਾ ਨੂੰ ਕਤਲ ਕਰਵਾਉਣ ਦੀ ਯੋਜਨਾ ਬਣਾਈ ਸੀ। ਉਹ ਦਿੱਲੀ ਤੋਂ ਫ਼ਰਜ਼ੀ ਪਾਸਪੋਰਟ ਬਣਵਾ ਕੇ ਅਜ਼ਰਬਾਈਜਾਨ ਭੱਜ ਗਿਆ ਸੀ।